Canada ਵਿਚ Punjabi businessman ਦਾ ਗੋਲੀਆਂ ਮਾਰ ਕੇ ਕਤਲ
ਕੈਨੇਡਾ ਵਿਚ ਪੰਜਾਬੀ ਕਾਰੋਬਾਰੀਆਂ ਦੀ ਜਾਨ ਮੁੱਠੀ ਵਿਚ ਆ ਗਈ ਜਦੋਂ ਸਰੀ ਵਿਖੇ 48 ਸਾਲ ਦੇ ਬਿੰਦਰ ਗਰਚਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ

By : Upjit Singh
ਸਰੀ/ਟੋਰਾਂਟੋ : ਕੈਨੇਡਾ ਵਿਚ ਪੰਜਾਬੀ ਕਾਰੋਬਾਰੀਆਂ ਦੀ ਜਾਨ ਮੁੱਠੀ ਵਿਚ ਆ ਗਈ ਜਦੋਂ ਸਰੀ ਵਿਖੇ 48 ਸਾਲ ਦੇ ਬਿੰਦਰ ਗਰਚਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਬਿੰਦਰ ਗਰਚਾ ਸਟੂਡੀਓ 12 ਦਾ ਮਾਲਕ ਹੋਣ ਦੇ ਨਾਲ-ਨਾਲ ਇਕ ਬੈਂਕੁਇਟ ਹਾਲ ਵਿਚ ਭਾਈਵਾਲ ਵੀ ਸੀ ਜੋ ਆਪਣੇ ਪਿੱਛੇ ਬਜ਼ੁਰਗ ਮਾਪੇ, ਪਤਨੀ, ਦੋ ਧੀਆਂ ਅਤੇ ਇਕ ਪੁੱਤ ਛੱਡ ਗਿਆ ਹੈ। ਇੰਟੈਗਰੇਟਿਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਮਰਨ ਵਾਲੇ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਸਿਰਫ਼ ਐਨਾ ਦੱਸਿਆ ਕਿ ਸਰੀ ਦੀ 176 ਸਟ੍ਰੀਟ ਦੇ 3500 ਬਲਾਕ ਵਿਚ ਗੋਲੀਆਂ ਨਾਲ ਵਿੰਨੀ ਇਕ ਲਾਸ਼ ਬਰਾਮਦ ਕੀਤੀ ਗਈ। ਦੂਜੇ ਪਾਸੇ ਪੰਜਾਬੀ ਪੱਤਰਕਾਰ ਗੁਰਪ੍ਰੀਤ ਸਹੋਤਾ ਦੇ ਐਕਸ ਅਕਾਊਂਟ ’ਤੇ ਮੁਹੱਈਆ ਜਾਣਕਾਰੀ ਮੁਤਾਬਕ ਗੋਲੀਬਾਰੀ ਦੀ ਵਾਰਦਾਤ ਬਿੰਦਰ ਗਰਚਾ ਦੀ ਰਿਹਾਹਿਸ਼ ਦੇ ਗੇਟ ’ਤੇ ਵਾਪਰੀ।
ਬਿੰਦਰ ਗਰਚਾ ਨੂੰ ਸਰੀ ਵਿਖੇ ਰਿਹਾਇਸ਼ ਦੇ ਬਾਹਰ ਬਣਾਇਆ ਨਿਸ਼ਾਨਾ
ਬਿੰਦਰ ਗਰਚਾ ਨੇ ਕੈਨੇਡਾ ਵਿਚ ਆਪਣੀ ਮਿਹਨਤ ਦੇ ਦਮ ’ਤੇ ਸਟੂਡੀਓ 12 ਲਿਮੋਜ਼ੀਨ ਸਥਾਪਤ ਕੀਤਾ ਅਤੇ ਐਂਪ੍ਰੈਸ ਬੈਕੁਇਟ ਹਾਲ ਦੀ ਮਾਲਕੀ ਹਾਸਲ ਕੀਤੀ। ਇਸੇ ਦੌਰਾਨ ਸਰੀ ਪੁਲਿਸ ਨੇ ਦੱਸਿਆ ਕਿ 40 ਸਟ੍ਰੀਟ ਦੇ 18900 ਬਲਾਕ ਵਿਚ ਇਕ ਕਾਰ ਸੜਦੀ ਹੋਈ ਮਿਲੀ ਅਤੇ ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਬਿੰਦਰ ਗਰਚਾ ਦੇ ਕਾਤਲਾਂ ਵੱਲੋਂ ਇਸ ਦੀ ਵਰਤੋਂ ਕੀਤੀ ਗਈ। ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਸੀ.ਸੀ.ਟੀ.ਵੀ. ਫੁਟੇਜ ਜਾਂ ਡੈਸ਼ਕੈਮ ਫੁਟੇਜ ਹੋਵੇ ਤਾਂ ਆਈਹਿਟ ਦੀ ਇਨਫ਼ਰਮੇਸ਼ਨ ਲਾਈਨ 1877 551 ਆਈ ਹਿਟ 4448 ’ਤੇ ਸੰਪਰਕ ਕਰ ਸਕਦਾ ਹੈ। ਦੂਜੇ ਪਾਸੇ ਬਰੈਂਪਟਨ ਵਿਖੇ ਜਸਵੀਰ ਢੇਸੀ ਦੇ ਘਰ ਉਤੇ ਫਾਇਰਿੰਗ ਦੀ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਲਾਰੈਂਸ ਬਿਸ਼ਨੋਈ ਗੈਂਗ ਨੇ ਮੁੜ ਹਮਲੇ ਦੀ ਜ਼ਿੰਮੇਵਾਰੀ ਲਈ ਹੈ।
ਬਰੈਂਪਟਨ ਵਿਖੇ ਜਸਵੀਰ ਢੇਸੀ ਦੇ ਘਰ ਉਤੇ ਹਮਲਾ
ਗੋਲਡੀ ਢਿੱਲੋਂ ਵੱਲੋਂ ਸੋਸ਼ਲ ਮੀਡੀਆ ਪੋਸਟ ਰਾਹੀਂ ਦਾਅਵਾ ਕੀਤਾ ਗਿਆ ਹੈ ਕਿ ਜਸਵੀਰ ਢੇਸੀ ਉਨ੍ਹਾਂ ਦੇ ਵਿਰੋਧੀਆਂ ਦੀ ਮਦਦ ਕਰਦਾ ਹੈ ਜਿਸ ਕਰ ਕੇ ਗੋਲੀਬਾਰੀ ਦੀ ਨੌਬਤ ਆਈ। ਫ਼ਿਲਹਾਲ ਪੀਲ ਰੀਜਨਲ ਪੁਲਿਸ ਵੱਲੋਂ ਗੋਲੀਆਂ ਚੱਲਣ ਦੀ ਤਾਜ਼ਾ ਵਾਰਦਾਤ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਦੱਸ ਦੇਈਏ ਕਿ ਆਰ.ਸੀ.ਐਮ.ਪੀ. ਦੀ ਇਕ ਤਾਜ਼ਾ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ, ਭਾਰਤ ਸਰਕਾਰ ਦੇ ਇਸ਼ਾਰੇ ’ਤੇ ਕੈਨੇਡਾ ਵਿਚ ਵਾਰਦਾਤਾਂ ਕਰਵਾ ਰਿਹਾ ਹੈ। ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਤ ਰਿਪੋਰਟ ਕਹਿੰਦੀ ਹੈ ਕਿ ਭਾਰਤ ਦੀ ਸਾਬਰਮਤੀ ਜੇਲ ਵਿਚ ਬੰਦ ਲਾਰੈਂਸ ਬਿਸ਼ਨੋਈ ਦੀਆਂ ਹਦਾਇਤਾਂ ’ਤੇ ਕੈਨੇਡਾ ਵਿਚ ਐਕਸਟੌਰਸ਼ਨ, ਨਸ਼ਾ ਤਸਕਰੀ ਅਤੇ ਭਾੜੇ ’ਤੇ ਕਤਲ ਦੀਆਂ ਵਾਰਦਾਤਾਂ ਹੋ ਰਹੀਆਂ ਹਨ।
ਭਾਰਤ ਸਰਕਾਰ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਬਿਸ਼ਨੋਈ : ਆਰ.ਸੀ.ਐਮ.ਪੀ.
ਫ਼ਿਲਹਾਲ ਭਾਰਤ ਸਰਕਾਰ, ਗੁਜਰਾਤ ਦੇ ਜੇਲ ਵਿਭਾਗ ਜਾਂ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨ ਵੱਲੋਂ ਆਰ.ਸੀ.ਐਮ.ਪੀ. ਦੇ ਦਾਅਵਿਆਂ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ। ਕੈਨੇਡਾ ਸਰਕਾਰ ਪਹਿਲਾਂ ਹੀ ਲਾਰੈਸ਼ ਬਿਸ਼ਨੋਈ ਦੇ ਗਿਰੋਹ ਨੂੰ ਅਤਿਵਾਦੀ ਜਥੇਬੰਦੀ ਐਲਾਨ ਚੁੱਕੀ ਹੈ ਅਤੇ ਭਾਰਤੀ ਏਜੰਟਾਂ ਨਾਲ ਮਿਲੀਭੁਗਤ ਹੋਣ ਦੇ ਪਹਿਲੇ ਰਸਮੀ ਦੋਸ਼ 15 ਅਕਤੂਬਰ 2024 ਨੂੰ ਲੱਗੇ ਸਨ।


