ਕੈਨੇਡਾ ਵਿਚ ਪੰਜਾਬਣ ਮੁਟਿਆਰ ਨੇ ਕਬੂਲਿਆ ਗੁਨਾਹ
ਬੀ.ਸੀ. ਦੀ ਸਾਬਕਾ ਜੇਲ ਗਾਰਡ ਰਮਨਦੀਪ ਰਾਏ ਨੇ ਵਿਸਾਹਘਾਤ ਦੇ ਦੋਸ਼ ਸ਼ੁੱਕਰਵਾਰ ਨੂੰ ਅਦਾਲਤ ਵਿਚ ਕਬੂਲ ਕਰ ਲਏ

By : Upjit Singh
ਵੈਨਕੂਵਰ : ਬੀ.ਸੀ. ਦੀ ਸਾਬਕਾ ਜੇਲ ਗਾਰਡ ਰਮਨਦੀਪ ਰਾਏ ਨੇ ਵਿਸਾਹਘਾਤ ਦੇ ਦੋਸ਼ ਸ਼ੁੱਕਰਵਾਰ ਨੂੰ ਅਦਾਲਤ ਵਿਚ ਕਬੂਲ ਕਰ ਲਏ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਅਦਾਲਤ ਵੱਲੋਂ ਰਮਨਦੀਪ ਨੂੰ ਕੋਈ ਸਜ਼ਾ ਸੁਣਾਈ ਜਾਂਦੀ ਹੈ ਜਾਂ ਨਹੀਂ। ਨੌਰਥ ਫਰੇਜ਼ਰ ਪ੍ਰੀਟ੍ਰਾਇਲ ਸੈਂਟਰ ਵਿਚ ਬੰਦ ਕੈਦੀਆਂ ਕੋਲ ਮੋਬਾਈਲ ਫੋਨ ਅਤੇ ਨਸ਼ਿਆਂ ਦੀ ਮੌਜੂਦਗੀ ਬਾਰੇ ਰਿਪੋਰਟ ਨਾ ਕਰਨ ਦੇ ਦੋਸ਼ ਰਮਨਦੀਪ ਵਿਰੁੱਧ ਲੱਗੇ ਸਨ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਰਮਨਦੀਪ ਰਾਏ ਦੇ ਵਕੀਲ ਗਗਨ ਨਾਹਲ ਨੇ ਦੱਸਿਆ ਕਿ ਜੇਲ ਵਿਚ ਸੈਲਫੋਨ ਬਾਰੇ ਜਾਣਕਾਰੀ ਹੋਣ ਦੇ ਬਾਵਜੂਦ ਰਮਨਦੀਪ ਨੇ ਇਸ ਬਾਰੇ ਉਚ ਅਧਿਕਾਰੀਆਂ ਨੂੰ ਇਤਲਾਹ ਨਹੀਂ ਦਿਤੀ ਅਤੇ ਪਾਸਾ ਵੱਟ ਲਿਆ ਪਰ ਇਹ ਵੀ ਸੱਚ ਹੈ ਕਿ ਉਸ ਨੇ ਸੈਲਫੋਨ ਨੂੰ ਕਦੇ ਹੱਥ ਨਹੀਂ ਲਾਇਆ। ਦੱਸ ਦੇਈਏ ਕਿ ਸੈਲਫੋਨ ਕਾਂਡ 2022 ਵਿਚ ਨੌਰਥ ਫਰੇਜ਼ਰ ਪ੍ਰੀਟ੍ਰਾਇਲ ਸੈਂਟਰ ਵਿਚ ਵਾਪਰਿਆ ਜਿਥੇ ਰਮਨਦੀਪ ਰਾਏ ਜੇਲ ਗਾਰਡ ਵਜੋਂ ਤੈਨਾਤ ਸੀ।
ਬੀ.ਸੀ. ਦੀ ਜੇਲ ਗਾਰਡ ’ਤੇ ਲੱਗੇ ਸਨ ਵਿਸਾਹਘਾਤ ਦੇ ਦੋਸ਼
ਗਗਨ ਨਾਹਲ ਮੁਤਾਬਕ ਜੇ ਅਤੀਤ ਵਿਚ ਸਾਹਮਣੇ ਆਏ ਅਜਿਹੇ ਮਾਮਲਿਆਂ ਨੂੰ ਘੋਖਿਆ ਜਾਵੇ ਤਾਂ ਦੋਸ਼ੀਆਂ ਨੂੰ ਕਈ ਸਾਲ ਜੇਲ ਵਿਚ ਰੱਖਿਆ ਗਿਆ ਪਰ ਇਨ੍ਹਾਂ ਮਾਮਲਿਆਂ ਵਿਚ ਨਸ਼ਿਆਂ ਦਾ ਜੇਲ ਵਿਚ ਪੁੱਜਣਾ, ਹਥਿਆਰਾਂ ਦਾ ਜੇਲ ਵਿਚ ਪੁੱਜਣਾ ਅਤੇ ਸਰਕਾਰੀ ਅਫ਼ਸਰਾਂ ਵੱਲੋਂ ਅਹੁਦੇ ਦੀ ਦੁਰਵਰਤੋਂ ਕਰਨ ਦੇ ਦੋਸ਼ ਸ਼ਾਮਲ ਸਨ ਜਦਕਿ ਰਮਨਦੀਪ ਦਾ ਮਾਮਲਾ ਬਿਲੁਕਲ ਵੱਖਰਾ ਬਣਦਾ ਹੈ। ਰਮਨਦੀਪ ਦੇ ਮਾਮਲੇ ਵਿਚ ਜੇਲ ਵਿਚ ਨਸ਼ਾ ਪੁੱਜਣ ਦਾ ਕੋਈ ਸਬੂਤ ਮੌਜੂਦ ਨਹੀਂ ਅਤੇ ਰਮਨਦੀਪ ਰਾਏ ਨੇ ਕੋਈ ਲਾਭ ਹਾਸਲ ਨਹੀਂ ਕੀਤਾ। ਜਦੋਂ ਗਗਨ ਨਾਹਲ ਨੂੰ ਇਹ ਪੁੱਛਿਆ ਗਿਆ ਕਿ ਕੀ ਰਮਨਦੀਪ ਰਾਏ ਦੇ ਕਿਸੇ ਕੈਦੀ ਨਾਲ ਗੈਰਵਾਜਬ ਸਬੰਧ ਵੀ ਸਨ ਤਾਂ ਉਨ੍ਹਾਂ ਇਸ ਬਾਰੇ ਕੋਈ ਤਸਦੀਕ ਨਾ ਕੀਤੀ। ਗਗਨ ਨਾਹਲ ਨੇ ਮੰਨਿਆ ਕਿ ਸਰਕਾਰੀ ਵਕੀਲ ਵੱਲੋਂ ਰਮਨਦੀਪ ਨੂੰ ਜੇਲ ਭੇਜਣ ਦੀ ਮੰਗ ਕੀਤੀ ਜਾਵੇਗੀ ਪਰ ਉਹ ਜੱਜ ਨੂੰ ਯਕੀਨ ਦਿਵਾਉਣ ਦਾ ਯਤਨ ਕਰਨਗੇ ਕਿ ਕੰਡੀਸ਼ਨਲ ਸੈਂਟੈਂਸ ਹੀ ਵਾਜਬ ਹੋਵੇਗੀ ਜਿਸ ਤਹਿਤ ਕਮਿਊਨਿਟੀ ਦੀ ਸੇਵਾ ਕਰਵਾਈ ਜਾਂਦੀ ਹੈ।
ਵਕੀਲ ਨੇ ਸੰਕੇਤਕ ਸਜ਼ਾ ’ਤੇ ਦਿਤਾ ਜ਼ੋਰ
ਅਦਾਲਤੀ ਦਸਤਾਵੇਜ਼ਾਂ ਮੁਤਾਬਕ 14 ਜੁਲਾਈ 2022 ਤੋਂ 29 ਸਤੰਬਰ 2022 ਦਰਮਿਆਨ ਰਮਨਦੀਪ ਰਾਏ ਨੇ ਡਿਊਟੀ ਦੌਰਾਨ ਕਥਿਤ ਤੌਰ ’ਤੇ ਫਰੌਡ ਕੀਤਾ ਜਾਂ ਵਿਸਾਹਘਾਤ ਕੀਤਾ। ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਨੇ ਦੱਸਿਆ ਕਿ ਦੂਜਾ ਦੋਸ਼ ਜੇਲ ਵਿਚ ਨਸ਼ੀਲੇ ਪਦਾਰਥ ਦੀ ਜਾਣਕਾਰੀ ਉਚ ਅਧਿਕਾਰੀਆਂ ਤੱਕ ਪਹੁੰਚਾਉਣ ਵਿਚ ਅਸਫ਼ਲ ਰਹਿਣ ਨਾਲ ਸਬੰਧਤ ਹੈ। ਮਾਮਲੇ ਦੀ ਪੜਤਾਲ ਸਤੰਬਰ 2022 ਵਿਚ ਆਰੰਭੀ ਗਈ ਅਤੇ ਦੂਜੇ ਦੋਸ਼ ਨਾਲ ਸਬੰਧਤ ਘਟਨਾਵਾਂ 11 ਸਤੰਬਰ ਤੋਂ 29 ਸਤੰਬਰ 2022 ਦਰਮਿਆਨ ਵਾਪਰੀਆਂ। ਬੀ.ਸੀ. ਦੀਆਂ ਜੇਲਾਂ ਨਾਲ ਸਬੰਧਤ ਲੋਕ ਸੁਰੱਖਿਆ ਮੰਤਰਾਲੇ ਵੱਲੋਂ ਰਮਨਦੀਪ ਵਿਰੁੱਧ ਲੱਗੇ ਦੋਸ਼ਾਂ ਨੂੰ ਬੇਹੱਦ ਹੈਰਾਨਕੁੰਨ ਕਰਾਰ ਦਿਤਾ ਗਿਆ ਹੈ। ਚੇਤੇ ਰਹੇ ਕਿ ਖਤਰਨਾਕ ਗੈਂਗਸਟਰ ਰੱਬੀ ਅਲਖਲੀਲ 2022 ਵਿਚ ਹੀ ਨੌਰਥ ਫਰੇਜ਼ਰ ਪ੍ਰੀਟ੍ਰਾਇਲ ਸੈਂਟਰ ਤੋਂ ਫਰਾਰ ਹੋਇਆ ਸੀ ਪਰ ਪੁਲਿਸ ਵੱਲੋਂ ਇਹ ਮਾਮਲਾ ਰਮਨਦੀਪ ਦੇ ਮਾਮਲੇ ਨਾਲ ਨਹੀਂ ਜੋੜਿਆ ਗਿਆ।


