Canada ’ਚ ਖਿਲਾਰਾ ਪਾ ਕੇ ਪੰਜਾਬੀ driver ਫ਼ਰਾਰ
ਕੈਨੇਡਾ ਵਿਚ ਖਿਲਾਰਾ ਪਾ ਕੇ ਫ਼ਰਾਰ ਹੋਏ ਪੰਜਾਬੀ ਟਰੱਕ ਡਰਾਈਵਰ ਦੀ ਕੋਈ ਉਘ-ਸੁੱਘ ਪੁਲਿਸ ਹਾਸਲ ਨ ਕਰ ਮਿਲ ਸਕੀ

By : Upjit Singh
ਸੇਂਟ ਜੌਹਨ : ਕੈਨੇਡਾ ਵਿਚ ਖਿਲਾਰਾ ਪਾ ਕੇ ਫ਼ਰਾਰ ਹੋਏ ਪੰਜਾਬੀ ਟਰੱਕ ਡਰਾਈਵਰ ਦੀ ਕੋਈ ਉਘ-ਸੁੱਘ ਪੁਲਿਸ ਹਾਸਲ ਨ ਕਰ ਮਿਲ ਸਕੀ ਅਤੇ ਥੱਕ-ਹਾਰ ਕੇ ਹਰਿੰਦਰ ਸਿੰਘ ਦੀ ਗ੍ਰਿਫ਼ਤਾਰੀ ਲਈ ਕੈਨੇਡਾ ਪੱਧਰੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਪਰ ਵੱਡਾ ਸਵਾਲ ਇਹ ਉਠਦਾ ਹੈ ਕਿ ਮਾਮੂਲੀ ਖ਼ਰਚੇ ਤੋਂ ਡਰਦਾ ਇਕ ਟ੍ਰਾਂਸਪੋਰਟਰ ਆਪਣਾ ਕੰਮਕਾਜ ਛੱਡ ਕੇ ਇੰਡੀਆ ਫ਼ਰਾਰ ਕਿਉਂ ਹੋਇਆ। ਫਿਲਹਾਲ ਹਰਿੰਦਰ ਸਿੰਘ ਦੇ ਪਰਵਾਰਕ ਮੈਂਬਰਾਂ ਬਾਰੇ ਕੋਈ ਜਾਣਕਾਰੀ ਹਾਸਲ ਨਹੀਂ ਹੋ ਸਕੀ। ਜੀ ਹਾਂ, ਨਿਊਫੰਡਲੈਂਡ ਦੇ ਬਿਊਰਿਨ ਪੈਨਿਨਸੁਲਾ ਵਿਖੇ ਵਾਪਰੇ ਟਰੱਕ ਹਾਦਸੇ ਨੂੰ ਇਕ ਸਾਲ ਤੋਂ ਵੱਧ ਸਮਾਂ ਲੰਘ ਚੁੱਕਾ ਹੈ ਅਤੇ ਹੁਣ ਤੱਕ ਮਸਲਾ ਸੁਲਝਾਇਆ ਨਹੀਂ ਜਾ ਸਕਿਆ ਕਿਉਂਕਿ ਟਰੱਕ ਡਰਾਈਵਰ ਇਸ ਵੇਲੇ ਇੰਡੀਆ ਵਿਚ ਦੱਸਿਆ ਜਾ ਰਿਹਾ ਹੈ।
ਟਰੱਕ ਹੋ ਗਏ ਟੋਟੇ, ਗ੍ਰਿਫ਼ਤਾਰੀ ਵਾਰੰਟ ਜਾਰੀ
4 ਫ਼ਰਵਰੀ 2025 ਉਨਟਾਰੀਓ ਦੀ ਓਲੀ ਟ੍ਰਾਂਸਪੋਰਟ ਦਾ ਇਕ ਟਰੱਕ ਸਵਿਫ਼ਟ ਕਰੰਟ ਨੇੜੇ ਇਕ ਘਰ ਦੇ ਨੇੜੇ ਖੱਡ ਵਿਚ ਡਿੱਗ ਗਿਆ ਅਤੇ ਸੈਂਕੜੇ ਲਿਟਰ ਡੀਜ਼ਲ ਲੀਕ ਹੋਇਆ। ਇਸ ਤੋਂ ਇਲਾਵਾ ਟਰੱਕ ਦੀ ਟੱਕਰ ਕਾਰਨ ਡਿੱਗੇ ਦਰੱਖਤਾਂ ਦਾ ਮਲਬਾ ਵੀ ਹਰ ਪਾਸੇ ਖਿਲਰਿਆ ਨਜ਼ਰ ਆਇਆ। ਸੂਬਾ ਸਰਕਾਰ ਨੇ ਟ੍ਰਾਂਸਪੋਰਟ ਕੰਪਨੀ ਨੂੰ ਹੁਕਮ ਦਿਤਾ ਕਿ ਹਾਦਸੇ ਵਾਲੀ ਥਾਂ ਦੀ ਸਫ਼ਾਈ ਕਰਵਾ ਕੇ ਨੁਕਸਾਨ ਵਾਲੇ ਇਲਾਕੇ ਦੀ ਮੁਰੰਮਤ ਕਰਵਾਈ ਜਾਵੇ ਪਰ ਹਰਿੰਦਰ ਸਿੰਘ ਦੀ ਕੰਪਨੀ ਨੇ ਇਹ ਹੁਕਮ ਨਾ ਮੰਨਿਆ ਜਿਸ ਮਗਰੋਂ ਮਾਮਲਾ ਅਦਾਲਤ ਵਿਚ ਪੁੱਜ ਗਿਆ। ਸਰਕਾਰੀ ਵਕੀਲ ਕੋਰੀ ਬਾਇੰਡਰਅੱਪ ਨੇ ਅਦਾਲਤ ਨੂੰ ਦੱਸਿਆ ਕਿ ਹਰਿੰਦਰ ਸਿੰਘ ਇਸ ਵੇਲੇ ਭਾਰਤ ਵਿਚ ਅਤੇ ਉਸ ਦੇ ਕੈਨੇਡਾ ਵਾਪਸ ਆਉਣ ਦੀਆਂ ਸੰਭਾਵਨਾਵਾਂ ਨਜ਼ਰ ਨਹੀਂ ਆਉਂਦੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਹਾਦਸੇ ਵੇਲੇ ਹਰਿੰਦਰ ਸਿੰਘ ਖੁਦ ਟਰੱਕ ਚਲਾ ਰਿਹਾ ਸੀ। ਹਰਿੰਦਰ ਸਿੰਘ ਤੱਕ ਕਾਨੂੰਨੀ ਨੋਟਿਸ ਪਹੁੰਚਾਉਣ ਵਿਚ ਦਿੱਕਤਾਂ ਆ ਰਹੀਆਂ ਹਨ ਜਿਸ ਦੇ ਮੱਦੇਨਜ਼ਰ ਕ੍ਰਾਊਨ ਵੱਲੋਂ ਬਦਦਲਵੇਂ ਪ੍ਰਬੰਧਾਂ ਲਈ ਅਰਜ਼ੀ ਦਾਇਰ ਕੀਤੀ ਗਈ ਹੈ। ਹਰਿੰਦਰ ਸਿੰਘ ਤੱਕ ਸਿੱਧਾ ਕਾਨੂੰਨੀ ਨੋਟਿਸ ਪੁੱਜਦਾ ਨਾ ਹੋਣ ਕਰ ਕੇ ਹੁਣ ਬਦਲਵੇਂ ਤਰੀਕਿਆਂ ਦੀ ਵਰਤੋਂ ਕੀਤੀ ਜਾਵੇਗੀ। ਸੂਬਾ ਸਰਕਾਰ ਦੀ ਸਪੋਕਸਪਰਸਨ ਜੀਨਾ ਮੈਕਾਰਥਰ ਨੇ ਕਿਹਾ ਕਿ ਸਰਕਾਰ ਵਾਤਾਵਰਣ ਦੀ ਰਾਖੀ ਨੂੰ ਬੇਹੱਦ ਗੰਭੀਰਤਾ ਨਾਲ ਲੈਂਦੀ ਹੈ ਅਤੇ ਇਸ ਮਾਮਲੇ ਦੌਰਾਨ ਪ੍ਰਭਾਵਤ ਹੋਏ ਲੋਕਾਂ ਦੀ ਨਾਰਾਜ਼ਗੀ ਵੀ ਬੇਹੱਦ ਅਹਿਮੀਅਤ ਰਖਦੀ ਹੈ। ਉਨ੍ਹਾਂ ਦੱਸਿਆ ਕਿ ਹਰਿੰਦਰ ਸਿੰਘ ਦੀ ਕੰਪਨੀ ਵੱਲੋਂ ਸਫ਼ਾਈ ਨਾ ਕਰਵਾਉਣ ਕਰ ਕੇ ਕਾਨੂੰਨੀ ਚਾਰਾਜੋਈ ਕਰਨੀ ਪਈ ਅਤੇ ਮਾਮਲਾ ਅਦਾਲਤ ਦੇ ਵਿਚਾਰ ਅਧੀਨ ਹੈ। 2 ਅਪ੍ਰੈਲ ਨੂੰ ਮਾਮਲੇ ਉਤੇ ਮੁੜ ਸੁਣਵਾਈ ਹੋਵੇਗੀ।
ਹਰਿੰਦਰ ਸਿੰਘ ਦੇ ਪੰਜਾਬ ਵਿਚ ਹੋਣ ਦੇ ਚਰਚੇ
ਹਰਿੰਦਰ ਸਿੰਘ ਦੀ ਟ੍ਰਾਂਸਪੋਰਟ ਕੰਪਨੀ ਨਾਲ ਸੰਪਰਕ ਕਰਨ ਦੇ ਅਥਾਹ ਯਤਨ ਕੀਤੇ ਗਏ ਪਰ ਈਮੇਲ ਜਾਂ ਫੋਨ ਕਾਲਜ਼ ਵਿਚੋਂ ਕਿਸੇ ਦਾ ਜਵਾਬ ਨਾ ਮਿਲ ਸਕਿਆ। ਦੂਜੇ ਪਾਸੇ ਹਾਦਸੇ ਵਾਲੀ ਥਾਂ ਨੇੜੇ ਰਹਿੰਦੀ ਨੈਨਸੀ ਬੈਰਿੰਗਟਨ ਦਾ ਕਹਿਣਾ ਸੀ ਕਿ ਇਕ ਸਾਲ ਤੋਂ ਵੱਧ ਸਮਾਂ ਲੰਘਣ ਦੇ ਬਾਵਜੂਦ ਡੀਜ਼ਲ ਦੀ ਸਮੈੱਲ ਹੁਣ ਵੀ ਆਉਂਦੀ ਹੈ ਅਤੇ ਇਹ ਸਮੱਸਿਆ ਮਾਨਸਿਕ ਤਣਾਅ ਦਾ ਕਾਰਨ ਬਣ ਚੁੱਕੀ ਹੈ। ਨੈਨਸੀ ਨੇ ਦੱਸਿਆ ਕਿ ਟਰੱਕ ਦੇ ਮਲਬੇ ਵਿਚੋਂ ਸ਼ੀਸ਼ੇ ਦੇ ਟੁਕੜੇ ਅਤੇ ਛੋਟੀਆਂ ਮੋਟੀਆਂ ਚੀਜ਼ਾਂ ਤਾਂ ਸਾਫ਼ ਕਰ ਦਿਤੀਆਂ ਗਈਆਂ ਪਰ ਟਰੱਕ ਦੇ ਟਾਇਰ, ਕੈਬਿਨ ਅਤੇ ਹੋਰ ਹਿੱਸੇ ਹੁਣ ਵੀ ਉਥੇ ਹੀ ਪਏ ਹਨ। ਹਰ ਪਾਸੇ ਡੀਜ਼ਲ ਰੁੜਨ ਕਰ ਕੇ ਘਾਹ ਸੜ ਗਿਆ ਹੈ ਅਤੇ ਗਰਮੀ ਦੇ ਮੌਸਮ ਦੌਰਾਨ ਅੱਗ ਲੱਗਣ ਦਾ ਖ਼ਤਰਾ ਵਧ ਸਕਦਾ ਹੈ। ਨੈਨਸੀ ਦਾ ਕਹਿਣਾ ਸੀ ਕਿ ਪ੍ਰਦੁਸ਼ਣ ਫੈਲਾਉਣ ਵਾਲਿਆਂ ਲਈ ਸਖ਼ਤ ਸਜ਼ਾ ਤੈਅ ਹੋਣੀ ਚਾਹੀਦੀ ਹੈ ਅਤੇ ਹਾਈਵੇਜ਼ ਤੋਂ ਲੰਘਦੇ ਟਰੱਕਾਂ ਦੀ ਡੂੰਘਾਈ ਨਾਲ ਪੜਤਾਲ ਵੀ ਕੀਤੀ ਜਾਵੇ। ਹਾਦਸੇ ਵਾਲੀ ਥਾਂ ਨੂੰ ਪਹਿਲਾਂ ਵਾਲਾ ਰੂਪ ਦਿਤਾ ਜਾਵੇ ਤਾਂ ਆਲੇ ਦੁਆਲੇ ਨੂੰ ਵੇਖ ਕੇ ਮਨ ਨੂੰ ਮਿਲਣ ਵਾਲਾ ਸਕੂਨ ਮੁੜ ਕਾਇਮ ਹੋ ਸਕੇ।


