Canada ਤੋਂ deport ਪੰਜਾਬੀ ਨੇ ਪਵਾਈਆਂ ਭਾਜੜਾਂ
ਕੈਨੇਡਾ ਤੋਂ ਡਿਪੋਰਟ ਕੀਤਾ ਜਾ ਰਿਹਾ ਲਾਰੈਂਸ ਬਿਸ਼ਨੋਈ ਗਿਰੋਹ ਦਾ ਮੈਂਬਰ ਅਚਨਚੇਤ ਲਾਪਤਾ ਹੋਣ ਮਗਰੋਂ ਭਾਜੜਾਂ ਪੈ ਗਈਆਂ

By : Upjit Singh
ਵੈਨਕੂਵਰ : ਕੈਨੇਡਾ ਤੋਂ ਡਿਪੋਰਟ ਕੀਤਾ ਜਾ ਰਿਹਾ ਲਾਰੈਂਸ ਬਿਸ਼ਨੋਈ ਗਿਰੋਹ ਦਾ ਮੈਂਬਰ ਅਚਨਚੇਤ ਲਾਪਤਾ ਹੋਣ ਮਗਰੋਂ ਭਾਜੜਾਂ ਪੈ ਗਈਆਂ। ਜੀ ਹਾਂ, ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਘਰ ’ਤੇ ਗੋਲੀਆਂ ਚਲਾਉਣ ਅਤੇ ਕਾਰ ਫੂਕਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਅਬਜੀਤ ਕਿੰਗਰਾ ਵਿਰੁੱਧ ਡਿਪੋਰਟੇਸ਼ਨ ਸੁਣਵਾਈ ਤੋਂ ਐਨ ਪਹਿਲਾਂ ਇੰਮੀਗ੍ਰੇਸ਼ਨ ਐਂਡ ਰਫ਼ਿਊਜੀ ਬੋਰਡ ਨੇ ਕਿਹਾ ਕਿ ਭਾਰਤੀ ਨਾਗਰਿਕ ਦੇ ਟਿਕਾਣੇ ਬਾਰੇ ਕੁਝ ਪਤਾ ਨਹੀਂ ਲੱਗ ਰਿਹਾ। ਉਧਰ, ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਵੀ ਤਸਦੀਕ ਕਰ ਦਿਤੀ ਕਿ ਅਬਜੀਤ ਕਿੰਗਰਾ ਦੇ ਟਿਕਾਣੇ ਬਾਰੇ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਇੰਮੀਗ੍ਰੇਸ਼ਨ ਐਂਡ ਰਫ਼ਿਊਜੀ ਬੋਰਡ ਦੇ ਮੈਂਬਰ ਅਜ਼ੀਮ ਲਾਲਜੀ ਨੇ ਸੁਣਵਾਈ ਅੱਗੇ ਪਾਉਂਦਿਆਂ ਕਿਹਾ ਕਿ ਕਿੰਗਰਾ ਦੇ ਸਾਹਮਣੇ ਆਉਣ ਤੱਕ ਕੁਝ ਨਹੀਂ ਕੀਤਾ ਜਾ ਸਕਦਾ। ਇਸੇ ਦੌਰਾਨ ਬ੍ਰਿਟਿਸ਼ ਕੋਲੰਬੀਆ ਦੀ ਅਦਾਲਤ ਨੇ ਕਿਹਾ ਕਿ ਅਬਜੀਤ ਕਿੰਗਰਾ ਹਿਰਾਸਤ ਵਿਚ ਹੈ ਅਤੇ ਸਰੀ ਦੇ ਘਰ ’ਤੇ ਗੋਲੀਬਾਰੀ ਦੇ ਮਾਮਲੇ ਵਿਚ ਮੁਕੱਦਮਾ ਸ਼ੁਰੂ ਹੋਣ ਦੀ ਉਡੀਕ ਕਰ ਰਿਹਾ ਹੈ। ਕੈਨੇਡਾ ਸਰਕਾਰ ਲਾਰੈਂਸ ਬਿਸ਼ਨੋਈ ਗਿਰੋਹ ਨੂੰ ਅਤਿਵਾਦੀ ਜਥੇਬੰਦੀ ਐਲਾਨ ਚੁੱਕੀ ਹੈ ਅਤੇ ਮੁਲਕ ਵਿਚੋਂ ਕੱਢੇ ਜਾ ਰਹੇ ਗਿਰੋਹ ਦੇ ਮੈਂਬਰਾਂ ਵਿਚੋਂ ਕਿੰਗਰਾ ਇਕ ਹੈ ਪਰ ਵੀਰਵਾਰ ਸਵੇਰੇ ਇੰਮੀਗ੍ਰੇਸ਼ਨ ਸੁਣਵਾਈ ਦੌਰਾਨ ਉਹ ਵਰਚੁਅਲ ਤਰੀਕੇ ਨਾਲ ਵੀ ਪੇਸ਼ ਨਾ ਹੋਇਆ।
ਇੰਮੀਗ੍ਰੇਸ਼ਨ ਵਾਲੇ ਪੇਸ਼ੀ ’ਤੇ ਉਡੀਕਦੇ ਰਹਿ ਗਏ
ਕੁਝ ਦੇਰ ਮਗਰੋਂ ਆਈ.ਆਰ.ਬੀ. ਅਫ਼ਸਰਾਂ ਨੂੰ ਪਤਾ ਲੱਗਾ ਕਿ ਕਿੰਗਰਾ ਨੂੰ ਐਬਸਫੋਰਡ ਦੀ ਜੇਲ ਤੋਂ ਕਿਤੇ ਹੋਰ ਤਬਦੀਲ ਕਰ ਦਿਤਾ ਗਿਆ ਹੈ। ਕਿੰਗਰਾ ਨੂੰ ਡਿਪੋਰਟ ਕਰਨ ਦੀ ਡੈਡਲਾਈਨ ਬਾਰੇ ਪੁੱਛੇ ਜਾਣ ’ਤੇ ਆਰ.ਆਰ.ਬੀ. ਜਾਂ ਸੀ.ਬੀ.ਐਸ.ਏ. ਵੱਲੋਂ ਕੋਈ ਹੁੰਗਾਰਾ ਨਾ ਮਿਲ ਸਕਿਆ। ਇਥੇ ਦਸਣਾ ਬਣਦਾ ਹੈ ਕਿ ਬਾਰਡਰ ਅਫ਼ਸਰਾਂ ਵੱਲੋਂ 372 ਪੰਜਾਬੀਆਂ ਵਿਰੁੱਧ ਪੜਤਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਵਿਚੋਂ 70 ਨੂੰ ਡਿਪੋਰਟ ਕਰਨ ਦੇ ਹੁਕਮ ਆ ਚੁੱਕੇ ਹਨ। ਕੈਨੇਡਾ ਵਿਚ ਜਬਰੀ ਵਸੂਲੀ ਦੀਆਂ ਵਾਰਦਾਤਾਂ ਵਧਣ ਮਗਰੋਂ ਬੀ.ਸੀ. ਐਕਸਟੌਰਸ਼ਨ ਟਾਸਕ ਫ਼ੋਰਸ ਹੋਂਦ ਵਿਚ ਆਈ ਜਿਸ ਵਿਚ ਸੀ.ਬੀ.ਐਸ.ਏ. ਅਫ਼ਸਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਪੁਲਿਸ ਦੀ ਨਿਸ਼ਾਨਦੇਹੀ ਵਾਲੇ ਸ਼ੱਕੀਆਂ ਨੂੰ ਜਲਦ ਤੋਂ ਜਲਦ ਡਿਪੋਰਟ ਕਰਨ ਦੀ ਪ੍ਰਕਿਰਿਆ ਆਰੰਭੀ ਗਈ ਹੈ। ਏ.ਪੀ. ਢਿੱਲੋਂ ਦੇ ਘਰ ’ਤੇ ਗੋਲੀਆਂ ਚਲਾਉਣ ਵੇਲੇ ਅਬਜੀਤ ਕਿੰਗਰਾ ਨਾਲ ਵਿਕਰਮ ਸ਼ਰਮਾ ਦੇ ਰੂਪ ਵਿਚ ਦੂਜਾ ਸ਼ੱਕੀ ਮੌਜੂਦ ਸੀ ਅਤੇ ਆਰ.ਸੀ.ਐਮ.ਪੀ. ਦਾ ਮੰਨਣਾ ਹੈ ਕਿ ਵਿਕਰਮ ਸ਼ਰਮਾ ਵਾਰਦਾਤ ਮਗਰੋਂ ਕੈਨੇਡਾ ਛੱਡ ਗਿਆ। ਏ.ਪੀ. ਢਿੱਲੋਂ ਮਾਮਲੇ ਵਿਚ ਕਿੰਗਰਾ ਨੂੰ ਛੇ ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਪਰ ਅਗਸਤ 2024 ਵਿਚ ਵਾਪਰੀ ਗੋਲੀਬਾਰੀ ਦੀ ਇਕ ਹੋਰ ਵਾਰਦਾਤ ਵਿਚ ਉਹ ਘਿਰ ਗਿਆ। ਸਰੀ ਦੀ ਅਦਾਲਤ ਵਿਚ ਕਿੰਗਰਾ ਦੀ ਅਗਲੀ ਪੇਸ਼ੀ 21 ਅਪ੍ਰੈਲ ਨੂੰ ਹੋਣੀ ਹੈ।
ਅਬਜੀਤ ਕਿੰਗਰਾ ਵਿਰੁੱਧ ਨਿਕਲਿਆ ਇਕ ਹੋਰ ਮਾਮਲਾ
ਏ.ਪੀ. ਢਿੱਲੋਂ ਮਾਮਲੇ ਵਿਚ ਸੁਜ਼ਾ ਸੁਣਾਏ ਜਾਣ ਮੌਕੇ ਜੱਜ ਨੇ ਖ਼ਾਸ ਟਿੱਪਣੀ ਕਰਦਿਆਂ ਕਿਹਾ ਕਿ ਤੇਰਾ ਮਕਸਦ ਏ.ਪੀ. ਢਿੱਲੋਂ ਨੂੰ ਡਰਾਉਣਾ ਸੀ ਜਿਸ ਦਾ ਫ਼ਾਇਦਾ ਬਿਸ਼ਨੋਈ ਗਿਰੋਹ ਨੂੰ ਹੁੰਦਾ। ਕਿੰਗਰਾ ਨੇ ਅਦਾਲਤ ਵਿਚ ਲਿਖਤੀ ਮੁਆਫ਼ੀਨਾਮਾ ਵੀ ਪੇਸ਼ ਕੀਤਾ ਜਿਸ ਵਿਚ ਕਿਹਾ, ‘‘ਮੈਂ ਆਪਣੇ ਪਰਵਾਰ ਦੀ ਆਰਥਿਕ ਮਦਦ ਵਾਸਤੇ ਗ਼ਲਤ ਰਾਹ ਚੁਣਿਆ ਜਿਸ ਵਾਸਤੇ ਪੀੜਤ ਅਤੇ ਕਮਿਊਨਿਟੀ ਤੋਂ ਮੁਆਫ਼ੀ ਚਾਹੁੰਦਾ ਹਾਂ।’’ ਕਿੰਗਰਾ ਦਾ ਇਹ ਮੁਆਫ਼ੀਨਾਮਾ ਥੋਥਾ ਸਾਬਤ ਹੋਇਆ ਕਿਉਂਕਿ ਏ.ਪੀ. ਢਿੱਲੋਂ ਦੇ ਘਰ ’ਤੇ ਗੋਲੀਆਂ ਚਲਾਉਣ ਤੋਂ ਪਹਿਲਾਂ ਉਹ 10 ਅਗਸਤ 2024 ਨੂੰ ਸਰੀ ਦੇ ਇਕ ਘਰ ’ਤੇ ਗੋਲੀਆਂ ਚਲਾਉਣ ਸਣੇ ਅਗਜ਼ਨੀ ਦੀ ਵਾਰਦਾਤ ਕਰ ਚੁੱਕਾ ਸੀ।


