ਕੈਨੇਡਾ ਵਿਚ ਪੰਜਾਬੀ ਟਰੱਕ ਡਰਾਈਵਰ ਵਿਰੁੱਧ ਚੱਲੇਗਾ ਮੁਕੱਦਮਾ
ਉਨਟਾਰੀਓ ਦੇ ਐਂਗਸ ਕਸਬੇ ਨਾਲ ਸਬੰਧਤ ਟਰੱਕ ਡਰਾਈਵਰ ਸੁਖਵਿੰਦਰ ਸਿੱਧੂ ਵਿਰੁੱਧ ਅਗਲੇ ਹਫ਼ਤੇ ਜਾਨਲੇਵਾ ਸੜਕ ਹਾਦਸੇ ਨਾਲ ਸਬੰਧਤ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋ ਜਾਵੇਗੀ।

By : Upjit Singh
ਟੋਰਾਂਟੋ : ਉਨਟਾਰੀਓ ਦੇ ਐਂਗਸ ਕਸਬੇ ਨਾਲ ਸਬੰਧਤ ਟਰੱਕ ਡਰਾਈਵਰ ਸੁਖਵਿੰਦਰ ਸਿੱਧੂ ਵਿਰੁੱਧ ਅਗਲੇ ਹਫ਼ਤੇ ਜਾਨਲੇਵਾ ਸੜਕ ਹਾਦਸੇ ਨਾਲ ਸਬੰਧਤ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋ ਜਾਵੇਗੀ। ਅਗਸਤ 2023 ਵਿਚ ਵਾਪਰੇ ਹਾਦਸੇ ਮਗਰੋਂ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ 30 ਸਾਲ ਦੇ ਸੁਖਵਿੰਦਰ ਸਿੱਧੂ ਵਿਰੁੱਧ ਖ਼ਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਦਿਆਂ ਜਾਨੀ ਨੁਕਸਾਨ ਦਾ ਕਾਰਨ ਬਣਨ ਅਤੇ ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਦਿਆਂ ਸਰੀਰਕ ਨੁਕਸਾਨ ਪਹੁੰਚਾਉਣ ਦੇ ਦੋਸ਼ ਆਇਦ ਕੀਤੇ ਗਏ ਸਨ।
ਅਗਸਤ 2023 ਵਿਚ ਹਾਦਸੇ ਦੌਰਾਨ ਗਈ ਸੀ ਔਰਤ ਦੀ ਜਾਨ
ਜ਼ਮਾਨਤ ’ਤੇ ਚੱਲ ਰਿਹਾ ਸੁਖਵਿੰਦਰ ਸਿੱਧੂ ਸੋਮਵਾਰ ਨੂੰ ਆਪਣੇ ਵਕੀਲ ਕੈਲਵਿਨ ਬੈਰੀ ਨਾਲ ਔਰੇਂਜਵਿਲ ਦੀ ਅਦਾਲਤ ਵਿਚ ਪੇਸ਼ ਹੋਇਆ ਅਤੇ ਮੁਕੱਦਮੇ ਦਾ ਸਾਹਮਣਾ ਕਰਨ ਦਾ ਇਰਾਦਾ ਜ਼ਾਹਰ ਕਰ ਦਿਤਾ। ਇਥੇ ਦਸਣਾ ਬਣਦਾ ਹੈ ਕਿ 22 ਅਗਸਤ 2023 ਨੂੰ ਸ਼ੈਲਬਰਨ ਦੇ ਉਤਰ ਵੱਲ ਵਾਪਰੇ ਹਾਦਸੇ ਦੌਰਾਨ 31 ਸਾਲ ਦੀ ਅਲੈਗਜ਼ੈਂਡਰਾ ਪੌਲ ਦੀ ਮੌਤ ਹੋ ਗਈ। ਹਾਦਸੇ ਵੇਲੇ ਗੱਡੀ ਵਿਚ ਅਲੈਗਜ਼ੈਂਡਰਾ ਦਾ 10 ਮਹੀਨੇ ਦਾ ਬੇਟਾ ਚਾਰਲੀ ਵੀ ਸੀ ਜਿਸ ਨੂੰ ਟੋਰਾਂਟੋ ਵਿਖੇ ਬੱਚਿਆਂ ਦੇ ਹਸਪਤਾਲ ਵਿਚ ਲਿਜਾਇਆ ਗਿਆ ਅਤੇ ਉਸ ਦੀ ਜਾਨ ਬਚ ਗਈ।
ਓ.ਪੀ.ਪੀ. ਨੇ ਸੁਖਵਿੰਦਰ ਸਿੱਧੂ ਵਿਰੁੱਧ ਆਇਦ ਕੀਤੇ ਸਨ ਦੋਸ਼
ਜਾਂਚਕਰਤਾਵਾਂ ਦਾ ਦੋਸ਼ ਹੈ ਕਿ ਸ਼ੱਕੀ ਕੰਸਟ੍ਰਕਸ਼ਨ ਜ਼ੋਨ ਵਿਚ ਦਾਖਲ ਹੋ ਗਿਆ ਅਤੇ ਕਤਾਰ ਵਿਚ ਖੜ੍ਹੀਆਂ ਛੇ ਗੱਡੀਆਂ ਨੂੰ ਟੱਕਰ ਮਾਰ ਦਿਤੀ।ਪੁਲਿਸ ਮੁਤਾਬਕ ਹਾਦਸੇ ਮਗਰੋਂ ਤਿੰਨ ਹੋਰਨਾਂ ਨੂੰ ਵੀ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ਵਿਚ 67 ਸਾਲ ਦਾ ਇਕ ਬਜ਼ੁਰਗ ਸ਼ਾਮਲ ਸੀ। ਸੁਖਵਿੰਦਰ ਸਿੱਧੂ ਵਿਰੁੱਧ ਲੱਗੇ ਦੋਸ਼ ਅਦਾਲਤ ਵਿਚ ਸਾਬਤ ਨਹੀਂ ਕੀਤੇ ਗਏ।


