Begin typing your search above and press return to search.

ਕੈਨੇਡਾ ਤੋਂ ਇੰਗਲੈਂਡ ਤੱਕ ਪੰਜਾਬੀ ਠੱਗਾਂ ਨੇ ਵਿਛਾਇਆ ਜਾਲ

ਕੈਨੇਡਾ ਦੇ ਬਜ਼ੁਰਗਾਂ ਤੋਂ 9 ਲੱਖ 50 ਹਜ਼ਾਰ ਡਾਲਰ ਠੱਗਣ ਕੇ ਮਾਮਲੇ ਵਿਚ ਬਰੈਂਪਟਨ ਦੇ 26 ਸਾਲਾ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ

ਕੈਨੇਡਾ ਤੋਂ ਇੰਗਲੈਂਡ ਤੱਕ ਪੰਜਾਬੀ ਠੱਗਾਂ ਨੇ ਵਿਛਾਇਆ ਜਾਲ
X

Upjit SinghBy : Upjit Singh

  |  11 Dec 2025 7:08 PM IST

  • whatsapp
  • Telegram

ਬਰੈਂਪਟਨ : ਕੈਨੇਡਾ ਦੇ ਬਜ਼ੁਰਗਾਂ ਤੋਂ 9 ਲੱਖ 50 ਹਜ਼ਾਰ ਡਾਲਰ ਠੱਗਣ ਕੇ ਮਾਮਲੇ ਵਿਚ ਬਰੈਂਪਟਨ ਦੇ 26 ਸਾਲਾ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਹਨ। ਦੂਜੇ ਪਾਸੇ ਇਕ ਗੋਰੀ ਨੂੰ ਸੋਨੇ ਦੇ ਨਕਲੀ ਗਹਿਣੇ ਵੇਚ ਕੇ ਫਰਾਰ ਹੋਏ ਸਾਊਥ ਏਸ਼ੀਅਨ ਜੋੜੇ ਦੀ ਭਾਲ ਆਰ.ਸੀ.ਐਮ.ਪੀ. ਕਰ ਰਹੀ ਹੈ। ਹਾਲਟਨ ਰੀਜਨਲ ਪੁਲਿਸ ਨੇ ਦੱਸਿਆ ਕਿ ਕੌਮਾਂਤਰੀ ਠੱਗਾਂ ਨੇ ਪਿਛਲੇ ਸਾਲ 83 ਸਾਲ ਦੇ ਇਕ ਬਜ਼ੁਰਗ ਨਾਲ ਸੰਪਰਕ ਕਰਦਿਆਂ ਉਸ ਦੀ ਰਕਮ ਦੁੱਗਣੀ ਕਰਨ ਦਾ ਦਾਅਵਾ ਕੀਤਾ ਅਤੇ 7 ਲੱਖ 50 ਹਜ਼ਾਰ ਡਾਲਰ ਹਾਸਲ ਕਰ ਲਏ। ਇਸੇ ਦੌਰਾਨ ਐਲਬਰਟਾ ਦੇ ਇਕ ਪੀੜਤ ਨੇ ਵੀ ਠੱਗਾਂ ਹੱਥ ਢਾਈ ਲੱਖ ਡਾਲਰ ਗੁਆ ਦਿਤੇ। ਠੱਗਾਂ ਦਾ ਟਿਕਾਣਾ ਇੰਗਲੈਂਡ ਵਿਚ ਸਾਹਮਣੇ ਆਇਆ ਜਿਥੇ ਮੌਜੂਦ ਸ਼ੱਕੀਆਂ ਨੇ ਪੀ.ਸੀ. ਫਾਇਨੈਂਸ਼ੀਅਲ ਐਡਵਾਈਜ਼ਰਜ਼ ਬਣ ਕੇ ਉਨਟਾਰੀਓ ਅਤੇ ਐਲਬਰਟਾ ਦੇ ਲੋਕਾਂ ਨਾਲ ਸੰਪਰਕ ਕੀਤਾ।

ਬਰੈਂਪਟਨ ਦਾ ਇੰਦਰਜੀਤ ਸਿੰਘ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਉਨਟਾਰੀਓ ਵਿਚ ਮੌਜੂਦ ਇਕ ਸ਼ੱਕੀ, ਠੱਗਾਂ ਦੀ ਮਦਦ ਕਰ ਰਿਹਾ ਸੀ ਜਿਸ ਨੇ ਰਕਮ ਹਾਸਲ ਕਰਨ ਅਤੇ ਇੰਗਲੈਂਡ ਦੇ ਖਾਤਿਆਂ ਵਿਚ ਟ੍ਰਾਂਸਫ਼ਰ ਕਰਨ ਦਾ ਕੰਮ ਕੀਤਾ। ਪੁਲਿਸ ਮੁਤਾਬਕ ਬਰੈਂਪਟਨ ਦੇ ਸ਼ੱਕੀ ਵੱਲੋਂ ਇੰਟੈਕਟ ਗਲੋਬਲ ਇਨਕਾਰਪੋਰੇਸ਼ਨ ਨਾਂ ਦੀ ਇਕ ਫ਼ਰਜ਼ੀ ਕੰਪਨੀ ਬਣਾਉਂਦਿਆਂ ਕਈ ਬੈਂਕਾਂਵਿਚ ਬਿਜ਼ਨਸ ਅਕਾਊਂਟ ਖੋਲ੍ਹ ਲਏ। ਇਨ੍ਹਾਂ ਖਾਤਿਆਂ ਵਿਚ ਹੀ 9 ਲੱਖ 50 ਹਜ਼ਾਰ ਡਾਲਰ ਦੀ ਰਕਮ ਪੁੱਜੀ। ਪੁਲਿਸ ਨੇ ਅੱਗੇ ਦੱਸਿਆ ਕਿ ਬਰੈਂਪਟਨ ਨਾਲ ਸਬੰਧਤ ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦਾ ਫਰੌਡ ਕਰਨ, ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀ ਪ੍ਰੌਪਰਟੀ ਰੱਖਣ ਅਤੇ ਲੋਕਾਂ ਤੋਂ ਵਸੂਲ ਰਕਮ ਹੋਰਨਾਂ ਦੇ ਖਾਤਿਆਂ ਵਿਚ ਜਮ੍ਹਾਂ ਕਰਵਾਉਣ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਲੋਕਾਂ ਅਪੀਲ ਕੀਤੀ ਹੈ ਕਿ ਕਿਸੇ ਵੀ ਯੋਜਨਾ ਵਿਚ ਨਿਵੇਸ਼ ਕਰਦਿਆਂ ਪੂਰੀ ਸਾਵਧਾਨੀ ਵਰਤੀ ਜਾਵੇ ਅਤੇ ਆਨਲਾਈਨ ਪੋਰਟਲਾਂ ਦੀ ਬਜਾਏ ਬੈਂਕਾਂ ਜਾਂ ਹੋਰਨਾਂ ਵਿੱਤੀ ਅਦਾਰਿਆਂ ਨਾਲ ਸਿੱਧਾ ਸੰਪਰਕ ਕੀਤਾ ਜਾਵੇ। ਜਾਂਚਕਰਤਾਵਾਂ ਨੇ ਲੋਕਾਂ ਨੂੰ ਸੱਦਾ ਦਿਤਾ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਮਾਮਲਿਆਂ ਬਾਰੇ ਕੋਈ ਜਾਣਕਾਰੀ ਮੌਜੂਦ ਹੈ ਤਾਂ 905 825 4777 ਐਕਸਟੈਨਸ਼ਨ 8739 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਨਕਲੀ ਗਹਿਣੇ ਵੇਚਣ ਵਾਲੇ ਸਾਊਥ ਏਸ਼ੀਅਨ ਜੋੜੇ ਦੀ ਭਾਲ ਕਰ ਰਹੀ ਪੁਲਿਸ

ਢੁਕਵੀਂ ਜਾਣਕਾਰੀ ਮੁਹੱਈਆ ਕਰਵਾਉਣ ਵਾਲਿਆਂ ਨੂੰ 2 ਹਜ਼ਾਰ ਡਾਲਰ ਤੱਕ ਦਾ ਇਨਾਮ ਮਿਲ ਸਕਦਾ ਹੈ। ਉਧਰ, ਬੀ.ਸੀ. ਦੇ ਸਿਡਨੀ/ਨੌਰਥ ਸਾਨਿਚ ਇਲਾਕੇ ਦੀ ਪੁਲਿਸ ਇਕ ਸਾਊਥ ਏਸ਼ੀਅਨ ਜੋੜੇ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। ਆਰ.ਸੀ.ਐਮ.ਪੀ. ਦੇ ਅਫ਼ਸਰਾਂ ਨੇ ਦੱਸਿਆ ਕਿ 9 ਦਸੰਬਰ ਨੂੰ ਇਕ ਗੈਸ ਸਟੇਸ਼ਨ ’ਤੇ ਵਾਪਰੀ ਘਟਨਾ ਦੌਰਾਨ ਇਕ ਸਾਊਥ ਏਸ਼ੀਅਨ ਜੋੜੇ ਨੇ ਪੀੜਤ ਨਾਲ ਸੰਪਰਕ ਕਰਦਿਆਂ ਮਿੰਨਤਾਂ ਕੀਤੀਆਂ ਕਿ ਉਹ ਆਪਣੇ ਮੁਲਕ ਪਰਤਣਾ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਨਕਦ ਰਕਮ ਮੌਜੂਦ ਨਹੀਂ। ਸ਼ੱਕੀ ਜੋੜੇ ਨੇ ਪੀੜਤ ਅੱਗੇ ਕਈ ਕਿਸਮ ਦੇ ਗਹਿਣੇ ਪੇਸ਼ ਕਰਦਿਆਂ ਸ਼ੁੱਧ ਸੋਨੇ ਤੋਂ ਬਣੇ ਹੋਣ ਦਾ ਦਾਅਵਾ ਕੀਤਾ ਅਤੇ ਘਰ ਵਾਪਸੀ ਲਈ ਆਰਥਿਕ ਮਦਦ ਦੀ ਗੁਜ਼ਾਰਿਸ਼ ਕਰਨ ਲੱਗੇ। ਪੀੜਤ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਿਆ ਅਤੇ ਰਕਮ ਦੇ ਦਿਤੀ ਪਰ ਬਾਅਦ ਵਿਚ ਇਹ ਗਹਿਣੇ ਨਕਲੀ ਸਾਬਤ ਹੋਏ। ਪੁਲਿਸ ਮੁਤਾਬਕ ਸਾਊਥ ਏਸ਼ੀਅਨ ਜੋੜ ਗੂੜ੍ਹੇ ਰੰਗ ਦੀ ਐਸ.ਯੂ.ਵੀ. ਵਿਚ ਮੌਕੇ ਤੋਂ ਰਵਾਨਾ ਹੋਇਆ ਪਰ ਹੁਣ ਤੱਕ ਪੈੜ ਨੱਪੀ ਨਹੀਂ ਜਾ ਸਕੀ। ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਅਜਿਹੇ ਠੱਗਾਂ ਤੋਂ ਸੁਚੇਤ ਕਰਦਿਆਂ ਕਿਹਾ ਹੈ ਕਿ ਨਵੰਬਰ ਦੇ ਅੰਤਲੇ ਦਿਨਾਂ ਅਤੇ ਦਸੰਬਰ ਦੇ ਸ਼ੁਰੂ ਵਿਚ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ।

Next Story
ਤਾਜ਼ਾ ਖਬਰਾਂ
Share it