ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰਾਂ ’ਤੇ ਲੱਗੇ ਘਪਲੇ ਦੇ ਦੋਸ਼
ਕੈਨੇਡਾ ਦੇ ਬੀ.ਸੀ. ਵਿਚ ਟਰੱਕ ਡਰਾਈਵਰਾਂ ਦੀ ਯੂਨੀਅਨ ਵੱਲੋਂ ਲੈਂਗਲੀ-ਐਬਸਫੋਰਡ ਤੋਂ ਵਿਧਾਇਕ ਹਰਮਨ ਭੰਗੂ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਜਾ ਰਿਹਾ ਹੈ।

ਵੈਨਕੂਵਰ : ਕੈਨੇਡਾ ਦੇ ਬੀ.ਸੀ. ਵਿਚ ਟਰੱਕ ਡਰਾਈਵਰਾਂ ਦੀ ਯੂਨੀਅਨ ਵੱਲੋਂ ਲੈਂਗਲੀ-ਐਬਸਫੋਰਡ ਤੋਂ ਵਿਧਾਇਕ ਹਰਮਨ ਭੰਗੂ ਵਿਰੁੱਧ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਜਾ ਰਿਹਾ ਹੈ। ਟੀਮਸਟਰਜ਼ ਲੋਕਲ 213 ਨੇ ਵੈਨਕੂਵਰ ਦੀ ਸਿਵਲ ਅਦਾਲਤ ਵਿਚ ਨੋਟਿਸ ਦਾਇਰ ਕਰਦਿਆਂ ਦਾਅਵਾ ਕੀਤਾ ਹੈ ਕਿ ਹਰਮਨ ਭੰਗੂ ਨੇ 8 ਮਈ ਨੂੰ ਵਿਧਾਨ ਸਭਾ ਵਿਚ ਯੂਨੀਅਨ ਉਤੇ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਵਿਚ ਸ਼ਾਮਲ ਹੋਣ ਦੇ ਦੋਸ਼ ਲਾਏ ਜੋ ਸਿੱਧੇ ਤੌਰ ’ਤੇ ਮਾਣਹਾਨੀ ਕਰਦੇ ਹਨ। ਯੂਨੀਅਨ ਨੇ ਅੱਗੇ ਕਿਹਾ ਹੈ ਕਿ ਹਰਮਨ ਭੰਗੂ ਵੱਲੋਂ ਆਪਣੀਆਂ ਟਿੱਪਣੀਆਂ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ’ਤੇ ਵੀ ਸਾਂਝੀ ਕੀਤੀ ਗਈ ਅਤੇ ਕਈ ਲਿਖਤੀ ਟਿੱਪਣੀਆਂ ਵੀ ਕੀਤੀਆਂ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਯੂਨੀਅਨ ਦੇ ਬਿਜ਼ਨਸ ਮੈਨੇਜਰ, ਸਕੱਤਰ ਅਤੇ ਖ਼ਜ਼ਾਨਚੀ ਟੋਨੀ ਸੈਂਟਾਵੈਨੇਅਰ ਨੇ ਕਿਹਾ ਕਿ ਹਰਮਨ ਭੰਗੂ ਵੱਲੋਂ ਲਾਏ ਦੋਸ਼ ਸਰਾਸਰ ਝੂਠੇ ਅਤੇ ਟਰੱਕ ਡਰਾਈਵਰਾਂ ਦੇ ਅਕਸ ਨੂੰ ਢਾਹ ਲਾਉਣ ਵਾਲੇ ਹਨ। ਅਜਿਹੀਆਂ ਟਿੱਪਣੀਆਂ ਯੂਨੀਅਨ ਦੇ ਰੁਤਬੇ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਅਤੇ ਕਾਨੂੰਨੀ ਕਾਰਵਾਈ ਰਾਹੀਂ ਸਾਡਾ ਸਟੈਂਡ ਸਪੱਸ਼ਟ ਹੋ ਜਾਵੇਗਾ। ਉਧਰ ਹਰਮਨ ਭੰਗੂ ਵੱਲੋਂ ਯੂਨੀਅਨ ਦੇ ਨੋਟਿਸ ਦਾ ਕੋਈ ਜਵਾਬ ਦਾਖਲ ਨਹੀਂ ਕੀਤਾ ਗਿਆ ਅਤੇ ਫਿਲਹਾਲ ਮਾਣ ਹਾਨੀ ਦੇ ਦੋਸ਼ ਅਦਾਲਤ ਵਿਚ ਸਬਤ ਨਹੀਂ ਕੀਤੇ ਗਏ।
ਯੂਨੀਅਨ ਵੱਲੋਂ ਐਮ.ਐਲ.ਏ. ਹਰਮਨ ਭੰਗੂ ਵਿਰੁੱਧ ਮੁਕੱਦਮਾ ਦਾਇਰ
ਇਥੇ ਦਸਣਾ ਬਣਦਾ ਹੈ ਕਿ ਹਰਮਨ ਭੰਗੂ ਵੱਲੋਂ ਕੀਤੀਆਂ ਕਥਿਤ ਮਾਣਹਾਨੀ ਵਾਲੀਆਂ ਟਿੱਪਣੀਆਂ ਕਮਿਊਨਿਟੀ ਬੈਨੇਫਿਟਸ ਐਗਰੀਮੈਂਟ ਅਧੀਨ ਆਰੰਭੇ ਕੰਸਟ੍ਰਕਸ਼ਨ ਪ੍ਰੌਜਕਟਾਂ ਲਈ ਯੂਨੀਅਨ ਵੱਲੋਂ ਕੀਤੀ ਜਾ ਰਹੀ ਸਪਲਾਈ ਨਾਲ ਸਬੰਧਤ ਹਨ। ਮਿਸਾਲ ਵਜੋਂ ਯੂਨੀਅਨ ਦੇ ਮੁਕੱਦਮੇ ਵਿਚ ਪਟੂਲੋ ਬ੍ਰਿਜ ਰਿਪਲੇਸਮੈਂਟ ਅਤੇ ਵੈਨਕੂਵਰ ਦੇ ਬਰੌਡਵੇਅ ਸਕਾਇ ਟ੍ਰੇਨ ਵਾਧੇ ਨੂੰ ਸ਼ਾਮਲ ਕੀਤਾ ਗਿਆ ਹੈ। ਯੂਨੀਅਨ ਦਾ ਕਹਿਣਾ ਹੈ ਕਿ ਕਮਿਊਨਿਟੀ ਬੈਨੇਫਿਟਸ ਐਗਰੀਮੈਂਟ ਅਧੀਨ ਨਿਯਮ ਬਿਲਕੁਲ ਸਪੱਸ਼ਟ ਹਨ। ਜੇ ਠੇਕੇਦਾਰਾਂ ਤੋਂ ਇਲਾਵਾ ਵੀ ਟਰੱਕਾਂ ਦੀ ਜ਼ਰੂਰਤ ਹੋਵੇਗੀ ਤਾਂ ਪ੍ਰੌਜੈਕਟ ਇੰਪਲੌਇਰ ਨੂੰ ਯੂਨੀਅਨ ਕੋਲ ਡਿਸਪੈਚ ਰਿਕੁਐਸਟ ਦਾਖਲ ਕਰਨੀ ਹੋਵੇਗੀ। ਇਸ ਰਿਕੁਐਸਟ ਨੂੰ ਪੂਰਾ ਕਰਨ ਲਈ ਆਪਣੇ ਮੈਂਬਰਾਂ ਦੀ ਉਪਲਬਧਤਾ ਵਿਚੋਂ ਸੱਦਾ ਭੇਜੇਗੀ ਪਰ ਜਦੋਂ ਕੋਈ ਮੈਂਬਰ ਬਾਕੀ ਨਾ ਬਚੇ ਤਾਂ ਸਾਧਾਰਣ ਟਰੱਕ ਅਪ੍ਰੇਟਰਾਂ ਨੂੰ ਸੱਦਿਆ ਜਾਂਦਾ ਹੈ ਜਿਨ੍ਹਾਂ ਦਾ ਯੂਨੀਅਨ ਨਾਲ ਸਪਲਾਈ ਸਮਝੌਤਾ ਪਹਿਲਾਂ ਹੀ ਤੈਅ ਹੁੰਦਾ ਹੈ। ਜੇ ਮੈਟੀਰੀਅਲ ਦੀ ਸਪਲਾਈ ਘਟਦੀ ਹੈ ਤਾਂ ਯੂਨੀਅਨ ਵੱਲੋਂ ਮੰਗ ਪੂਰੀ ਕਰਨ ਖਾਤਰ ਬਰੋਕਰਾਂ ਨੂੰ ਸੱਦਿਆ ਜਾਂਦਾ ਹੈ।
ਬੀ.ਸੀ. ਵਿਚ ਬਜਰੀ ਸਪਲਾਈ ਦਾ ਮਸਲਾ ਭਖਿਆ
ਇਸ ਦੇ ਉਲਟ ਹਰਮਨ ਭੰਗੂ ਨੇ ਵਿਧਾਨ ਸਭਾ ਵਿਚ ਦੋਸ਼ ਲਾਇਆ ਕਿ ਯੂਨੀਅਨ ਵੱਲੋਂ ਤੈਅਸ਼ੁਦਾ ਪ੍ਰਕਿਰਿਆ ਮੁਤਾਬਕ ਕੰਮ ਨਹੀਂ ਕੀਤਾ ਜਾ ਰਿਹਾ ਹੈ ਅਤੇ ਇਹ ਭ੍ਰਿਸ਼ਟਾਚਾਰ ਤੇ ਭਾਈ-ਭਤੀਜਾਵਾਦ ਵਿਚ ਖੁੱਭੀ ਹੋਈ ਹੈ। ਹਰਮਨ ਭੰਗੂ ਨੇ ਯੂਨੀਅਨ ਦੇ ਬਿਜ਼ਨਸ ਏਜੰਟ ਅਮਨੀਤ ਸੇਖੋਂ ਦਾ ਨਾਂ ਵੀ ਲਿਆ ਜੋ ਵੱਡੇ ਠੇਕੇਦਾਰਾਂ ਲਈ ਬਰੋਕਰ ਵਜੋਂ ਕੰਮ ਕਰਨ ਵਾਲੀ ਇਕ ਕੰਪਨੀ ਦੇ ਮਾਲਕ ਪ੍ਰਦਮਨ ਪਾਲ ਸੇਖੋਂ ਦਾ ਬੇਟਾ ਹੈ। ਉਧਰ ਯੂਨੀਅਨ ਨੇ ਭੰਗੂ ਦੇ ਦੋਸ਼ਾਂ ਨੂੰ ਕੋਰਾ ਝੂਠ ਕਰਾਰ ਦਿੰਦਿਆਂ ਕਿਹਾ ਕਿ ਉਹ ਸੋਸ਼ਲ ਮੀਡੀਆ ਰਾਹੀਂ 2019 ਤੋਂ ਅਜਿਹੇ ਦੋਸ਼ ਲਾਉਂਦਾ ਆ ਰਿਹਾ ਹੈ।