ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਦੀ ਅਚਨਚੇਤ ਮੌਤ
ਕੈਨੇਡਾ ਦੇ ਬੀ.ਸੀ. ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਦੇ ਆਈ ਹੈ

By : Upjit Singh
ਸਰੀ : ਕੈਨੇਡਾ ਦੇ ਬੀ.ਸੀ. ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਦੇ ਆਈ ਹੈ। ਸ੍ਰੀ ਆਨੰਦਪੁਰ ਸਾਹਿਬ ਨੇੜਲੇ ਪਿੰਡ ਨਿੱਕੂਵਾਲ ਨਾਲ ਸਬੰਧਤ 35 ਸਾਲ ਦਾ ਪਰਵਿੰਦਰ ਸਿੰਘ ਪੰਮਾ ਪਿਛਲੇ ਸਾਲ 15 ਸਤੰਬਰ ਨੂੰ ਵਰਕ ਪਰਮਿਟ ’ਤੇ ਕੈਨੇਡਾ ਪੁੱਜਾ ਅਤੇ ਸਿਖਲਾਈ ਲੈਣ ਮਗਰੋਂ ਟਰੱਕ ਚਲਾਉਣਾ ਸ਼ੁਰੂ ਕਰ ਦਿਤਾ। ਪਰਵਿੰਦਰ ਸਿੰਘ ਦੀ ਭੈਣ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਵਕੀਲ ਅਮਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਸਰੀ ਦੀ ਕਲੇਰ ਟ੍ਰਾਂਸਪੋਰਟ ਵਿਚ ਬਤੌਰ ਡਰਾਈਵਰ ਕੰਮ ਕਰਦਾ ਸੀ।
ਪਿਛਲੇ ਸਾਲ ਸਤੰਬਰ ਵਿਚ ਹੀ ਕੈਨੇਡਾ ਪੁੱਜਾ ਸੀ ਪਰਵਿੰਦਰ ਸਿੰਘ
ਦੋ ਭੈਣਾਂ ਦੇ ਇਕਲੌਤੇ ਭਰਾ ਪਰਵਿੰਦਰ ਸਿੰਘ ਪੰਮਾ ਦਾ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਸਿਰ ’ਤੇ ਜ਼ਿੰਮੇਵਾਰੀ ਪੈਣ ਮਗਰੋਂ ਉਸ ਨੇ ਪਰਵਾਰ ਦੀ ਆਰਥਿਕ ਮਦਦ ਵਾਸਤੇ ਵਿਦੇਸ਼ ਜਾਣ ਦਾ ਮਨ ਬਣਾਇਆ। ਨੌਜਵਾਨ ਦੇ ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਪਰਵਿੰਦਰ ਤਕਰੀਬਨ ਰੋਜ਼ਾਨਾ ਹੀ ਉਨ੍ਹਾਂ ਨਾਲ ਫੋਨ ’ਤੇ ਗੱਲ ਕਰਦਾ। ਪਿਛਲੇ ਦਿਨੀਂ ਉਸ ਨੇ ਲੰਮਾ ਸਮਾਂ ਗੱਲ ਅਤੇ ਇਸ ਮਗਰੋਂ ਉਸ ਦੀ ਮੌਤ ਦੀ ਖਬਰ ਆ ਗਈ। ਫੌਜ ਵਿਚੋਂ ਸੇਵਾ ਮੁਕਤ ਬਲਦੇਵ ਮੁਤਾਬਕ ਉਨ੍ਹਾਂ ਨੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਉਸ ਨੂੰ ਕੈਨੇਡਾ ਭੇਜਿਆ ਅਤੇ ਹੁਣ ਇਹ ਭਾਣਾ ਵਰਤ ਗਿਆ। ਦੁੱਖ ਵਿਚ ਡੁੱਬੇ ਮਾਪਿਆਂ ਵੱਲੋਂ ਪੰਜਾਬ ਸਰਕਾਰ ਅਤੇ ਕੇਂਦਰ ਨੂੰ ਪਰਵਿੰਦਰ ਸਿੰਘ ਦੀ ਦੇਹ ਕੈਨੇਡਾ ਤੋਂ ਪੰਜਾਬ ਲਿਆਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ।


