ਪੰਜਾਬੀ ਟਰੱਕ ਡਰਾਈਵਰ 30 ਲੱਖ ਡਾਲਰ ਦੀ ਕੋਕੀਨ ਸਣੇ ਕਾਬੂ
ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਪੰਜਾਬੀ ਟਰੱਕ ਡਰਾਈਵਰ ਕੋਲੋਂ 3 ਮਿਲੀਅਨ ਡਾਲਰ ਮੁੱਲ ਦੀ 173 ਕਿਲੋ ਕੋਕੀਨ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ।

By : Upjit Singh
ਵਿੰਡਸਰ : ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਪੰਜਾਬੀ ਟਰੱਕ ਡਰਾਈਵਰ ਕੋਲੋਂ 3 ਮਿਲੀਅਨ ਡਾਲਰ ਮੁੱਲ ਦੀ 173 ਕਿਲੋ ਕੋਕੀਨ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ।ਬਰੈਂਪਟਨ ਨਾਲ ਸਬੰਧਤ ਗੁਰਸ਼ਿੰਦਰ ਸਿੰਘ ਨੂੰ ਅੰਬੈਸਡਰ ਬ੍ਰਿਜ ਪਾਰ ਕਰਨ ਤੋਂ ਪਹਿਲਾਂ ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਦੀ ਕੌਂਟਰਾਬੈਂਡ ਐਨਫੋਰਸਮੈਂਟ ਟੀਮ ਨੇ ਰੋਕਿਆ ਅਤੇ ਤਲਾਸ਼ੀ ਦੌਰਾਨ ਪੈਸੰਜਰ ਸੀਟ ਦੇ ਹੇਠਾਂ ਬਣੇ ਟੂਲ ਬੌਕਸ ਵਿਚੋਂ ਕੁਝ ਡੱਬੇ ਬਰਾਮਦ ਹੋਏ ਜਿਨ੍ਹਾਂ ਅੰਦਰ ਵੈਕਿਊਮ ਸੀÇਲੰਗ ਵਾਲੇ ਪੈਕਟ ਮੌਜੂਦ ਸਨ। ਅੱਠ ਹੋਮ ਡਿਪੋ ਡੱਬਿਆਂ ਵਿਚੋਂ ਤਿੰਨ ਵਿਚ ਮਿਲਿਆ ਪਦਾਰਥ ਕੋਕੀਨ ਸਾਬਤ ਹੋਇਆ ਅਤੇ ਇਸ ਮਗਰੋਂ ਗੁਰਸ਼ਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਅਮਰੀਕਾ-ਕੈਨੇਡਾ ਦੇ ਬਾਰਡਰ ਬਰਾਮਦ ਹੋਈ 173 ਕਿਲੋ ਕੋਕੀਨ
ਜਾਂਚਕਰਤਾਵਾਂ ਵੱਲੋਂ ਗੁਰਸ਼ਿੰਦਰ ਸਿੰਘ ਦੇ ਮੋਬਾਈਲ ਦੀ ਘੋਖ ਕੀਤੀ ਗਈ ਤਾਂ ਇਕ ਗੁਪਤ ਨੰਬਰ ਰਾਹੀਂ ਕਿਸੇ ਦੇ ਸੰਪਰਕ ਵਿਚ ਹੋਣ ਬਾਰੇ ਪਤਾ ਲੱਗਾ। ਸਿਗਨਲ ਮੈਸੰਜਰ ਰਾਹੀਂ 6 ਮਈ ਤੋਂ ਸੁਨੇਹੇ ਭੇਜੇ ਜਾ ਰਹੇ ਸਨ ਅਤੇ ਇਕ ਮੈਸੇਜ ਵਿਚ ਲਿਖਿਆ ਸੀ, ‘‘ਮੇਰਾ ਅਗਲਾ ਲੋਡ ਸ਼ੁੱਕਰਵਾਰ ਨੂੰ ਡਿਲਿਵਰ ਹੋ ਰਿਹਾ ਹੈ।’’ ਦੂਜੇ ਮੈਸੇਜ ਵਿਚ ਲਿਖਿਆ ਸੀ ਕਿ ਆਪਾਂ ਵੀਰਵਾਰ ਸ਼ਾਮ ਜਾਂ ਰਾਤ ਵੇਲੇ ਸੰਪਰਕ ਕਰਾਂਗੇ। ਗੁਰਸ਼ਿੰਦਰ ਸਿੰਘ ਦੇ ਅਮਰੀਕਾ ਵਿਚਲੇ ਰੂਟ ਦੀ ਤਹਿਕੀਕਾਤ ਕੀਤੀ ਗਈ ਤਾਂ ਵਿਸਕੌਨਸਿਨ ਸੂਬੇ ਤੋਂ ਚੱਲ ਕੇ 8 ਮਈ ਨੂੰ ਇੰਡਿਆਨਾ ਸੂਬੇ ਦੇ ਇਕ ਟਰੱਕ ਸਟੌਪ ’ਤੇ ਰੁਕਿਆ ਜਿਥੇ ਇਕ ਅਣਪਛਾਤੇ ਸ਼ਖਸ ਨਾਲ ਮੁਲਾਕਾਤ ਕੀਤੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਨਸ਼ੀਲੇ ਪਦਾਰਥ ਦੀ ਕੀਮਤ ਬਹੁਤ ਜ਼ਿਆਦਾ ਹੋਣ ਕਾਰਨ ਟ੍ਰਾਂਸਪੋਰਟੇਸ਼ਨ ਵਾਸਤੇ ਅਜਿਹੇ ਬੰਦੇ ਦੀ ਚੋਣ ਕੀਤੀ ਜਾਂਦੀ ਹੈ ਜੋ ਨਸ਼ੇ ਦੀ ਖੇਪ ਭੇਜਣ ਵਾਲਿਆਂ ਦਾ ਵਫਾਦਾਰ ਹੋਵੇ ਅਤੇ ਬਾਅਦ ਵਿਚ ਉਸ ਨੂੰ ਸੌਖਿਆਂ ਅਦਾਇਗੀ ਕੀਤੀ ਜਾ ਸਕੇ। ਦੂਜੇ ਪਾਸੇ ਗੁਰਸ਼ਿੰਦਰ ਸਿੰਘ ਨੇ ਪੁੱਛ ਪੜਤਾਲ ਦੌਰਾਨ ਦੱਸਿਆ ਕਿ ਕਿ ਉਹ ਇੰਡਿਆਨਾ ਸੂਬੇ ਵਿਚ ਇਕ ਰਾਤ ਠਹਿਰਨ ਮਗਰੋਂ ਕੈਨੇਡਾ ਵੱਲ ਜਾ ਰਿਹਾ ਸੀ।
ਗੁਰਸ਼ਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜਿਆ
ਡੈਟਰਾਇਟ ਦੀ ਜ਼ਿਲ੍ਹਾ ਅਦਾਲਤ ਵਿਚ ਦਾਇਰ ਦਸਤਾਵੇਜ਼ਾਂ ਮੁਤਾਬਕ ਗੁਰਸ਼ਿੰਦਰ ਸਿੰਘ ਵਿਰੁੱਧ ਤਸਕਰੀ ਦੇ ਇਰਾਦੇ ਨਾਲ ਪਾਬੰਦੀਸ਼ੁਦਾ ਪਦਾਰਥ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਦੱਸ ਦੇਈਏ ਕਿ 21 ਮਾਰਚ ਤੋਂ ਬਾਅਦ ਅੰਬੈਸਡਰ ਬ੍ਰਿਜ ਰਾਹੀਂ ਭਾਰੀ ਮਿਕਦਾਰ ਵਿਚ ਕੋਕੀਨ ਤਸਕਰੀ ਦਾ ਇਹ ਚੌਥਾ ਮਾਮਲਾ ਸਾਹਮਣੇ ਆਇਆ ਹੈ ਅਤੇ ਅਮਰੀਕਾ ਵਿਚ ਫੜੇ ਗਏ ਜ਼ਿਆਦਾਤਰ ਟਰੱਕ ਡਰਾਈਵਰ ਗਰੇਟਰ ਟੋਰਾਂਟੋ ਏਰੀਆ ਨਾਲ ਸਬੰਧਤ ਰਹੇ। ਅੰਬੈਸਡਰ ਬ੍ਰਿਜ ਤੋਂ ਇਲਾਵਾ ਕੈਨੇਡਾ ਦੇ ਸਾਰਨੀਆ ਸ਼ਹਿਰ ਨੂੰ ਅਮਰੀਕਾ ਨਾਲ ਜੋੜਨ ਵਾਲਾ ਬਲੂ ਵਾਟਰ ਬ੍ਰਿਜ ਅਤੇ ਮਿਸ਼ੀਗਨ ਦਾ ਪੋਰਟ ਹਿਊਰੌਨ ਨਸ਼ਾ ਤਸਕਰੀ ਦੇ ਮਾਮਲੇ ਵਿਚ ਹੌਟ-ਸਪੌਟ ਬਣੇ ਹੋਏ ਹਨ। 20 ਅਪ੍ਰੈਲ ਨੂੰ ਕੈਨੇਡਾ ਲਿਜਾਈ ਜਾ ਰਹੀ 193 ਕਿਲੋ ਕੋਕੀਨ ਬਰਾਮਦ ਕੀਤੀ ਗਈ ਜੋ ਦੋ ਡਫਲ ਬੈਗਜ਼ ਵਿਚ ਪੈਕ ਕੀਤੀ ਗਈ ਹੋਈ ਸੀ। ਇਸ ਤੋਂ ਇਲਾਵਾ ਫਰਵਰੀ ਵਿਚ ਇਕ ਸੈਮੀਟ੍ਰੱਕ ਵਿਚੋਂ 240 ਪਾਊਂਡ ਕੋਕੀਨ ਬਰਾਮਦ ਕੀਤੀ ਗਈ।


