ਕੈਨੇਡਾ ’ਚ ਪੰਜਾਬੀ ਮਕਾਨ ਮਾਲਕਾਂ ਦੀ ਕਸੀ ਜਾਵੇਗੀ ਨਕੇਲ
ਬਰੈਂਪਟਨ ਵਿਖੇ ਗੈਰਕਾਨੂੰਨੀ ਤਰੀਕੇ ਨਾਲ ਕਿਰਾਏ ’ਤੇ ਦਿਤੇ ਘਰ ਵਿਚ ਵਾਪਰੀ ਤਰਾਸਦੀ ਨੇ ਆਪ ਹੁਦਰੇ ਮਕਾਨ ਮਾਲਕਾਂ ਦੀ ਨਕੇਲ ਕਸਣ ਦਾ ਰਾਹ ਪੱਧਰਾ ਕਰ ਦਿਤਾ ਹੈ

By : Upjit Singh
ਬਰੈਂਪਟਨ : ਬਰੈਂਪਟਨ ਵਿਖੇ ਗੈਰਕਾਨੂੰਨੀ ਤਰੀਕੇ ਨਾਲ ਕਿਰਾਏ ’ਤੇ ਦਿਤੇ ਘਰ ਵਿਚ ਵਾਪਰੀ ਤਰਾਸਦੀ ਨੇ ਆਪ ਹੁਦਰੇ ਮਕਾਨ ਮਾਲਕਾਂ ਦੀ ਨਕੇਲ ਕਸਣ ਦਾ ਰਾਹ ਪੱਧਰਾ ਕਰ ਦਿਤਾ ਹੈ। ਜੀ ਹਾਂ, ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਰੈਜ਼ੀਡੈਂਸ਼ੀਅਲ ਰੈਂਟਲ ਪ੍ਰੋਗਰਾਮ ਦਾ ਘੇਰਾ ਵਧਾਉਣ ਦੇ ਸੰਕੇਤ ਦਿਤੇ ਗਏ ਹਨ। ਜਨਵਰੀ 2026 ਤੋਂ ਵਾਰਡ 2 ਅਤੇ 8 ਵਿਚ ਕਿਰਾਏਦਾਰ ਰੱਖਣ ਵਾਸਤੇ ਲਾਇਸੰਸ ਲੈਣਾ ਲਾਜ਼ਮੀ ਕੀਤਾ ਜਾ ਰਿਹਾ ਹੈ ਅਤੇ ਇਸ ਮਗਰੋਂ ਵਾਰਡ 6, 9 ਅਤੇ 10 ਵੀ ਆਰ.ਆਰ.ਐਲ. ਦੇ ਘੇਰੇ ਵਿਚ ਲਿਆਂਦੇ ਜਾਣਗੇ। 2024 ਤੋਂ ਲਾਗੂ ਆਰ.ਆਰ.ਐਲ. ਪ੍ਰੋਗਰਾਮ ਦਾ ਭਾਰਤੀ ਮੂਲ ਦੇ ਮਕਾਨ ਮਾਲਕਾਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਸੀ ਪਰ ਤਾਜ਼ਾ ਘਟਨਾ ਮਗਰੋਂ ਰੋਸ ਪ੍ਰਗਟਾਉਣ ਦਾ ਕੋਈ ਠੋਸ ਆਧਾਰ ਬਾਕੀ ਨਹੀਂ ਰਹਿ ਗਿਆ।
ਬਰੈਂਪਟਨ ਹਾਦਸੇ ਮਗਰੋਂ ਵਧੇਗਾ ਆਰ.ਆਰ.ਐਲ. ਦਾ ਘੇਰਾ
ਕੁਝ ਮਕਾਨ ਮਾਲਕ ਆਰ.ਆਰ. ਐਲ. ਨੂੰ ਸਿਆਸੀ ਹਥਿਆਰ ਦੱਸਦੇ ਆਏ ਹਨ ਅਤੇ ਬਰੈਂਪਟਨ ਹਾਊਸਿੰਗ ਪ੍ਰੋਵਾਈਡਰਜ਼ ਐਸੋਸੀਏਸ਼ਨ ਦੇ ਬਾਨੀ ਆਜ਼ਾਦ ਗੋਇਤ ਬਰੈਂਪਟਨ ਸਿਟੀ ਕੌਂਸਲ ਨੂੰ ਪੈਸੇ ਦੇ ਭੁੱਖਿਆਂ ਦਾ ਇਕੱਠ ਤੱਕ ਆਖ ਚੁੱਕੇ ਹਨ। ਇਕ ਸਰਵੇਖਣ ਮੁਤਾਬਕ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਨੂੰ ਉਨ੍ਹਾਂ ਸ਼ਹਿਰ ਵਾਸੀਆਂ ਤੋਂ ਭਰਵਾਂ ਹੁੰਗਾਰਾ ਮਿਲਿਆ ਜੋ ਘਰਾਂ ਦੀਆਂ ਬੇਸਮੈਂਟਾਂ ਵਿਚ ਗੈਰਜ਼ਰੂਰੀ ਭੀੜ ਨਹੀਂ ਚਾਹੁੰਦੇ। ਸਰਵੇਖਣ ਦੌਰਾਨ 83 ਫੀ ਸਦੀ ਲੋਕਾਂ ਨੇ ਗੈਰਕਾਨੂੰਨੀ ਤਰੀਕੇ ਨਾਲ ਕਿਰਾਏਦਾਰ ਰੱਖਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਹਮਾਇਤ ਕੀਤੀ ਜਦਕਿ 10 ਫੀ ਸਦੀ ਨੇ ਕਿਹਾ ਕਿ ਉਹ ਯਕੀਨੀ ਤੌਰ ’ਤੇ ਕੁਝ ਨਹੀਂ ਕਹਿ ਸਕਦੇ। ਵਾਰਡ 1 ਅਤੇ 5 ਤੋਂ ਕੌਂਸਲਰ ਰੌਇਨਾ ਸੈਂਟੌਂਸ ਨੇ ਕਿਹਾ ਕਿ ਰੈਜ਼ੀਡੈਂਸ਼ੀਅਲ ਰੈਂਟਲ ਲਾਇਸੈਂਸਿੰਗ ਪ੍ਰੋਗਰਾਮ ਰਾਹੀਂ ਸਿਟੀ ਸਟਾਫ ਬਿਹਤਰ ਤਰੀਕੇ ਨਾਲ ਸ਼ਿਕਾਇਤਾਂ ਦਾ ਨਿਪਟਾਰਾ ਕਰ ਸਕਦਾ ਹੈ ਜੋ ਕਿਰਾਏਦਾਰਾਂ ਦੀ ਗਿਣਤੀ ਜਾਂ ਹੋਰ ਕਾਰਨਾਂ ਕਰ ਕੇ ਆਉਂਦੀਆਂ ਹਨ।
ਮੇਅਰ ਪੈਟ੍ਰਿਕ ਬ੍ਰਾਊਨ ਨੇ ਦਿਤੇ ਸੰਕੇਤ
ਉਨ੍ਹਾਂ ਅੱਗੇ ਕਿਹਾ ਕਿ ਕਈ ਮਕਾਨ ਮਾਲਕ ਆਪਣੀਆਂ ਬੇਸਮੈਂਟਾਂ ਜਾਂ ਕਿਰਾਏ ’ਤੇ ਦਿਤਾ ਜਾਣ ਵਾਲਾ ਘਰ ਦਾ ਕੋਈ ਵੀ ਹਿੱਸਾ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਰਹਿਣ ਯੋਗ ਬਣਾ ਕੇ ਰਖਦੇ ਹਨ ਪਰ ਬਦਕਿਸਮਤੀ ਨਾਲ ਕੁਝ ਮਕਾਨ ਮਾਲਕ ਬਗੈਰ ਕਿਸੇ ਜਵਾਬਦੇਹੀ ਤੋਂ ਕਿਰਾਏਦਾਰ ਰਖਦੇ ਹਨ ਅਤੇ ਉਨ੍ਹਾਂ ਦਾ ਸ਼ੋਸ਼ਣ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ। ਉਧਰ ਆਜ਼ਾਦ ਗੋਇਤ ਦਲੀਲ ਦਿੰਦੇ ਆਏ ਹਨ ਕਿ ਕਿਰਾਏਦਾਰਾਂ ਨਾਲ ਵਿਵਾਦ ਸੁਲਝਾਉਣ ਦੀ ਪ੍ਰਕਿਰਿਆ ਵਿਚ ਲੱਗਣ ਵਾਲਾ ਸਮਾਂ ਘਟਾਉਣ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ ਅਤੇ ਫਾਲਤੂ ਜਾਂਚ ਪੜਤਾਲ ਅਤੇ ਲਾਇਸੰਸ ਫੀਸ ’ਤੇ ਜ਼ੋਰ ਦਿਤਾ ਜਾ ਰਿਹਾ ਹੈ। ਕਿਸੇ ਵੇਲੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਕਿਹਾ ਸੀ ਕਿ ਤਕਰੀਬਨ ਇਕ ਲੱਖ ਲੋਕ ਗੈਰਮਿਆਰੀ ਬੇਸਮੈਂਟਾਂ ਜਾਂ ਕਮਰਿਆਂ ਵਿਚ ਰਹਿ ਰਹੇ ਹਨ ਅਤੇ ਸ਼ਹਿਰ ਵਿਚ 30 ਹਜ਼ਾਰ ਬੇਸਮੈਂਟਾਂ ਜਾਂ ਕਮਰੇ ਗੈਰਕਾਨੂੰਨੀ ਤਰੀਕੇ ਨਾਲ ਕਿਰਾਏ ’ਤੇ ਚੜ੍ਹੇ ਹੋਏ ਹਨ।


