Begin typing your search above and press return to search.

Canada ’ਚ extortion ਸੰਕਟ ਦਰਮਿਆਨ ਪੰਜਾਬੀ ਅਫ਼ਸਰ ਦੀ ਨਿਯੁਕਤੀ

ਕੈਨੇਡਾ ਵਿਚ ਪੰਜਾਬੀ ਕਾਰੋਬਾਰੀਆਂ ’ਤੇ ਗੋਲੀਆਂ ਚਲਾਉਂਦੇ ਕਾਬੂ ਕੀਤੇ ਸ਼ੱਕੀਆਂ ਵੱਲੋਂ ਅਸਾਇਲਮ ਦੇ ਦਾਅਵਿਆਂ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਇੰਮੀਗ੍ਰੇਸ਼ਨ ਅਤੇ ਡਿਪੋਰਟੇਸ਼ਨ ਦੁਆਲੇ ਕੇਂਦਰਤ ਕਾਨੂੰਨਾਂ ਵਿਚ ਤਬਦੀਲੀ ਦਾ ਸੱਦਾ ਦਿਤਾ ਹੈ

Canada ’ਚ extortion ਸੰਕਟ ਦਰਮਿਆਨ ਪੰਜਾਬੀ ਅਫ਼ਸਰ ਦੀ ਨਿਯੁਕਤੀ
X

Upjit SinghBy : Upjit Singh

  |  5 Feb 2026 6:58 PM IST

  • whatsapp
  • Telegram

ਵੈਨਕੂਵਰ : ਕੈਨੇਡਾ ਵਿਚ ਪੰਜਾਬੀ ਕਾਰੋਬਾਰੀਆਂ ’ਤੇ ਗੋਲੀਆਂ ਚਲਾਉਂਦੇ ਕਾਬੂ ਕੀਤੇ ਸ਼ੱਕੀਆਂ ਵੱਲੋਂ ਅਸਾਇਲਮ ਦੇ ਦਾਅਵਿਆਂ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਇੰਮੀਗ੍ਰੇਸ਼ਨ ਅਤੇ ਡਿਪੋਰਟੇਸ਼ਨ ਦੁਆਲੇ ਕੇਂਦਰਤ ਕਾਨੂੰਨਾਂ ਵਿਚ ਤਬਦੀਲੀ ਦਾ ਸੱਦਾ ਦਿਤਾ ਹੈ। ਡੇਵਿਡ ਈਬੀ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਸਿੱਧੇ ਤੌਰ ’ਤੇ ਡਿਪੋਰਟ ਕੀਤੇ ਜਾਣ ਦੀ ਬਜਾਏ ਗੈਰਸਮਾਜੀ ਅਨਸਰ ਕੈਨੇਡਾ ਵਿਚ ਪਨਾਹ ਮੰਗ ਰਹੇ ਹਨ ਪਰ ਇੰਮੀਗ੍ਰੇਸ਼ਨ ਅਤੇ ਰਫ਼ਿਊਜੀ ਬੋਰਡ ਵਾਲਿਆਂ ਸ਼ੁਕਰੀਆ ਕਰਨਾ ਬਣਦਾ ਹੈ ਕਿ ਅਜਿਹੇ ਦਾਅਵਿਆਂ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਐਕਸਟੌਰਸ਼ਨ ਦੇ ਸੰਕਟ ਦੌਰਾਨ ਗ੍ਰਿਫ਼ਤਾਰ ਕੀਤੇ ਜਾ ਰਹੇ ਸ਼ੱਕੀਆਂ ਦੀ ਪਛਾਣ ਤਾਂ ਜ਼ਾਹਰ ਕੀਤੀ ਜਾ ਰਹੀ ਹੈ ਪਰ ਕੈਨੇਡਾ ਬਾਰਡਰ ਸਰਵਿਸਿਜ਼ ਵਾਲੇ ਡਿਪੋਰਟ ਕੀਤੇ ਜਾ ਰਹੇ ਸ਼ੱਕੀਆਂ ਦੀ ਪਛਾਣ ਜਨਤਕ ਨਹੀਂ ਕਰ ਰਹੇ।

ਪੌਲ ਡਡਵਾਲ ਬਣੇ ਕਮਿਊਨਿਟੀ ਐਡਵਾਇਜ਼ਰੀ ਗਰੁੱਪ ਦੇ ਮੁਖੀ

ਅਜਿਹਾ ਨਾ ਕਰਨ ਪਿੱਛੇ ਦੱਸਿਆ ਜਾ ਰਿਹਾ ਕਾਰਨ ਵੀ ਸਮਝ ਤੋਂ ਬਾਹਰ ਹੈ। ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਆਰ.ਸੀ.ਐਮ.ਪੀ. ਦੇ ਸਾਬਕਾ ਅਫ਼ਸਰ ਪੌਲ ਡਡਵਾਲ ਨੂੰ ਐਕਸਟੌਰਸ਼ਨ ਦੇ ਮਸਲੇ ’ਤੇ ਬਣੇ ਕਮਿਊਨਿਟੀ ਐਡਵਾਇਜ਼ਰੀ ਗਰੁੱਪ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਪ੍ਰੀਮੀਅਰ ਡੇਵਿਡ ਈਬੀ ਨੇ ਨਿਯੁਕਤੀ ਦਾ ਐਲਾਨ ਕਰਦਿਆਂ ਕਿਹਾ, ‘‘ਅਸੀਂ ਵੱਡੇ ਸੰਕਟ ਵਿਚੋਂ ਲੰਘ ਰਹੇ ਹਾਂ ਕਿਉਂਕਿ ਅਪਰਾਧੀ ਸਾਡੇ ਕਾਰੋਬਾਰੀਆਂ ਤੋਂ ਮੋਟੀਆਂ ਰਕਮਾਂ ਮੰਗ ਰਹੇ ਹਨ ਅਤੇ ਘਰਾਂ ਉਤੇ ਗੋਲੀਆਂ ਚਲਾਉਣ ਦਾ ਸਿਲਸਿਲਾ ਲਗਾਤਾ ਜਾਰੀ ਹੈ। ਭਾਵੇਂ ਕੋਈ ਪੀੜਤ ਹੈ ਜਾਂ ਕਿਸੇ ਪੀੜਤ ਨੂੰ ਜਾਣਦਾ ਹੈ, ਗੋਲੀਆਂ ਦੀ ਆਵਾਜ਼ ਹਰ ਇਕ ਦੇ ਮਨ ਵਿਚ ਖੌਫ਼ ਪੈਦਾ ਕਰ ਦਿੰਦੀ ਹੈ। ਤਿੰਨ ਬੱਚਿਆਂ ਦਾ ਪਿਉ ਹੋਣ ਦੇ ਨਾਤੇ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਹਰ ਪਰਵਾਰ ਵਾਸਤੇ ਸੁਰੱਖਿਅਤ ਮਾਹੌਲ ਲਾਜ਼ਮੀ ਹੈ।’’ ਪ੍ਰੀਮੀਅਰ ਨੇ ਦੱਸਿਆ ਕਿ ਪੌਲ ਡਡਵਾਲ ਹੁਣ ਕਮਿਊਨਿਟੀ ਗਰੁੱਪ ਦੀ ਅਗਵਾਈ ਕਰਨਗੇ। ਬਤੌਰ ਪੁਲਿਸ ਅਫ਼ਸਰ ਉਨ੍ਹਾਂ ਦਾ ਤਜਰਬਾ ਫਾਇਦੇਮੰਦ ਸਾਬਤ ਹੋਵੇਗਾ। ਪੌਲ ਡਡਵਾਲ ਜੁਰਮ ਦਾ ਟਾਕਰਾ ਕਰਨਾ ਬਾਖੂਬੀ ਜਾਣਦੇ ਹਨ ਅਤੇ ਕਮਿਊਨਿਟੀ ਨਾਲ ਨੇੜਲੇ ਸਬੰਧ ਸਥਾਪਤ ਕਰਨ ਦੀ ਜਾਚ ਵੀ ਉਨ੍ਹਾਂ ਕੋਲ ਮੌਜੂਦ ਹੈ।

ਗੋਲੀਆਂ ਚਲਾਉਣ ਵਾਲਿਆਂ ਦੇ ਅਸਾਇਲਮ ਦਾਅਵੇ ਹਾਸੋਹੀਣੇ : ਈਬੀ

ਬੀ.ਸੀ. ਦੀ ਲੋਕ ਸੁਰੱਖਿਆ ਮੰਤਰੀ ਨੀਨਾ ਕ੍ਰੀਗਰ ਨੇ ਪ੍ਰੀਮੀਅਰ ਦੇ ਬਿਆਨ ਨਾਲ ਸਹਿਮਤੀ ਜ਼ਾਹਰ ਕਰਦਿਆਂ ਕਿਹਾ ਕਿ ਸਰੀ ਜਾਂ ਹੋਰਨਾਂ ਸ਼ਹਿਰਾਂ ਵਿਚ ਐਕਸਟੌਰਸ਼ਨ ਦਾ ਨਿਸ਼ਾਨਾ ਬਣ ਰਹੇ ਲੋਕਾਂ ਦੀ ਸੁਰੱਖਿਆ ਸੂਬਾ ਸਰਕਾਰ ਦਾ ਮੁੱਖ ਤਰਜੀਹ ਹੈ। ਐਡਵਾਇਜ਼ਰੀ ਗਰੁੱਪ ਕਮਿਊਨਿਟੀ ਦੀਆਂ ਚਿੰਤਾਵਾਂ ਸੁਣੇਗਾ ਅਤੇ ਅਹਿਮ ਮਸਲਿਆਂ ਦੀ ਸ਼ਨਾਖ਼ਤ ਕਰਦਿਆਂ ਇਨ੍ਹਾਂ ਨੂੰ ਲਾਅ ਐਨਫ਼ੋਰਸਮੈਂਟ ਅਫ਼ਸਰਾਂ ਅਤੇ ਸੂਬਾ ਸਰਕਾਰ ਤੱਕ ਪਹੁੰਚਾਇਆ ਜਾਵੇਗਾ। ਇਸੇ ਦੌਰਾਨ ਸਰੀ ਦੀ ਮੇਅਰ ਬਰੈਂਡਾ ਲੌਕ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਕਿ ਐਕਟੌਰਸ਼ਨ ਸੰਕਟ ਨਾਲ ਨਜਿੱਠਣ ਲਈ ਵਧੇਰੇ ਕਾਰਗਰ ਉਪਾਅ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਰੀ ਸ਼ਹਿਰ ਦੇ ਲੋਕਾਂ ਨੂੰ ਬੇਹੱਦ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਅਜਿਹੇ ਮੌਕੇ ’ਤੇ ਇਕਜੁਟਤਾ ਬੇਹੱਦ ਲਾਜ਼ਮੀ ਹੈ। ਇਥੇ ਦਸਣਾ ਬਣਦਾ ਹੈ ਕਿ ਆਰ.ਸੀ.ਐਮ.ਪੀ. ਦੇ ਕਮਿਸ਼ਨਰ ਮਾਈਕ ਡਹੀਮ ਜਲਦ ਹੀ ਸਰੀ ਪੁਲਿਸ ਅਤੇ ਬੀ.ਸੀ. ਐਕਸਟੌਰਸ਼ਨ ਟਾਸਕ ਫੋਰਸ ਦੇ ਮੁਖੀ ਨਾਲ ਮੀਟਿੰਗ ਕਰਨ ਦਾ ਐਲਾਨ ਕਰ ਚੁੱਕੇ ਹਨ।

Next Story
ਤਾਜ਼ਾ ਖਬਰਾਂ
Share it