ਕੈਨੇਡਾ ਵਿਚ ਪੰਜਾਬੀ ਨੌਜਵਾਨ ਨਾਲ ਵਰਤਿਆ ਭਾਣਾ
ਕੈਨੇਡਾ ਵਿਚ ਅਣਹੋਣੀ ਦੀ ਹਨੇਰੀ ਐਨੀ ਤੇਜ਼ ਵਗੀ ਕਿ ਦੋ ਪੰਜਾਬੀ ਪਰਵਾਰਾਂ ਦੇ ਦੀਵੇ ਸਦਾ ਲਈ ਬੁਝ ਗਏ ਜਦਕਿ ਅਮਰੀਕਾ ਵਿਚ ਇਕ ਭਾਰਤੀ ਪਰਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ।

ਵੈਨਕੂਵਰ : ਕੈਨੇਡਾ ਵਿਚ ਅਣਹੋਣੀ ਦੀ ਹਨੇਰੀ ਐਨੀ ਤੇਜ਼ ਵਗੀ ਕਿ ਦੋ ਪੰਜਾਬੀ ਪਰਵਾਰਾਂ ਦੇ ਦੀਵੇ ਸਦਾ ਲਈ ਬੁਝ ਗਏ ਜਦਕਿ ਅਮਰੀਕਾ ਵਿਚ ਇਕ ਭਾਰਤੀ ਪਰਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਬੀ.ਸੀ. ਦੇ ਕਰੈਨਬਰੂਕ ਸ਼ਹਿਰ ਨਾਲ ਸਬੰਧਤ ਅਰਸ਼ਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਜਸ਼ਨਪ੍ਰੀਤ ਸਿੰਘ ਅਚਨਚੇਤ ਅਕਾਲ ਚਲਾਣਾ ਕਰ ਗਿਆ ਜਿਸ ਦੀ ਦੇਹ ਪੰਜਾਬ ਭੇਜਣ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ। ਜਸ਼ਨਪ੍ਰੀਤ ਸਿੰਘ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜਾ ਅਤੇ ਖੁਸ਼ਹਾਲ ਜ਼ਿੰਦਗੀ ਦੇ ਸੁਪਨੇ ਪੂਰੇ ਕਰਨ ਵਿਚ ਰੁੱਝ ਗਿਆ ਪਰ ਹਾਲਾਤ ਕਦੋਂ ਬਦਲ ਗਏ ਕਿਸੇ ਨੂੰ ਪਤਾ ਹੀ ਨਾ ਲੱਗਾ। ਜਸ਼ਨਪ੍ਰੀਤ ਦੇ ਮਾਪੇ ਆਖਰੀ ਵਾਰ ਉਸ ਦਾ ਚਿਹਰਾ ਦੇਖਣਾ ਚਾਹੁੰਦੇ ਹਨ ਜਿਸ ਦੇ ਮੱਦੇਨਜ਼ਰ ਭਾਈਚਾਰੇ ਨੂੰ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ।
ਬੀ.ਸੀ. ਵਿਚ ਜਸ਼ਨਪ੍ਰੀਤ ਸਿੰਘ ਨੇ ਦਮ ਤੋੜਿਆ
ਇਥੇ ਦਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਮਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਬੀੜ ਅਹਿਮਦਾਬਾਦ ਨਾਲ ਸਬੰਧਤ ਹਰਮਨਜੋਤ ਸਿੰਘ ਗਰੇਵਾਲ ਨੇ ਕੈਨੇਡਾ ਦੀ ਸਖ਼ਤ ਜ਼ਿੰਦਗੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਹਰਮਨਜੋਤ ਸਿੰਘ ਢਾਈ ਸਾਲ ਦਾ ਸੀ ਜਦੋਂ ਉਸ ਦੇ ਮਾਪੇ ਦੁਨੀਆਂ ਛੱਡ ਗਏ। ਨਾਨਕੇ ਪਰਵਾਰ ਨੇ ਉਸ ਦੇ ਬਿਹਤਰ ਭਵਿੱਖ ਲਈ ਕੈਨੇਡਾ ਭੇਜਿਆ ਪਰ ਪੜ੍ਹਾਈ ਦਾ ਬੋਝ ਅਤੇ ਪੱਕੇ ਹੋਣ ਦੀਆਂ ਚਿੰਤਾਵਾਂ ਨੇ ਉਸ ਨੂੰ ਪੈਰਾਂ ਸਿਰ ਖੜ੍ਹੇ ਹੋਣ ਦਾ ਮੌਕਾ ਹੀ ਨਾ ਦਿਤਾ। ਉਧਰ ਅਮਰੀਕਾ ਦੇ ਓਹਾਇਓ ਸੂਬੇ ਵਿਚ ਮਾਰਨ ਪਰਵਾਰ ਦਾ ਮੁਖੀ ਪੰਜ ਦਿਨ ਹਸਪਤਾਲ ਦਾਖਲ ਰਹਿਣ ਮਗਰੋਂ ਦਮ ਤੋੜ ਗਿਆ। ਪਰਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਰਾਜਾ ਰਾਜਨ ਨੇ ਦੱਸਿਆ ਕਿ ਹਸਪਤਾਲ ਦਾ ਬਿਲ ਬਕਾਇਆ ਖੜ੍ਹਾ ਹੈ ਅਤੇ ਅੰਤਮ ਸਸਕਾਰ ’ਤੇ ਵੀ ਹਜ਼ਾਰਾਂ ਡਾਲਰ ਖਰਚ ਹੋਣਗੇ।
ਅਮਰੀਕਾ ਵਿਚ ਭਾਰਤੀ ਪਰਵਾਰ ਹੋਇਆ ਕੱਖੋਂ ਹੌਲਾ
ਮਾਰਨ ਦੀ ਪਤਨੀ ਇਸ ਮੁਸ਼ਕਲ ਸਮੇਂ ਦੌਰਾਨ ਲਾਚਾਰ ਹੈ ਜਿਸ ਦਾ 6 ਸਾਲ ਦਾ ਬੇਟਾ ਵਿਸ਼ੇਸ਼ ਜ਼ਰੂਰਤਾਂ ਵਾਲਾ ਬੱਚਾ ਹੈ ਜਦਕਿ ਪੌਣੇ ਦੋ ਸਾਲ ਦੇ ਬੱਚੇ ਦੀ ਜ਼ਿੰਮੇਵਾਰੀ ਵੀ ਉਸ ਦੇ ਮੋਢਿਆਂ ’ਤੇ ਆ ਗਈ ਹੈ। ਬੇਗਾਨੇ ਮੁਲਕ ਵਿਚ ਪਰਵਾਰ ਦੇ ਬਹੁਤੇ ਜਾਣਕਾਰ ਵੀ ਮੌਜੂਦ ਨਹੀਂ ਅਤੇ ਵੱਡੇ ਵੱਡੇ ਖਰਚੇ ਪੂਰੇ ਕਰਨੇ ਬਿਲਕੁਲ ਵੀ ਸੰਭਵ ਨਹੀਂ ਜਾਪਦੇ। ਮਾਰਨ ਦੇ ਚਲੇ ਜਾਣ ਮਗਰੋਂ ਪਰਵਾਰ ਦਾ ਇੰਮੀਗ੍ਰੇਸ਼ਨ ਸਟੇਟਸ ਵੀ ਖਤਮ ਹੋ ਚੁੱਕਾ ਹੈ ਅਤੇ ਭਾਰਤ ਵਾਪਸੀ ਕਰਨ ਵਾਸਤੇ ਆਰਥਿਕ ਸਹਾਇਤਾ ਲੋੜੀਂਦੀ ਹੋਵੇਗੀ।