ਕੈਨੇਡਾ ਪੁਲਿਸ ’ਤੇ ਪੰਜਾਬੀ ਨੇ ਕੀਤਾ ਹਮਲਾ!
ਕੈਨੇਡਾ ਵਿਚ ਪੁਲਿਸ ਅਫਸਰ ’ਤੇ ਹਮਲਾ ਕਰਨ ਦੇ ਮਾਮਲੇ ਵਿਚ 32 ਸਾਲ ਦੇ ਸਾਹਿਬ ਪੂਨੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
By : Upjit Singh
ਵੈਨਕੂਵਰ : ਕੈਨੇਡਾ ਵਿਚ ਪੁਲਿਸ ਅਫਸਰ ’ਤੇ ਹਮਲਾ ਕਰਨ ਦੇ ਮਾਮਲੇ ਵਿਚ 32 ਸਾਲ ਦੇ ਸਾਹਿਬ ਪੂਨੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਰਾਬ ਪੀ ਕੇ ਗੱਡੀ ਚਲਾ ਰਹੇ ਇਕ ਡਰਾਈਵਰ ਬਾਰੇ ਸ਼ਿਕਾਇਤ ਮਿਲਣ ’ਤੇ ਡੈਲਟਾ ਪੁਲਿਸ ਦੇ ਅਫਸਰ ਹਾਈਵੇਅ 17 ਅਤੇ 80 ਸਟ੍ਰੀਟ ’ਤੇ ਪੁੱਜੇ ਅਤੇ ਸਬੰਧਤ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਡਰਾਈਵਰ ਨੇ ਗੱਡੀ ਨਾ ਰੋਕੀ। ਕੁਝ ਦੂਰੀ ’ਤੇ ਜਾ ਕੇ ਡਰਾਈਵਰ ਨੇ ਗੱਡੀ ਰੋਕ ਅਤੇ ਡਰਾਈਵਰ ਨੇ ਬਾਹਰ ਨਿਕਲ ਕੇ ਪੁਲਿਸ ਅਫਸਰ ’ਤੇ ਹਮਲਾ ਕਰ ਦਿਤਾ। ਦੂਜਾ ਪੁਲਿਸ ਅਫਸਰ ਮਦਦ ਲਈ ਅੱਗੇ ਆਇਆ ਤਾਂ ਸ਼ਰਾਬੀ ਡਰਾਈਵਰ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਇਕ ਪੁਲਿਸ ਵਾਲੇ ਦੇ ਚਿਹਰੇ ਅਤੇ ਗਰਦਨ ’ਤੇ ਘਸੁੰਨ ਮਾਰ ਦਿਤੇ।
ਬੀ.ਸੀ. ਵਿਚ 32 ਸਾਲ ਦਾ ਸਾਹਿਬ ਪੂਨੀਆ ਗ੍ਰਿਫ਼ਤਾਰ
ਇਸ ਮਗਰੋਂ ਡਰਾੲਵੀਰ ਪੁਲਿਸ ਦੇ ਕਾਬੂ ਆ ਗਿਆ ਅਤੇ ਪੁਲਿਸ ਅਫਸਰ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਗਈ। ਡੈਲਟਾ ਪੁਲਿਸ ਮੁਤਾਬਕ ਸਾਹਿਬ ਪੂਨੀਆ ਵਿਰੁੱਧ ਪੁਲਿਸ ਅਫਸਰ ’ਤੇ ਹਮਲਾ ਕਰਨ, ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਪੁਲਿਸ ਤੋਂ ਫਰਾਰ ਹੋਣ ਦਾ ਯਤਨ ਕਰਨ ਦੇ ਦੋਸ਼ ਲਾਏ ਗਏ ਹਨ। ਅਦਾਲਤ ਵਿਚ ਪੇਸ਼ੀ ਮਗਰੋਂ ਸਾਹਿਬ ਪੂਨੀਆਂ ਨੂੰ ਜ਼ਮਾਨਤ ਮਿਲ ਗਈ ਪਰ ਕਈ ਸ਼ਰਤਾਂ ਦੀ ਪਾਲਣਾ ਕਰਨੀ ਹੋਵੇਗੀ। ਦੂਜੇ ਪਾਸੇ ਕੈਨੇਡਾ ਬਾਰਡਰ ਸਰਵਿਸਿਜ਼ ਵੱਲੋਂ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੋਂ 12.5 ਲੱਖ ਡਾਲਰ ਮੁੱਲ ਦੀ 25 ਕਿਲੋ ਮੇਥਮਫੈਟਾਮਿਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ ਜੋ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਭੇਜੀ ਜਾ ਰਹੀ ਸੀ। ਸੀ.ਬੀ.ਐਸ.ਏ. ਵੱਲੋਂ ਜਾਰੀ ਬਿਆਨ ਮੁਤਾਬਕ ਵਿਸ਼ੇਸ਼ ਕੁੱਤਿਆਂ ਦੀ ਮਦਦ ਨਾਲ ਇਕ ਕੈਨੇਡੀਅਨ ਸਿਟੀਜ਼ਨ ਦੇ ਸੂਟਕੇਸ ਵਿਚ 10 ਕਿਲੋ ਮੇਥਮਫੈਟਾਮਿਨ ਹੋਣ ਬਾਰੇ ਪਤਾ ਲੱਗਾ ਜੋ ਚਲਾਕੀ ਨਾਲ ਸੂਟ ਦੇ ਲੁਕਵੇਂ ਹਿੱਸੇ ਵਿਚ ਰੱਖੀ ਗਈ ਸੀ। ਇਹ ਮਾਮਲਾ 27 ਜੁਲਾਈ ਨੂੰ ਸਾਹਮਣੇ ਆਇਆ ਜਦਕਿ 29 ਜੁਲਾਈ ਨੂੰ ਇਕ ਹੋਰ ਕੈਨੇਡੀਅਨ ਸਿਟੀਜ਼ਨ ਕੋਲੋਂ 14 ਕਿਲੋ ਤੋਂ ਵੱਧ ਮੇਥਮਫੈਟਾਮਿਨ ਬਰਾਮਦ ਕੀਤੀ ਗਈ। ਮੁਸਾਫਰ ਦੇ ਸੂਟਕੇਸ ਦੀ ਪੜਤਾਲ ਦੌਰਾਨ ਚਾਰ ਪੈਕਟ ਬਰਾਮਦ ਹੋਏ ਜੋ ਕੱਪੜਿਆਂ ਵਿਚ ਲੁਕਾ ਕੇ ਰੱਖੇ ਗਏ ਸਨ।
ਵੈਨਕੂਵਰ ਹਵਾਈ ਅੱਡੇ ਤੋਂ ਬਰਾਮਦ ਹੋਏ ਨਸ਼ੀਲੇ ਪਦਾਰਥ
ਦੋਹਾਂ ਮਾਮਲਿਆਂ ਵਿਚ ਸ਼ੱਕੀਆਂ ਨੂੰ ਗ੍ਰਿਫ਼ਤਾਰ ਕਰਦਿਆਂ ਆਰ.ਸੀ.ਐਮ.ਪੀ. ਦੇ ਫੈਡਰਲ ਸੀਰੀਅਸ ਐਂਡ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਦੇ ਹਵਾਲੇ ਕਰ ਦਿਤਾ ਗਿਆ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਡੌਮੀਨਿਕ ਲੈਬਲੈਂਕ ਨੇ ਨਸ਼ਿਆਂ ਦੀ ਬਰਾਮਦਗੀ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਮੁਲਕ ਦੇ ਲੋਕਾਂ ਦੀ ਸੁਰੱਖਿਆ ਸਾਡੀ ਮੁੱਖ ਤਰਜੀਹ ਹੈ ਅਤੇ ਇਸੇ ਉਪਰਾਲੇ ਤਹਿਤ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕੀ ਗਈ। ਆਪਣੀਆਂ ਕਮਿਊਨਿਟੀਜ਼ ਦੀ ਹਿਫਾਜ਼ਤ ਕਰਦਿਆਂ ਆਰਗੇਨਾਈਜ਼ਡ ਕ੍ਰਾਈਮ ਦਾ ਟਾਕਰਾ ਕੀਤਾ ਜਾ ਰਿਹਾ ਹੈ। ਨਸ਼ਿਆਂ ਦੀ ਵੱਡੀ ਬਰਾਮਦਗੀ ਸੀ.ਬੀ.ਐਸ.ਏ. ਅਤੇ ਆਰ.ਸੀ.ਐਮ.ਪੀ. ਦਰਮਿਆਨ ਤਾਲਮੇਲ ਸਦਕਾ ਹੀ ਸੰਭਵ ਹੋ ਸਕੀ। ਇਸੇ ਦੌਰਾਨ ਸੀ.ਬੀ.ਐਸ.ਏ. ਦੀ ਰੀਜਨਲ ਡਾਇਰੈਕਟਰ ਨੀਨਾ ਪਟੇਲ ਨੇ ਕਿਹਾ ਕਿ ਅਪਰਾਧਕ ਗਿਰੋਹਾਂ ਖੇਰੂੰ ਖੇਰੂੰ ਕਰਦਿਆਂ ਬਾਰਡਰ ’ਤੇ ਨਸ਼ਾ ਤਸਕਰੀ ਦੇ ਵੱਡੇ ਯਤਨ ਅਸਫਲ ਕਰ ਦਿਤੇ ਗਏ। ਨਸ਼ਿਆਂ ਦੀ ਬਰਾਮਦਗੀ ਦਰਸਾਉਂਦੀ ਹੈ ਕਿ ਖੁਫੀਆ ਏਜੰਸੀਆਂ ਅਤੇ ਬਾਰਡਰ ਅਫਸਰਾਂ ਵੱਲੋਂ ਪੂਰਨ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਆਰ.ਸੀ.ਐਮ.ਪੀ. ਦੇ ਫੈਡਰਲ ਪੁਲਿਸਿੰਗ ਪ੍ਰੋਗਰਾਮ ਦੇ ਡਿਪਟੀ ਰੀਜਨਲ ਕਮਾਂਡਰ ਸਟੀਫਨ ਲੀ ਦਾ ਕਹਿਣਾ ਸੀ ਕਿ ਸੁਹਿਰਦ ਯਤਨਾਂ ਸਦਕਾ ਨਾ ਸਿਰਫ ਕੈਨੇਡਾ ਵਾਸੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ ਸਗੋਂ ਭਾਈਵਾਲ ਮੁਲਕਾਂ ਤੱਕ ਵੀ ਜ਼ਹਿਰੀਲੇ ਪਦਾਰਥ ਪਹੁੰਚਣ ਤੋਂ ਰੋਕੇ ਜਾ ਰਹੇ ਹਨ।