ਕੈਨੇਡਾ ਦੀ ਬੱਸ ਵਿਚ ਛੁਰੇ ਚਲਾਉਣ ਵਾਲਾ ਪੰਜਾਬੀ ਕਾਬੂ
ਬਰੈਂਪਟਨ ਟ੍ਰਾਂਜ਼ਿਟ ਦੀ ਬੱਸ ਵਿਚ ਛੁਰੇਬਾਜ਼ੀ ਕਰਨ ਵਾਲਾ ਕਥਿਤ ਸ਼ੱਕੀ ਪੀਲ ਰੀਜਨਲ ਪੁਲਿਸ ਨੇ ਕਾਬੂ ਕਰ ਲਿਆ ਹੈ ਜਿਸ ਦੀ ਪਛਾਣ 31 ਸਾਲ ਦੇ ਹਰਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ

By : Upjit Singh
ਬਰੈਂਪਟਨ : ਬਰੈਂਪਟਨ ਟ੍ਰਾਂਜ਼ਿਟ ਦੀ ਬੱਸ ਵਿਚ ਛੁਰੇਬਾਜ਼ੀ ਕਰਨ ਵਾਲਾ ਕਥਿਤ ਸ਼ੱਕੀ ਪੀਲ ਰੀਜਨਲ ਪੁਲਿਸ ਨੇ ਕਾਬੂ ਕਰ ਲਿਆ ਹੈ ਜਿਸ ਦੀ ਪਛਾਣ 31 ਸਾਲ ਦੇ ਹਰਪ੍ਰੀਤ ਸਿੰਘ ਵਜੋਂ ਕੀਤੀ ਗਈ ਹੈ। ਪੁਲਿਸ ਨੇ ਦੱਸਿਆ ਕਿ 1 ਅਕਤੂਬਰ ਨੂੰ ਰਾਤ ਤਕਰੀਬਨ 9.30 ਵਜੇ ਬਰੈਮਲੀ ਰੋਡ ਅਤੇ ਬੋਵੇਅਰਡ ਡਰਾਈਵ ਨੇੜਿਉਂ ਜਾ ਰਹੀ ਬਰੈਂਪਟਨ ਟ੍ਰਾਂਜ਼ਿਟ ਦੀ ਬੱਸ ਵਿਚ ਦੋ ਜਣਿਆਂ ਵਿਚਾਲੇ ਤਲਖ ਕਲਾਮੀ ਹੋ ਗਈ। ਮਾਮਲਾ ਹੋਰ ਭਖ ਗਿਆ ਅਤੇ ਸ਼ੱਕੀ ਘਸੁੰਨ ਮੁੱਕਿਆਂ ’ਤੇ ਉਤਰ ਆਇਆ। ਇਸ ਮਗਰੋਂ ਉਸ ਨੇ ਕਥਿਤ ਤੌਰ ’ਤੇ ਕਿਸੇ ਤੇਜ਼ਧਾਰ ਚੀਜ਼ ਨਾਲ ਹਮਲਾ ਕਰ ਦਿਤਾ ਪਰ ਖੁਸ਼ਕਿਮਸਤੀ ਨਾਲ ਜ਼ਖਮ ਡੂੰਘੇ ਨਹੀਂ ਸਨ ਅਤੇ ਪੀੜਤ ਦੀ ਜਾਨ ਬਚ ਗਈ।
ਹਰਪ੍ਰੀਤ ਸਿੰਘ ਵਿਰੁੱਧ ਲੱਗੇ ਇਰਾਦਾ ਕਤਲ ਦੇ ਦੋਸ਼
ਪੁਲਿਸ ਮੁਤਾਬਕ ਸ਼ੱਕੀ ਅਤੇ ਪੀੜਤ ਇਕ-ਦੂਜੇ ਨੂੰ ਜਾਣਦੇ ਨਹੀਂ ਸਨ ਅਤੇ ਵਾਰਦਾਤ ਮਗਰੋਂ ਸ਼ੱਕੀ ਪੈਦਲ ਹੀ ਫਰਾਰ ਹੋ ਗਿਆ। ਪੀਲ ਰੀਜਨਲ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕਰਦਿਆਂ ਸ਼ੱਕੀ ਦੀ ਪਛਾਣ ਬਰੈਂਪਟਨ ਦੇ ਹਰਪ੍ਰੀਤ ਸਿੰਘ ਵਜੋਂ ਕੀਤੀ ਅਤੇ ਇਰਾਦਾ ਕਤਲ, ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਹਮਲਾ, ਹਥਿਆਰ ਨਾਲ ਹਮਲਾ ਕਰਨ ਅਤੇ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਆਇਦ ਕਰ ਦਿਤੇ। ਹਰਪ੍ਰੀਤ ਸਿੰਘ ਨੂੰ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਤੱਕ ਹਿਰਾਸਤ ਵਿਚ ਰੱਖਿਆ ਗਿਆ ਹੈ ਜੋ ਪਹਿਲਾਂ ਵੀ ਕਿਸੇ ਮਾਮਲੇ ਵਿਚ ਜ਼ਮਾਨਤ ’ਤੇ ਰਿਹਾਅ ਹੋਇਆ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 905 453 3311 ਐਕਸਟੈਨਸ਼ਨ 2133 ’ਤੇ ਸੰਪਰਕ ਕੀਤਾ ਜਾਵੇ।


