Begin typing your search above and press return to search.

ਕੈਨੇਡਾ ਵਿਚ ਬਜ਼ੁਰਗਾਂ ਨੂੰ ਗੁੰਮਰਾਹ ਕਰਦਾ ਸੀ ਪੰਜਾਬੀ ਜੋੜਾ

ਕੈਨੇਡਾ ਵਿਚ ਮਕਾਨ ਕਰਜ਼ਾ ਦਿਵਾਉਣ ਦਾ ਕੰਮ ਕਰਦੇ ਰਣਜੀਤ ਢਿੱਲੋਂ ਅਤੇ ਕਮਲ ਢਿੱਲੋਂ ਨੂੰ 50 ਹਜ਼ਾਰ ਡਾਲਰ ਦਾ ਜੁਰਮਾਨਾ ਕਰਦਿਆਂ ਇਨ੍ਹਾਂ ਦੀ ਫਰਮ ਮੌਰਗੇਜ ਸਮਾਰਟ ਇਨਕਾਰਪੋਰੇਸ਼ਨ ਦਾ ਲਾਇਸੰਸ ਪੱਕੇ ਤੌਰ ’ਤੇ ਰੱਦ ਕਰ ਦਿਤਾ ਗਿਆ ਹੈ।

ਕੈਨੇਡਾ ਵਿਚ ਬਜ਼ੁਰਗਾਂ ਨੂੰ ਗੁੰਮਰਾਹ ਕਰਦਾ ਸੀ ਪੰਜਾਬੀ ਜੋੜਾ
X

Upjit SinghBy : Upjit Singh

  |  11 April 2025 5:18 PM IST

  • whatsapp
  • Telegram

ਟੋਰਾਂਟੋ : ਕੈਨੇਡਾ ਵਿਚ ਮਕਾਨ ਕਰਜ਼ਾ ਦਿਵਾਉਣ ਦਾ ਕੰਮ ਕਰਦੇ ਰਣਜੀਤ ਢਿੱਲੋਂ ਅਤੇ ਕਮਲ ਢਿੱਲੋਂ ਨੂੰ 50 ਹਜ਼ਾਰ ਡਾਲਰ ਦਾ ਜੁਰਮਾਨਾ ਕਰਦਿਆਂ ਇਨ੍ਹਾਂ ਦੀ ਫਰਮ ਮੌਰਗੇਜ ਸਮਾਰਟ ਇਨਕਾਰਪੋਰੇਸ਼ਨ ਦਾ ਲਾਇਸੰਸ ਪੱਕੇ ਤੌਰ ’ਤੇ ਰੱਦ ਕਰ ਦਿਤਾ ਗਿਆ ਹੈ। ਫਾਇਨੈਂਸ਼ੀਅਲ ਸਰਵਿਸਿਜ਼ ਰੈਗੁਲੇਟਰੀ ਅਥਾਰਿਟੀ ਆਫ਼ ਉਨਟਾਰੀਓ ਵੱਲੋਂ ਕੀਤੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਬਜ਼ੁਰਗਾਂ ਨੂੰ ਕਰਜ਼ਾ ਦਿਵਾਉਂਦਿਆਂ ਗੁੰਮਰਾਹ ਕੀਤਾ ਗਿਆ ਅਤੇ ਬਤੌਰ ਬਰੋਕਰ ਆਪਣੇ ਫਰਜ਼ ਦੀ ਵਾਰ-ਵਾਰ ਉਲੰਘਣਾ ਕੀਤੀ ਗਈ। ਪੜਤਾਲ ਮੁਤਾਬਕ ਬਰੋਕਰ ਆਪਣੇ ਕਲਾਈਂਟਸ ਨੂੰ ਸੰਭਾਵਤ ਖਤਰਿਆਂ ਬਾਰੇ ਦੱਸਣ ਵਿਚ ਅਸਫ਼ਲ ਰਹੇ ਅਤੇ ਆਪਣੇ ਹਿਤਾਂ ਨੂੰ ਅੱਗੇ ਰਖਦਿਆਂ ਗਲਤ ਦਸਤਾਵੇਜ਼ ਵੀ ਦਾਖਲ ਕੀਤੇ ਗਏ।

ਉਨਟਾਰੀਓ ਸਰਕਾਰ ਨੇ ਫ਼ਰਮ ਦਾ ਲਾਇਸੰਸ ਕੀਤਾ ਰੱਦ

ਇਥੋਂ ਤੱਕ ਕਿ ਪੀੜਤ ਕਲਾਈਂਟਸ ਦੀਆਂ ਲਿਖਤੀ ਸ਼ਿਕਾੲਤਾਂ ਨੂੰ ਨਜ਼ਰਅੰਦਾਜ਼ ਕਰ ਦਿਤਾ ਗਿਆ। ਬਰੋਕਰ ਰਣਜੀਤ ਢਿੱਲੋਂ ਨੂੰ 40 ਹਜ਼ਾਰ ਡਾਲਰ ਜੁਰਮਾਨਾ ਕੀਤਾ ਗਿਆ ਹੈ ਜਦਕਿ ਪ੍ਰਿੰਸੀਪਲ ਬਰੋਕਰ ਅਤੇ ਫਰਮ ਦੀ ਮਾਲਕ ਕਮਲ ਢਿੱਲੋਂ ਨੂੰ 10 ਹਜ਼ਾਰ ਡਾਲਰ ਜੁਰਮਾਨਾ ਅਦਾ ਕਰਨ ਦੇ ਹੁਕਮ ਦਿਤੇ ਗਏ ਹਨ। ਐਫ਼. ਐਸ.ਆਰ.ਏ. ਦੀ ਪੜਤਾਲ ਕਹਿੰਦੀ ਹੈ ਕਿ ਜੂਨ 2021 ਤੋਂ ਫ਼ਰਵਰੀ 2022 ਦਰਮਿਆਨ ਮੌਰਗੇਜ ਸਮਾਰਟ ਵੱਲੋਂ ਘੱਟੋ ਘੱਟੋ 50 ਜਣਿਆਂ ਵਾਸਤੇ ਕਰਜ਼ਿਆਂ ਦਾ ਪ੍ਰਬੰਧ ਕੀਤਾ ਗਿਆ ਜਿਨ੍ਹਾਂ ਵਿਚੋਂ ਜ਼ਿਆਦਾਤਰ ਕੈਨੇਡਾਜ਼ ਚੁਆਇਸ ਕੈਪੀਟਲ ਵੱਲੋਂ ਰੈਫ਼ਰ ਕੀਤੇ ਗਏ ਸਨ। ਕੈਨੇਡਾਜ਼ ਚੁਆਇਸ ਕੈਪੀਟਲ ਵੱਲੋਂ ਡੋਰ ਟੂ ਡੋਰ ਜਾ ਕੇ ਗਾਹਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਕੈਨੇਡਾਜ਼ ਚੁਆਇਸ ਕੈਪੀਟਲ ਦੀ ਸਿਸਟਰ ਕੰਪਨੀ ਕੈਨੇਡਾਜ਼ ਚੁਆਇਸ ਇਨਵੈਸਟਮੈਂਟ ਇਨਕਾਰਪੋਰੇਸ਼ਨ ਵੱਲੋਂ ਘੱਟੋ-ਘੱਟ 43 ਮਾਮਲਿਆਂ ਵਿਚ ਕਰਜ਼ੇ ਦੀ ਰਕਮ ਮੁਹੱਈਆ ਕਰਵਾਈ ਗਈ ਪਰ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਕਰਜ਼ਾ ਲੈਣ ਵਾਲੇ ਜ਼ਿਆਦਾਤਰ ਬੱਝਵੀਂ ਆਮਦਨ ਵਾਲੇ ਬਜ਼ੁਰਗ ਸਨ ਅਤੇ ਕੁਝ ਬਿਮਾਰੀਆਂ ਨਾਲ ਵੀ ਜੂਝ ਰਹੇ ਸਨ। ਛੇ ਮਾਮਲਿਆਂ ਵਿਚ ਜਾਂਚਕਰਤਾਵਾਂ ਨੇ ਦੇਖਿਆ ਕਿ ਮੌਰਗੇਜ ਸਮਾਰਟ ਦੇ ਬਰੋਕਰਾਂ ਵੱਲੋਂ ਕਰਜ਼ਾ ਲੈਣ ਵਾਲੇ ਦੀ ਰਕਮ ਵਾਪਸ ਕਰਨ ਦੀ ਯੋਜਨਾ ਦੀ ਤਸਦੀਕ ਨਹੀਂ ਕੀਤੀ ਗਈ ਅਤੇ ਉਚੀਆਂ ਵਿਆਜ ਦਰਾਂ ਦੀ ਗੱਲ ’ਤੇ ਪਰਦਾ ਪਾ ਦਿਤਾ।

ਰਣਜੀਤ ਢਿੱਲੋਂ ਅਤੇ ਕਮਲ ਢਿੱਲੋਂ ਨੂੰ 50 ਹਜ਼ਾਰ ਡਾਲਰ ਜੁਰਮਾਨਾ ਵੀ ਲਾਇਆ

ਸਿਰਫ ਐਨਾ ਹੀ ਨਹੀਂ, ਮੌਰਗੇਜ ਅਰਜ਼ੀਆਂ ਵਿਚ ਝੂਠੀ ਜਾਣਕਾਰੀ ਸ਼ਾਮਲ ਕੀਤੀ ਗਈ। ਮਿਸਾਲ ਵਜੋਂ ਕਰਜ਼ਾ ਲੈਣ ਵਾਲੀ ਇਕ ਬਜ਼ੁਰਗ ਬੀਬੀ ਦੇ ਵੇਰਵੇ ਸਾਂਝੇ ਕੀਤੇ ਗਏ ਜਿਸ ਦੀ ਉਮਰ 72 ਸਾਲ ਸੀ ਅਤੇ ਉਸ ਦਾ ਕੋਈ ਈਮੇਲ ਅਕਾਊਂਟ ਵੀ ਨਹੀਂ ਸੀ। ਪਰ ਉਸ ਦੇ ਮੌਰਗੇਜ ਅਰਜ਼ੀ ਵਿਚ ਜੀਮੇਲ ਪਤਾ ਦਰਜ ਹੈ ਅਤੇ 4 ਲੱਖ ਡਾਲਰ ਦਾ ਕਰਜ਼ਾ 25 ਫੀ ਸਦੀ ਵਿਆਜ ਦਰ ’ਤੇ ਮੁਹੱਈਆ ਕਰਵਾਇਆ ਗਿਆ। ਇਸ ਹਿਸਾਬ ਨਾਲ ਬਜ਼ੁਰਗ ਔਰਤ ਨੂੰ ਕਰਜ਼ਾ 1 ਲੱਖ 21 ਹਜ਼ਾਰ ਡਾਲਰ ਮਹਿੰਗਾ ਪਿਆ। 69 ਸਾਲ ਦੇ ਇਕ ਹੋਰ ਬਜ਼ੁਰਗ ਦੀ ਮਿਸਾਲ ਪੇਸ਼ ਕਰਦਿਆਂ ਐਫ਼.ਐਸ.ਆਰ.ਏ. ਨੇ ਦੱਸਿਆ ਕਿ 25 ਫੀ ਸਦੀ ਵਿਆਜ ਦਰ ’ਤੇ ਸਾਢੇ ਪੰਜ ਲੱਖ ਡਾਲਰ ਦੇ ਕਰਜ਼ੇ ਨਾਲ ਸਬੰਧਤ ਦਸਤਾਵੇਜ਼ਾਂ ਉਤੇ ਦਸਤਖਤ ਕਰਨ ਵੇਲੇ ਉਸ ਦੀ ਸਿਹਤ ਬੇਹੱਦ ਨਾਸਾਜ਼ ਚੱਲ ਰਹੀ ਸੀ। ਬਜ਼ੁਰਗ ਮੁਤਾਬਕ ਰਣਜੀਤ ਢਿੱਲੋਂ ਨਾਲ ਮੁਲਾਕਾਤ ਬਾਰੇ ਉਸ ਨੂੰ ਕੁਝ ਯਾਦ ਨਹੀਂ। ਪੜਤਾਲ ਦੌਰਾਨ ਕਈ ਹੈਰਾਨਕੁੰਨ ਤੱਥ ਉਭਰ ਕੇ ਸਾਹਮਣੇ ਆਏ ਜਿਨ੍ਹਾਂ ਮੁਤਾਬਕ ਕਰਜ਼ੇ ਦੀ ਕਿਸ਼ਤ ਕਈ ਬਜ਼ੁਰਗਾਂ ਦੀ ਮਹੀਨਾਵਾਰ ਆਮਦਨ ਤੋਂ ਹੀ ਟੱਪ ਗਈ। 79 ਸਾਲ ਦੇ ਇਕ ਨੇਤਰਹੀਣ ਬਜ਼ੁਰਗ ਦੀ ਮਹੀਨਾਵਾਰ ਕਿਸ਼ਤ 4,166 ਡਾਲਰ ਬਣਾ ਦਿਤੀ ਗਈ ਜਦਕਿ ਉਸ ਦੀ ਸਾਲਾਨਾ ਆਮਦਨ 45 ਹਜ਼ਾਰ ਡਾਲਰ ਹੀ ਬਣਦੀ ਸੀ। ਬਜ਼ੁਰਗ ਦੇ ਨੇਤਰਹੀਣ ਹੋਣ ਦਾ ਫਾਇਦਾ ਉਠਾਉਂਦਿਆਂ ਅਰਜ਼ੀ ਉਤੇ ਦਸਤਖਤ ਹੋਣ ਤੋਂ ਬਾਅਦ ਇਸ ਵਿਚ ਕਥਿਤ ਤਬਦੀਲੀਆਂ ਵੀ ਕੀਤੀਆਂ ਗਈਆਂ।

Next Story
ਤਾਜ਼ਾ ਖਬਰਾਂ
Share it