ਕੈਨੇਡਾ ’ਚ ਪੰਜਾਬੀ ਨੇ ਗੋਲੀਬਾਰੀ ਦਾ ਗੁਨਾਹ ਕਬੂਲਿਆ
ਕੈਨੇਡਾ ਦੇ ਬੀ.ਸੀ. ਵਿਚ ਪੰਜਾਬੀ ਨੌਜਵਾਨ ਨੇ ਗੋਲੀਆਂ ਮਾਰ ਕੇ ਔਰਤ ਨੂੰ ਜ਼ਖਮੀ ਕਰਨ ਦਾ ਗੁਨਾਹ ਕਬੂਲ ਕਰ ਲਿਆ ਜਿਸ ਨੂੰ 38 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ।

By : Upjit Singh
ਵੈਨਕੂਵਰ : ਕੈਨੇਡਾ ਦੇ ਬੀ.ਸੀ. ਵਿਚ ਪੰਜਾਬੀ ਨੌਜਵਾਨ ਨੇ ਗੋਲੀਆਂ ਮਾਰ ਕੇ ਔਰਤ ਨੂੰ ਜ਼ਖਮੀ ਕਰਨ ਦਾ ਗੁਨਾਹ ਕਬੂਲ ਕਰ ਲਿਆ ਜਿਸ ਨੂੰ 38 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। 16 ਜਨਵਰੀ 2021 ਨੂੰ ਵੱਡੇ ਤੜਕੇ ਕੌਕੁਇਟਲੈਮ ਦੇ ਵਾਈਟਿੰਗ ਵੇਅ ਇਲਾਕੇ ਦੀ ਇਕ ਬਹੁਮੰਜ਼ਿਲਾ ਇਮਾਰਤ ਵਿਚ ਵਾਪਰੀ ਵਾਰਦਾਤ ਦੌਰਾਨ ਇਕ ਔਰਤ ਜ਼ਖਮੀ ਹਾਲਤ ਵਿਚ ਮਿਲੀ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਦਕਿ ਕੌਕੁਇਟਲੈਮ ਆਰ.ਸੀ.ਐਮ.ਪੀ. ਨੇ ਲੋਅਰ ਮੇਨਲੈਂਡ ਡਿਸਟ੍ਰਿਕਟ ਐਮਰਜੰਸੀ ਰਿਸਪੌਂਸ ਟੀਮ ਦੀ ਮਦਦ ਨਾਲ 36 ਸਾਲ ਸੁਖਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਅਦਾਲਤ ਨੇ 38 ਮਹੀਨੇ ਕੈਦ ਦੀ ਸਜ਼ਾ ਸੁਣਾਈ
ਐਕਟਿੰਗ ਸਾਰਜੈਂਟ ਜੌਹਨ ਗ੍ਰਾਹਮ ਨੇ ਦੱਸਿਆ ਕਿ ਸੁਖਦੀਪ ਸਿੰਘ ਦੇ ਹਥਿਆਰਬੰਦ ਹੋਣ ਅਤੇ ਖੁਦ ਇਕ ਘਰ ਵਿਚ ਬੰਦ ਕਰ ਲੈਣ ਦੇ ਮੱਦੇਨਜ਼ਰ ਸੰਘਣੀ ਆਬਾਦੀ ਵਾਲੀ ਰਿਹਾਇਸ਼ੀ ਇਲਾਕੇ ਵਿਚ ਕਈ ਇਮਾਰਤਾਂ ਖਾਲੀ ਕਰਵਾਈਆਂ ਗਈਆਂ। ਆਰ.ਸੀ.ਐਮ.ਪੀ. ਨੇ ਸ਼ੱਕੀ ਨੂੰ ਗ੍ਰਿਫ਼ਤਾਰ ਕਰਦਿਆਂ ਗੈਰਕਾਨੂੰਨੀ ਹਥਿਆਰ ਰੱਖਣ ਅਤੇ ਗੋਲੀ ਚਲਾਉਣ ਦੇ ਦੋਸ਼ ਆਇਦ ਕਰ ਦਿਤੇ।
ਬੀ.ਸੀ. ਦੇ ਕੌਕੁਇਟਲੈਮ ਵਿਖੇ 2021 ਵਿਚ ਚੱਲੀਆਂ ਸਨ ਗੋਲੀਆਂ
ਬਾਅਦ ਵਿਚ ਮਾਮਲੇ ਦੀ ਪੜਤਾਲ ਕਰਦਿਆਂ ਆਰ.ਸੀ.ਐਮ.ਪੀ. ਦਾ ਮੇਜਰ ਕ੍ਰਾਈਮ ਸੈਕਸ਼ਨ ਸ਼ੱਕੀ ਤੋਂ ਗੁਨਾਹ ਕਬੂਲ ਕਰਵਾਉਣ ਵਿਚ ਸਫ਼ਲ ਰਿਹਾ। ਅਦਾਲਤ ਵੱਲੋਂ ਸੁਖਦੀਪ ਸਿੰਘ ਨੂੰ ਸਜ਼ਾ ਸੁਣਾਉਂਦਿਆਂ ਉਮਰ ਭਰ ਲਈ ਹਥਿਆਰ ਰੱਖਣ ’ਤੇ ਪਾਬੰਦੀ ਵੀ ਲਾਈ ਅਤੇ ਨੈਸ਼ਨਲ ਡਾਟਾ ਬੈਂਕ ਵਿਚ ਡੀ.ਐਨ.ਏ. ਨਮੂਨਾ ਜਮ੍ਹਾਂ ਕਰਵਾਉਣ ਦੇ ਹੁਕਮ ਵੀ ਦਿਤੇ।


