ਕੈਨੇਡਾ ਵਿਚ ਪੰਜਾਬੀ ਵਕੀਲ ’ਤੇ ਧੋਖਾਧੜੀ ਦੇ ਦੋਸ਼
ਕੈਨੇਡਾ ਵਿਚ ਇਕ ਪੰਜਾਬੀ ਵਕੀਲ ਉਤੇ 30 ਲੱਖ ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਕਰਨ ਦੇ ਦੋਸ਼ ਲੱਗੇ ਹਨ ਅਤੇ ਪੀਲ ਰੀਜਨਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

By : Upjit Singh
ਬਰੈਂਪਟਨ : ਕੈਨੇਡਾ ਵਿਚ ਇਕ ਪੰਜਾਬੀ ਵਕੀਲ ਉਤੇ 30 ਲੱਖ ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ ਕਰਨ ਦੇ ਦੋਸ਼ ਲੱਗੇ ਹਨ ਅਤੇ ਪੀਲ ਰੀਜਨਲ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪੀਲ ਪੁਲਿਸ ਦੇ ਫਰੌਡ ਬਿਊਰੋ ਕੋਲ ਜੁਲਾਈ ਅਤੇ ਅਗਸਤ ਦੌਰਾਨ ਕਈ ਸ਼ਿਕਾਇਤਾਂ ਪੁੱਜੀਆਂ ਜਿਨ੍ਹਾਂ ਵਿਚ ਬਰੈਂਪਟਨ ਦੇ ਵਕੀਲ ਪਵਨਜੀਤ ਮਾਨ ਵਿਰੁੱਧ ਆਪਣੇ ਟਰੱਸਟ ਦੇ ਖਾਤੇ ਰਾਹੀਂ ਵੱਡਾ ਘਪਲਾ ਕਰਨ ਦੇ ਦੋਸ਼ ਲਾਏ ਗਏ। ਬਰੈਂਪਟਨ ਦੇ ਬ੍ਰਿਸਡੇਲ ਡਰਾਈਵ ਵਿਖੇ ਸਥਿਤ ਪੀ.ਜੇ. ਮਾਨ ਲਾਅ ਫਰਮ ਵਿਚ ਵਕੀਲ ਪਵਨਜੀਤ ਮਾਨ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ 3 ਮਿਲੀਅਨ ਡਾਲਰ ਤੋਂ ਵੱਧ ਰਕਮ ਦਾ ਨੁਕਸਾਨ ਹੋਇਆ।
30 ਲੱਖ ਡਾਲਰ ਤੋਂ ਵੱਧ ਰਕਮ ਦੇ ਘਪਲੇ ਦੀਆਂ ਸ਼ਿਕਾਇਤਾਂ ਪੁੱਜੀਆਂ
ਪਵਨਜੀਤ ਮਾਨ ਵਿਰੁੱਧ ਸ਼ਿਕਾਇਤਾਂ ਦਾ ਪੁਲੰਦਾ ਅਜਿਹੇ ਸਮੇਂ ਆਇਆ ਹੈ ਜਦੋਂ ਇਕ ਮਹੀਨਾ ਪਹਿਲਾਂ ਉਨਟਾਰੀਓ ਦੀ ਲਾਅ ਸੋਸਾਇਟੀ ਨੇ ਉਸ ਦਾ ਲਾਇਸੰਸ ਰੱਦ ਕਰ ਦਿਤਾ। ਇਕ ਟ੍ਰਿਬਿਊਨਲ ਨੇ ਜੁਲਾਈ ਵਿਚ ਫੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਪਵਨਜੀਤ ਮਾਨ ਵੱਲੋਂ ਦੋ ਪ੍ਰੌਪਰਟੀਜ਼ ਨਾਲ ਸਬੰਧਤ ਰੀਅਲ ਅਸਟੇਟ ਦੇ ਲੈਣ-ਦੇਣ ਬਾਰੇ ਜਾਣ-ਬੁੱਝ ਕੇ ਬੇਇਮਾਨੀ ਕੀਤੀ ਗਈ ਅਤੇ ਇਕ ਪੜਤਾਲ ਦੌਰਾਨ ਲਾਅ ਸੋਸਾਇਟੀ ਨੂੰ ਗੁੰਮਰਾਹ ਕਰਨ ਦਾ ਯਤਨ ਕੀਤਾ। ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਪਵਨਜੀਤ ਮਾਨ ਦਾ ਲਾਇਸੰਸ ਰੱਦ ਕਰਦਿਆਂ ਉਸ ਨੂੰ 24 ਹਜ਼ਾਰ ਡਾਲਰ ਜੁਰਮਾਨਾ ਅਦਾ ਕਰਨ ਦੇ ਹੁਕਮ ਵੀ ਦਿਤੇ ਗਏ।
ਪੀਲ ਰੀਜਨਲ ਪੁਲਿਸ ਕਰ ਰਹੀ ਹੈ ਮਾਮਲੇ ਦੀ ਪੜਤਾਲ
ਉਧਰ ਪੀਲ ਰੀਜਨਲ ਪੁਲਿਸ ਨੇ ਸੋਮਵਾਰ ਨੂੰ ਮਾਮਲੇ ਦੀ ਤਹਿਕੀਕਾਤ ਕਰਨ ਦਾ ਐਲਾਨ ਕਰ ਦਿਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਫਰੌਡ ਬਿਊਰੋ ਦੇ ਜਾਂਚਕਰਤਾਵਾਂ ਨਾਲ 905 453 3311 ਐਕਸਟੈਨਸ਼ਨ 3335 ’ਤੇ ਸੰਪਰਕ ਕੀਤਾ ਜਾਵੇ। ਦੂਜੇ ਪਾਸੇ ਪਵਨਜੀਤ ਮਾਨ ਜਾਂ ਪੀ.ਜੇ. ਮਾਨ ਲਾਅ ਫ਼ਰਮ ਵੱਲੋਂ ਫ਼ਿਲਹਾਲ ਇਸ ਮੁੱਦੇ ’ਤੇ ਕੋਈ ਟਿੱਪਣੀ ਨਹੀਂ ਕੀਤੀ ਗਈ।


