ਪੰਜਾਬਣਾਂ ਨੇ white women ਨੂੰ ਸਿਖਾਏ dollars ਕਮਾਉਣੇ
ਕੈਨੇਡਾ ਵਿਚ ਡਾਲਰ ਕਮਾਉਣੇ ਸੌਖੇ ਨਹੀਂ ਪਰ ਪੰਜਾਬਣਾਂ ਦੇ ਇਕ ਗਰੁੱਪ ਨੇ ਸਾਬਤ ਕਰ ਦਿਤਾ ਹੈ ਕਿ ਸਿਰੜ ਅੱਗੇ ਅਸਮਾਨ ਵੀ ਝੁਕ ਜਾਂਦਾ ਹੈ

By : Upjit Singh
ਮੌਂਟਰੀਅਲ : ਕੈਨੇਡਾ ਵਿਚ ਡਾਲਰ ਕਮਾਉਣੇ ਸੌਖੇ ਨਹੀਂ ਪਰ ਪੰਜਾਬਣਾਂ ਦੇ ਇਕ ਗਰੁੱਪ ਨੇ ਸਾਬਤ ਕਰ ਦਿਤਾ ਹੈ ਕਿ ਸਿਰੜ ਅੱਗੇ ਅਸਮਾਨ ਵੀ ਝੁਕ ਜਾਂਦਾ ਹੈ ਅਤੇ ਕਮਾਈ ਦੇ ਨਾਲ-ਨਾਲ ਕੈਨੇਡਾ ਵਿਚ ਨਵੀਆਂ ਆਈਆਂ ਔਰਤਾਂ ਦੀ ਮਦਦ ਵੀ ਕੀਤੀ ਜਾ ਸਕਦੀ ਹੈ। ਮੌਂਟਰੀਅਲ ਦੇ ਪਾਰਕ ਐਕਸਟੈਨਸ਼ਨ ਇਲਾਕੇ ਦੇ ਕਮਿਊਨਿਟੀ ਸੈਂਟਰ ਦਾ ਨਾਂ ਵੀ ਬਿਲਕੁਲ ਵਿਲੱਖਣ ਰੱਖਿਆ ਗਿਆ ਹੈ ਜਿਥੇ ਡਾਲਰ ਕਮਾਉਣ ਦਾ ਤਰੀਕਾ ਸਿਖਾਇਆ ਜਾ ਰਿਹਾ ਹੈ। ਜੀ ਹਾਂ, ਬ੍ਰਿਕ ਪਰ ਬ੍ਰਿਕ ਯਾਨੀ ਇੱਟ ਉਤੇ ਇੱਟ ਲਾਉਂਦਿਆਂ ਭਾਈਚਾਰਕ ਸਾਂਝ ਦੀ ਕੰਧ ਮਜ਼ਬੂਤ ਅਤੇ ਉਚੀ ਕੀਤੀ ਜਾ ਰਹੀ ਹੈ। ਕਮਿਊਨਿਟੀ ਕੋਆਰਡੀਨੇਟਰ ਹਰਜਿੰਦਰ ਕੌਰ ਨੇ ਦੱਸਿਆ ਕਿ ਇਹ ਸਿਰਫ਼ ਘੱਟ ਖਰਚੇ ਵਾਲਾ ਰਾਹ ਹੀ ਨਹੀਂ ਸਗੋਂ ਉਨ੍ਹਾਂ ਲੋਕਾਂ ਵਾਸਤੇ ਕਮਾਈ ਦਾ ਚੰਗਾ ਸਾਧਨ ਵੀ ਹੈ ਜੋ ਵੰਨ ਸੁਵੰਨੇ ਤਰੀਕੇ ਅਖਤਿਆਰ ਕਰਨ ਦੇ ਸ਼ੌਕੀਨ ਹਨ।
ਕੈਨੇਡਾ ’ਚ ਕਮਾਈ ਦਾ ਨਵਾਂ ਤਰੀਕਾ
ਇਸੇ ਦੌਰਾਨ ਪ੍ਰੌਜੈਕਟ ਕੋਆਰਡੀਨੇਟਰ ਅਰਮਾਨ ਫਾਰੂਕੀ ਨੇ ਦੱਸਿਆ ਕਿ ਕੱਪੜੇ ਸਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਜ਼ਿਆਦਾ ਅਦਾਇਗੀ ਨਹੀਂ ਕਰਨੀ ਪੈਂਦੀ ਅਤੇ ਖਰਚਾ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਕਿੰਨਾ ਸਮਾਂ ਅਤੇ ਮੈਟੀਰੀਅਲ ਲਗਦਾ ਹੈ। ਇਹ ਪੈਸਾ ਸਿੱਧੇ ਤੌਰ ’ਤੇ ਇਥੇ ਕੰਮ ਕਰਦੀਆਂ ਔਰਤਾਂ ਨੂੰ ਦਿਤਾ ਜਾਂਦਾ ਹੈ ਅਤੇ ਸਾਰੇ ਜਣੇ ਖੁਸ਼ ਹਨ ਕਿ ਕਮਾਈ ਦਾ ਬਿਹਤਰੀਨ ਰਾਹ ਬਣ ਚੁੱਕਾ ਹੈ ਜਿਥੇ ਹਰ ਔਰਤ ਪੂਰੇ ਮਾਣ-ਸਤਿਕਾਰ ਨਾਲ ਬਣਦਾ ਹੱਕ ਮਿਲਦਾ ਹੈ। ਹਰਜਿੰਦਰ ਕੌਰ ਵੱਲੋਂ ਹੋਰਨਾਂ ਨੂੰ ਪ੍ਰੇਰਿਤ ਕਰਨ ਖ਼ਾਤਰ ਆਪਣੇ ਨਿਜੀ ਤਜਰਬੇ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਅਤੇ ਰੁਜ਼ਗਾਰ ਦੀਆਂ ਚਿੰਤਾਵਾਂ ਦਰਮਿਆਨ ਉਮੀਦ ਦੀ ਨਵੀਂ ਕਿਰਨ ਦੇਖੀ ਜਾ ਸਕਦੀ ਹੈ। ਇੰਡੀਆ ਵਿਚ ਟੀਚਰ ਵਜੋਂ ਕੰਮ ਕਰ ਰਹੀ ਹਰਜਿੰਦਰ ਕੌਰ ਲੰਮਾ ਸਮਾਂ ਪਹਿਲਾਂ ਕੈਨੇਡਾ ਪੁੱਜੀ ਅਤੇ ਬ੍ਰਿਕ ਪਰ ਬ੍ਰਿਕ ਬਾਰੇ ਪਤਾ ਲੱਗਣ ’ਤੇ ਸਰਗਰਮ ਮੈਂਬਰ ਵਜੋਂ ਸ਼ਾਮਲ ਹੋਣ ਦਾ ਫੈਸਲਾ ਲਿਆ। ਕਈ ਮਹੀਨੇ ਦੀਆਂ ਸਰਗਰਮੀਆਂ ਅਤੇ ਵਾਲੰਟੀਅਰਸ਼ਿਪ ਮਗਰੋਂ ਹਰਜਿੰਦਰ ਕੌਰ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ ਗਈ। ਹਰਜਿੰਦਰ ਕੌਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਅਤੇ ਹੁਣ ਉਹ ਹੋਰਨਾਂ ਨੂੰ ਕੈਨੇਡਾ ਵਿਚ ਸੈਟਲ ਹੋਣ ਦਾ ਸੁਚੱਜਾ ਤਰੀਕਾ ਸਿਖਾਉਂਦੇ ਹਨ।
ਨਵੀਆਂ ਬੀਬੀਆਂ ਨੂੰ ਵੀ ਮਿਲ ਰਹੀ ਮਦਦ
ਉਧਰ ਅਰਮਾਨ ਫਾਰੂਕੀ ਦਾ ਕਹਿਣਾ ਸੀ ਕਿ ਪ੍ਰਵਾਸੀਆਂ ਅਤੇ ਰਫ਼ਿਊਜੀਆਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਂਦਿਆਂ ਫ਼ੈਸ਼ਨ ਨੂੰ ਵਧੇਰੇ ਸਸਤਾ ਵੀ ਬਣਾਇਆ ਜਾ ਰਿਹਾ ਹੈ। ਅਲਟ੍ਰੇਸ਼ਨ ਅਤੇ ਅਪਸਾਇਕÇਲੰਗ ਤੋਂ ਇਲਾਵਾ ਨਵੇਂ ਕੱਪੜਿਆਂ ਦੀ ਸਟਿਚਿੰਗ ਵੀ ਕੀਤੀ ਜਾ ਰਹੀ ਹੈ। ਅਕਸਰ ਹੀ ਬ੍ਰਿਕ ਪਰ ਬ੍ਰਿਕ ਵਿਖੇ ਆਉਣ ਵਾਲੀ ਯੂਜੀਨੀਆ ਲੈਵਿਟ ਨੇ ਦੱਸਿਆ ਕਿ ਉਹ ਆਪਣੇ ਪੁਰਾਣੇ ਕੱਪੜੇ ਸੁੱਟਣ ਦੀ ਬਜਾਏ ਇਥੇ ਲੈ ਆਉਂਦੀ ਹੈ ਅਤੇ ਇਥੇ ਕੰਮ ਕਰਨ ਵਾਲੀਆਂ ਬੀਬੀਆਂ ਉਨ੍ਹਾਂ ਨੂੰ ਬਿਲਕੁਲ ਨਵਾਂ ਰੂਪ ਦੇ ਦਿੰਦੀਆਂ ਹਨ। ਕਮਿਊਨਿਟੀ ਦੇ ਲੋਕਾਂ ਨੂੰ ਜਿਉਂ ਜਿਉਂ ਇਸ ਉਦਮ ਬਾਰੇ ਪਤਾ ਲੱਗ ਰਿਹਾ ਹੈ, ਉਹ ਵੱਡੀ ਗਿਣਤੀ ਵਿਚ ਕੱਪੜੇ ਅਤੇ ਆਰਥਿਕ ਮਦਦ ਪਹੁੰਚਾ ਰਹੇ ਹਨ। ਹਰਜਿੰਦਰ ਕੌਰ ਅਤੇ ਅਰਮਾਨ ਫਾਰੂਕੀ ਨੂੰ ਪੂਰੀ ਉਮੀਦ ਹੈ ਕਿ ਉਹ ਆਪਣੀ ਇਸ ਮੁਹਿੰਮ ਨੂੰ ਹੋਰ ਅੱਗੇ ਲਿਜਾਣ ਵਿਚ ਸਫ਼ਲ ਹੋਣਗੇ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ-ਅਮੈਰਿਕਾ ਵਿਚ ਸਾਊਥ ਏਸ਼ੀਅਨ ਔਰਤਾਂ ਨੂੰ ਆਪਣੇ ਮਨ ਮੁਤਾਬਕ ਕੰਮ ਲੱਭਣ ਵਿਚ ਦਿੱਕਤਾਂ ਆਉਂਦੀਆਂ ਹਨ ਪਰ ਇੱਟ ਉਤੇ ਇੱਟ ਵਰਗੇ ਉਪਰਾਲੇ ਕਮਾਈ ਦਾ ਪੁਖਤਾ ਸਰੋਤ ਬਣਨ ਤੋਂ ਇਲਾਵਾ ਮਾਨਸਿਕ ਖੁਸ਼ੀ ਦਾ ਕਾਰਨ ਵੀ ਬਣਦੇ ਹਨ।


