ਕੈਨੇਡਾ ਦੀ ਜੇਲ ਵਿਚੋਂ ਰਿਹਾਅ ਹੋਇਆ ਪੰਜਾਬੀ ਗੈਂਗਸਟਰ
ਕੈਨੇਡਾ ਵਿਚ ਪੰਜਾਬੀ ਗੈਂਗਸਟਰ ਦੀ ਰਿਹਾਈ ਅਤੇ ਰਿਹਾਇਸ਼ ਨਾਲ ਸਬੰਧਤ ਬੰਦਿਸ਼ਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।
By : Upjit Singh
ਵੈਨਕੂਵਰ : ਕੈਨੇਡਾ ਵਿਚ ਪੰਜਾਬੀ ਗੈਂਗਸਟਰ ਦੀ ਰਿਹਾਈ ਅਤੇ ਰਿਹਾਇਸ਼ ਨਾਲ ਸਬੰਧਤ ਬੰਦਿਸ਼ਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਰੈਡ ਸਕਾਰਪੀਅਨ ਗਿਰੋਹ ਦੇ ਜੌਨਾਥਨ ਬੈਕਨ ਦੀ ਹੱਤਿਆ ਦੀ ਸਾਜ਼ਿਸ਼ ਘੜਨ ਦੇ ਮਾਮਲੇ ਵਿਚ 10 ਸਾਲ ਦੀ ਸਜ਼ਾ ਭੁਗਤ ਰਹੇ ਜੁਝਾਰ ਖੁਣ ਖੁਣ ਨੂੰ ਵੀਕਐਂਡ ਦੌਰਾਨ ਜੇਲ ਤੋਂ ਰਿਹਾਅ ਕਰ ਦਿਤਾ ਗਿਆ। ਪੈਰੋਲ ਬੋਰਡ ਆਫ਼ ਕੈਨੇਡਾ ਵੱਲੋਂ ਜਾਰੀ ਤਾਜ਼ਾ ਹੁਕਮਾਂ ਤਹਿਤ ਜੁਝਾਰ ਖੁਣ ਖੁਣ ਨੂੰ ਹਾਫ਼ਵੇਅ ਹਾਊਸ ਵਿਚ ਰਹਿਣ ਦੀ ਇਜਾਜ਼ਤ ਨਹੀਂ ਅਤੇ ਉਸ ਨੂੰ ਆਪਣੇ ਸੁਰੱਖਿਅਤ ਰਿਹਾਇਸ਼ ਕਿਸੇ ਹੋਟਲ ਜਾਂ ਇੰਡੀਪੈਂਡੈਂਟ ਅਕੌਮੋਡੇਸ਼ਨ ਵਿਚ ਕਰਨੀ ਹੋਵੇਗੀ।
ਰਿਹਾਇਸ਼ ਦੀ ਥਾਂ ਬਾਰੇ ਪੈਰੋਲ ਬੋਰਡ ਵੱਲੋਂ ਨਵੇਂ ਹੁਕਮ ਜਾਰੀ
ਇਸ ਤੋਂ ਇਲਾਵਾ ਕੋਈ ਡਿਟੈਚ ਹੋਮ ਵੀ ਇਸ ਵਾਸਤੇ ਵਰਤਿਆ ਜਾ ਸਕਦਾ ਹੈ। ‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ 37 ਸਾਲ ਦੇ ਜੁਝਾਰ ਖੁਣ ਖੁਣ ਨੂੰ ਮਈ 2018 ਵਿਚ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਕਾਨੂੰਨ ਮੁਤਾਬਕ ਦੋ ਤਿਹਾਈ ਸਜ਼ਾ ਮੁਕੰਮਲ ਹੋਣ ’ਤੇ ਕੋਈ ਵੀ ਕੈਦੀ ਰਿਹਾਈ ਦਾ ਹੱਕਦਾਰ ਬਣ ਜਾਂਦਾ ਹੈ। ਨਵੰਬਰ ਵਿਚ ਪੈਰੋਲ ਬੋਰਡ ਵੱਲੋਂ ਗੈਂਗਸਟਰ ਨੂੰ ਹਾਫ਼ਵੇਅ ਹਾਊਸ ਵਿਚ ਰੱਖਣ ਦੀ ਹਦਾਇਤ ਦਿਤੀ ਗਈ ਪਰ ਗੈਂਗਸਟਰਾਂ ਨਾਲ ਸਬੰਧ ਹੋਣ ਦੇ ਮੱਦੇਨਜ਼ਰ ਇਹ ਫੈਸਲਾ ਬਦਲ ਦਿਤਾ ਗਿਆ।
ਜੁਝਾਰ ਖੁਣ ਖੁਣ ਨੂੰ ਸੁਣਾਈ ਗਈ ਸੀ 10 ਸਾਲ ਦੀ ਸਜ਼ਾ
ਮੰਨਿਆ ਜਾ ਰਿਹਾ ਹੈ ਜੌਨਾਥਨ ਬੈਕਨ ਦੇ ਕਤਲ ਮਾਮਲੇ ਵਿਚ ਸ਼ਮੂਲੀਅਤ ਦੇ ਮੱਦੇਨਜ਼ਰ ਹਾਫ਼ਵੇਅ ਹਾਊਸ ਨਿਸ਼ਾਨਾ ਬਣ ਸਕਦਾ ਹੈ ਅਤੇ ਕੁਰੈਕਸ਼ਨਲ ਸਰਵਿਸ ਕੈਨੇਡਾ ਦੇ ਸਟਾਫ਼, ਠੇਕੇਦਾਰਾਂ ਜਾਂ ਹੋਰਨਾਂ ਦੀ ਸੁਰੱਖਿਆ ਖਤਰੇ ਵਿਚ ਪੈ ਸਕਦੀ ਹੈ। ਦੱਸ ਦੇਈਏ ਕਿ ਜੌਨਾਥਨ ਬੈਕਨ ਦਾ 2011 ਵਿਚ ਕੈਲੋਨਾ ਵਿਖੇ ਕਤਲ ਕਰ ਦਿਤਾ ਗਿਆ ਸੀ ਅਤੇ ਇਹ ਗੈਂਗਵਾਰ ਇਸ ਮਗਰੋਂ ਕਈਆਂ ਦੀ ਜਾਨ ਲੈ ਚੁੱਕੀ ਹੈ।