ਕੈਨੇਡਾ ਵਿਚ ਪੰਜਾਬੀ ਦੇ ਕਾਤਲ ਨੂੰ 11 ਸਾਲ ਕੈਦ
ਕੈਨੇਡਾ ਵਿਚ ਪੰਜਾਬੀ ਪਰਵਾਰ ’ਤੇ ਹਮਲਾ ਕਰਦਿਆਂ ਪਰਵਾਰ ਮੁਖੀ ਦਾ ਕਤਲ ਕਰਨ ਵਾਲੇ ਨੂੰ 11 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਐਡਮਿੰਟਨ : ਕੈਨੇਡਾ ਵਿਚ ਪੰਜਾਬੀ ਪਰਵਾਰ ’ਤੇ ਹਮਲਾ ਕਰਦਿਆਂ ਪਰਵਾਰ ਮੁਖੀ ਦਾ ਕਤਲ ਕਰਨ ਵਾਲੇ ਨੂੰ 11 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਐਲਬਰਟਾ ਦੇ ਐਡਮਿੰਟਨ ਸ਼ਹਿਰ ਵਿਚ 1 ਜਨਵਰੀ 2023 ਨੂੰ ਵੱਡੇ ਤੜਕੇ 2 ਬੰਦੂਕਧਾਰੀ ਦਰਵਾਜ਼ਾ ਤੋੜ ਕੇ ਬਰਿੰਦਰ ਸਿੰਘ ਦੇ ਘਰ ਵਿਚ ਦਾਖਲ ਹੋਏ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਪਛਾਣ ਦੇ ਭੁਲੇਖੇ ਦੀ ਵਾਰਦਾਤ ਦੌਰਾਨ ਬਰਿੰਦਰ ਸਿੰਘ ਅਤੇ ਉਨ੍ਹਾਂ ਦੀ 21 ਸਾਲਾ ਧੀ ਤਵਨੀਤ ਕੌਰ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਬਰਿੰਦਰ ਸਿੰਘ ਨੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਦਮ ਤੋੜ ਦਿਤਾ ਜਦਕਿ ਤਵਨੀਤ ਕੌਰ ਦੀ ਜਾਨ ਬਚ ਗਈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਟੈਵਨ ਔਰ ਨੇ ਮਾਰਚ 2023 ਵਿਚ ਸਰੰਡਰ ਕੀਤਾ ਅਤੇ ਉਸ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਜਦਕਿ ਉਸ ਦੇ ਸਾਥੀ ਨੂੰ ਜੂਨ 2023 ਵਿਚ ਕਾਬੂ ਕੀਤਾ ਗਿਆ।
2023 ਵਿਚ ਹੋਈ ਸੀ ਬਰਿੰਦਰ ਸਿੰਘ ਦੀ ਹੱਤਿਆ
ਟੈਵਨ ਔਰ ਨੇ ਅਦਾਲਤ ਵਿਚ ਆਪਣਾ ਗੁਨਾਹ ਕਬੂਲ ਕਰ ਲਿਆ ਜਿਸ ਦੇ ਮੱਦੇਨਜ਼ਰ ਉਸ ਨੂੰ ਦੂਜੇ ਦਰਜੇ ਦੀ ਹੱਤਿਆ ਦੇ ਦੋਸ਼ ਹੇਠ ਸਜ਼ਾ ਸੁਣਾਈ ਗਈ ਹੈ। ਟੈਵਨ ਔਰ ਨੇ ਅਦਾਲਤ ਵਿਚ ਬਰਿੰਦਰ ਸਿੰਘ ਦੇ ਪਰਵਾਰ ਤੋਂ ਮੁਆਫ਼ੀ ਮੰਗੀ ਪਰ ਪਰਵਾਰ ਦਾ ਕਹਿਣਾ ਸੀ ਕਿ ਸਜ਼ਾ ਵਿਚ ਨਰਮੀ ਹਾਸਲ ਕਰਨ ਲਈ ਉਸ ਨੇ ਡਰਾਮਾ ਕੀਤਾ। ਸਰਕਾਰੀ ਅਤੇ ਬਚਾਅ ਪੱਖ ਦੇ ਵਕੀਲਾਂ ਵੱਲੋਂ ਸਾਂਝੇ ਤੌਰ ’ਤੇ ਟੈਵਨ ਔਰ ਨੂੰ 11 ਸਾਲ ਵਾਸਤੇ ਜੇਲ ਭੇਜਣ ਦੀ ਗੁਜ਼ਾਰਿਸ਼ ਕੀਤੀ ਗਈ। ਸਰਕਾਰੀ ਵਕੀਲ ਨੇ ਕਿਹਾ ਕਿ ਦੂਜੇ ਦਰਜੇ ਦੀ ਹੱਤਿਆ ਦੇ ਮਾਮਲੇ ਵਿਚ ਘੱਟੋ ਘੱਟ ਸਜ਼ਾ 10 ਸਾਲ ਬਣਦੀ ਹੈ ਅਤੇ ਟੈਵਨ ਔਰ ਨੂੰ 11 ਸਾਲ ਕੈਦ ਵਾਸਤੇ ਜੇਲ ਭੇਜਣਾ ਲਾਜ਼ਮੀ ਹੋਵੇਗਾ। ਐਡਮਿੰਟਨ ਦੀ ਅਦਾਲਤ ਨੇ ਟੈਵਨ ਔਰ ਨੂੰ ਸਜ਼ਾ ਸੁਣਾਉਂਦਿਆਂ ਉਮੀਦ ਜ਼ਾਹਰ ਕੀਤੀ ਕਿ ਉਸ ਵੱਲੋਂ ਇਕ ਮਾਸੂਮ ਪਰਵਾਰ ਨੂੰ ਪਹੁੰਚਾਏ ਵੱਡੇ ਨੁਕਸਾਨ ਦਾ ਪਛਤਾਵਾ ਜ਼ਰੂਰ ਹੋਵੇਗਾ। ਦੱਸ ਦੇਈਏ ਕਿ ਟੈਵਨ ਔਰ ਦੇ ਸਾਥੀ 28 ਸਾਲਾ ਡੈਕਵਾਨ ਰੋਸ਼ੇਨ ਹਾਵਰਡ ਲੀ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਸਣੇ ਤਿੰਨ ਦੋਸ਼ ਆਇਦ ਕੀਤੇ ਗਏ ਸਨ। ਪੁਲਿਸ ਮੁਤਾਬਕ ਹਮਲਾਵਰਾਂ ਦਾ ਮਕਸਦ ਕਿਸੇ ਹੋਰ ਨੂੰ ਨਿਸ਼ਾਨਾ ਬਣਾਉਣਾ ਸੀ ਪਰ ਪਛਾਣ ਵਿਚ ਕੋਤਾਹੀ ਦਾ ਨਤੀਜਾ ਬਰਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਵਾਰ ਨੂੰ ਭੁਗਤਣਾ ਪਿਆ।
2019 ਵਿਚ ਪੰਜਾਬ ਤੋਂ ਕੈਨੇਡਾ ਪੁੱਜਾ ਸੀ ਪਰਵਾਰ
ਬਰਿੰਦਰ ਸਿੰਘ ਦੀ ਪਤਨੀ ਜਸਜੀਤ ਕੌਰ ਦੀਆਂ ਅੱਖਾਂ ਵਿਚੋਂ ਹੰਝੂ ਰੋਕਿਆਂ ਨਹੀਂ ਸਨ ਰੁਕ ਰਹੇ। ਇਹ ਪਰਵਾਰ ਸੁਨਹਿਰੇ ਭਵਿੱਖ ਦੀ ਭਾਲ ਵਿਚ 2019 ਵਿਚ ਪੰਜਾਬ ਤੋਂ ਕੈਨੇਡਾ ਆਇਆ ਸੀ। ਕੁਝ ਸਮਾਂ ਬੀ.ਸੀ. ਵਿਚ ਰਹਿਣ ਮਗਰੋਂ ਪਰਵਾਰ ਨੇ ਐਲਬਰਟਾ ਦੇ ਐਡਮਿੰਟਨ ਸ਼ਹਿਰ ਵਿਚ ਵਸਣ ਦਾ ਫੈਸਲਾ ਲਿਆ ਜੋ ਬੇਹੱਦ ਮੰਦਭਾਗਾ ਸਾਬਤ ਹੋਇਆ। ਜਸਜੀਤ ਕੌਰ ਨੂੰ ਉਹ ਕਾਲੀ ਰਾਤ ਅੱਜ ਵੀ ਯਾਦ ਹੈ ਜਦੋਂ ਹਮਲਾਵਰ ਦਰਵਾਜ਼ਾ ਤੋੜ ਕੇ ਘਰ ਅੰਦਰ ਦਾਖਲ ਹੋਏ ਅਤੇ ਗੋਲੀਆਂ ਦਾ ਮੀਂਹ ਵਰ੍ਹਾ ਦਿਤਾ। ਪਰਵਾਰ ਗੂੜ੍ਹੀ ਨੀਂਦ ਵਿਚ ਸੀ ਪਰ ਅਚਾਨਕ ਹੋਏ ਖੜਕੇ ਅਤੇ ਗੋਲੀਆਂ ਦੀ ਆਵਾਜ਼ ਸੁਣ ਕੇ ਸਭ ਘਬਰਾਅ ਗਏ। ਗੋਲੀਆਂ ਚੱਲਣੀਆਂ ਬੰਦ ਹੋਈਆਂ ਤਾਂ ਬਰਿੰਦਰ ਸਿੰਘ ਅਤੇ ਉਨ੍ਹਾਂ ਦੀ ਵੱਡੀ ਬੇਟੀ ਖੂਨ ਨਾਲ ਲਥਪਥ ਨਜ਼ਰ ਆਏ। ਜਸਜੀਤ ਕੌਰ ਨੇ ਤੁਰਤ ਐਮਰਜੰਸੀ ਨੰਬਰ ’ਤੇ ਕਾਲ ਕੀਤੀ ਅਤੇ ਬਰਿੰਦਰ ਸਿੰਘ ਤੇ ਉਨ੍ਹਾਂ ਦੀ ਬੇਟੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਬਰਿੰਦਰ ਸਿੰਘ ਨੇ ਦਮ ਤੋੜ ਦਿਤਾ। ਬੇਟੀ ਨੂੰ ਕੁਝ ਦਿਨਾਂ ਦੇ ਇਲਾਜ ਮਗਰੋਂ ਛੁੱਟੀ ਮਿਲ ਗਈ ਅਤੇ ਹੁਣ ਵੱਡਾ ਸਵਾਲ ਭਵਿੱਖ ਦਾ ਸੀ। ਜਸਜੀਤ ਕੌਰ ਮੁਤਾਬਕ ਉਨ੍ਹਾਂ ਦਾ ਪਰਵਾਰ ਅੱਜ ਵੀ ਸੰਘਰਸ਼ ਕਰ ਰਿਹਾ ਹੈ। ਪਰਵਾਰ ਦਾ ਮੁਖੀ ਦੁਨੀਆਂ ਵਿਚ ਨਹੀਂ ਰਿਹਾ ਅਤੇ ਕੈਨੇਡਾ ਆਉਣਾ ਮਹਿੰਗਾ ਪੈ ਗਿਆ।