ਕੈਨੇਡਾ ਵਿਚ ਪੰਜਾਬੀ ਨੌਜਵਾਨ ਗ੍ਰਿਫ਼ਤਾਰ
ਕੈਨੇਡਾ ਵਿਚ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕਰਦਿਆਂ ਸੈਕਸ਼ੁਅਲ ਅਸਾਲਟ ਦੇ ਦੋਸ਼ ਆਇਦ ਕੀਤੇ ਗਏ ਹਨ।

ਟੋਰਾਂਟੋ : ਕੈਨੇਡਾ ਵਿਚ ਪੰਜਾਬੀ ਨੌਜਵਾਨ ਨੂੰ ਗ੍ਰਿਫ਼ਤਾਰ ਕਰਦਿਆਂ ਸੈਕਸ਼ੁਅਲ ਅਸਾਲਟ ਦੇ ਦੋਸ਼ ਆਇਦ ਕੀਤੇ ਗਏ ਹਨ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਵੌਅਨ ਮਿਲਜ਼ ਸ਼ੌਪਿੰਗ ਮਾਲ ਵਿਚ ਵਾਪਰੀ ਕਥਿਤ ਘਟਨਾ ਦੀ ਪੜਤਾਲ ਦੌਰਾਨ ਸ਼ੱਕੀ ਦੀ ਪਛਾਣ ਟੋਰਾਂਟੋ ਦੇ 28 ਸਾਲਾ ਜੈਰਤਨ ਸਿੰਘ ਵਜੋਂ ਕੀਤੀ ਗਈ। ਪੁਲਿਸ ਮੁਤਾਬਕ ਇਹ ਘਟਨਾ 11 ਅਪ੍ਰੈਲ ਨੂੰ ਵਾਪਰੀ ਪਰ ਪੀੜਤ ਤਿੰਨ ਦਿਨ ਬਾਅਦ ਸਾਹਮਣੇ ਆਈ ਅਤੇ ਜਾਂਚਕਰਤਾਵਾਂ ਨੇ ਕਾਰਵਾਈ ਆਰੰਭ ਦਿਤੀ। ਪੀੜਤ ਵੱਲੋਂ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਮੁਤਾਬਕ ਸ਼ੱਕੀ ਉਸ ਕੋਲ ਆਇਆ ਅਤੇ ਗੈਰਵਾਜਬ ਤਰੀਕੇ ਨਾਲ ਛੋਹਿਆ।
ਜੈਰਤਨ ਸਿੰਘ ਵਿਰੁੱਧ ਲੱਗੇ ਸੈਕਸ਼ੁਅਲ ਅਸਾਲਟ ਦੇ ਦੋਸ਼
ਇਸ ਮਗਰੋਂ ਸ਼ੱਕੀ ਨੇ ਸ਼ੌਪਿੰਗ ਕਰਵਾਉਣ ਦੀ ਪੇਸ਼ਕਸ਼ ਕੀਤੀ ਪਰ ਨਾਲ ਹੀ ਇਕ ਸ਼ਰਤ ਵੀ ਰੱਖ ਦਿਤੀ। ਜੈਰਤਨ ਸਿੰਘ ਵਿਰੁੱਧ ਸੈਕਸ਼ੁਅਲ ਅਸਾਲਟ ਸਣੇ ਕਈ ਦੋਸ਼ ਆਇਦ ਕੀਤੇ ਗਏ ਹਨ ਜਿਨ੍ਹਾਂ ਨੂੰ ਅਦਾਲਤ ਵਿਚ ਸਾਬਤ ਨਹੀਂ ਕੀਤਾ ਗਿਆ। ਯਾਰਕ ਰੀਜਨਲ ਪੁਲਿਸ ਨੇ ਕਿਹਾ ਕਿ ਜੈਰਤਨ ਸਿੰਘ ਦੀ ਤਸਵੀਰ ਜਨਤਕ ਕਰਨ ਦਾ ਫੈਸਲਾ ਲਿਆ ਗਿਆ ਕਿਉਂਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਅਤੇ ਗਵਾਹਾਂ ਨੂੰ ਵੀ ਅੱਗੇ ਆਉਣ ਵਿਚ ਮਦਦ ਮਿਲੇਗੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਸਪੈਸ਼ਲ ਵਿਕਟਿਮਜ਼ ਯੂਨਿਟ ਨਾਲ 1866 876 5423 ਐਕਸਟੈਨਸ਼ਨ 7071 ’ਤੇ ਸੰਪਰਕ ਕੀਤਾ ਜਾਵੇ।