ਹਰਦੀਪ ਸਿੰਘ ਨਿੱਜਰ ਦੀ ਬਰਸੀ ਮੌਕੇ ਵੈਨਕੂਵਰ ਵਿਖੇ ਰੋਸ ਵਿਖਾਵਾ
ਹਰਦੀਪ ਸਿੰਘ ਨਿੱਜਰ ਦੀ ਦੂਜੀ ਬਰਸੀ ਮੌਕੇ ਸਿੱਖ ਕਾਰਕੁੰਨਾਂ ਵੱਲੋਂ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੇ ਬਾਹਰ ਮੁਜ਼ਾਹਰਾ ਕੀਤਾ ਗਿਆ।

ਸਰੀ : ਹਰਦੀਪ ਸਿੰਘ ਨਿੱਜਰ ਦੀ ਦੂਜੀ ਬਰਸੀ ਮੌਕੇ ਸਿੱਖ ਕਾਰਕੁੰਨਾਂ ਵੱਲੋਂ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਦੇ ਬਾਹਰ ਮੁਜ਼ਾਹਰਾ ਕੀਤਾ ਗਿਆ। ਸਿੱਖ ਜਥੇਬੰਦੀ ਦੇ ਬੁਲਾਰੇ ਮਨਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡੀਅਨ ਖੁਫੀਆ ਏਜੰਸੀ ਦੀ ਤਾਜ਼ਾ ਰਿਪੋਰਟ ਮੁੜ ਭਾਰਤ ਸਰਕਾਰ ਵੱਲ ਉਂਗਲ ਚੁੱਕ ਰਹੀ ਹੈ ਅਤੇ ਕੈਨੇਡਾ ਵਿਚ ਵਿਦੇਸ਼ੀ ਦਖਲ ਦਾ ਮੁੱਦਾ ਸਿੱਖ ਭਾਈਚਾਰੇ ਤੋਂ ਕਿਤੇ ਜ਼ਿਆਦਾ ਅੱਗੇ ਵਧ ਚੁੱਕਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸੀ.ਐਸ.ਆਈ.ਐਸ. ਦੀ ਰਿਪੋਰਟ ਸਪੱਸ਼ਟ ਕਰਦੀ ਹੈ ਕਿ ਕੈਨੇਡੀਅਨ ਖੁਦਮੁਖਤਿਆਰੀ ਨੂੰ ਸਰਾਸਰ ਢਾਹ ਲਾਈ ਜਾ ਰਹੀ ਹੈ ਅਤੇ ਚੋਣ ਪ੍ਰਕਿਰਿਆ ਦੀ ਹੇਠੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ।
ਸਿੱਖ ਆਗੂਆਂ ਨੇ ਕੈਨੇਡੀਅਨ ਖੁਫੀਆ ਏਜੰਸੀ ਦੀ ਤਾਜ਼ਾ ਰਿਪੋਰਟ ਦਾ ਹਵਾਲਾ ਦਿਤਾ
ਇਥੇ ਦਸਣਾ ਬਣਦਾ ਹੈ ਕਿ ਹਰਦੀਪ ਸਿੰਘ ਨਿੱਜਰ ਕਤਲਕਾਂਡ ਦੀ ਪੜਤਾਲ ਕਰ ਰਹੀਆਂ ਕੈਨੇਡੀਅਨ ਲਾਅ ਐਨਫੋਰਸਮੈਂਟ ਏਜੰਸੀਆਂ ਕਰਨ ਬਰਾੜ, ਕਮਲਪ੍ਰੀਤ ਸਿੰਘ, ਕਰਨਪ੍ਰੀਤ ਸਿੰਘ ਅਤੇ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਚੁੱਕੀਆਂ ਹਨ। ਮੁਜ਼ਾਹਰੇ ਵਿਚ ਸ਼ਾਮਲ ਸਿੱਖ ਆਗੂਆਂ ਨੇ ਕਿਹਾ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਸਿੱਖ ਭਾਈਚਾਰਾ ਹੋਰ ਮਜ਼ਬੂਤ ਬਣ ਕੇ ਉਭਰਿਆ ਹੈ ਅਤੇ ਖੁਫੀਆ ਰਿਪੋਰਟ ਵਿਚ ਕੀਤੀਆਂ ਸਿਫ਼ਾਰਸ਼ਾਂ ਮੁਤਾਬਕ ਕੈਨੇਡਾ ਸਰਕਾਰ ਨੂੰ ਵਿਦੇਸ਼ੀ ਦਖਲ ਦੇ ਮੁੱਦੇ ’ਤੇ ਵਧੇਰੇ ਸੁਚੇਤ ਰਹਿਣ ਦੀ ਜ਼ਰੂਰਤ ਹੈ। ਖੁਫ਼ੀਆ ਰਿਪੋਰਟ ਮੁਤਾਬਕ ਆਰ.ਸੀ.ਐਮ.ਪੀ. ਨੂੰ ਸ਼ੱਕ ਹੈ ਕਿ 18 ਜੂਨ 2023 ਦੇ ਕਤਲਕਾਂਡ ਵਿਚ ਭਾਰਤੀ ਏਜੰਟ ਕਥਿਤ ਤੌਰ ’ਤੇ ਸ਼ਾਮਲ ਰਹੇ ਕਿਉਂਕਿ ਕਈ ਹੋਰਨਾਂ ਸਿੱਖਾਂ ਨੂੰ ਵੀ ਜਾਨ ਦਾ ਖਤਰਾ ਬਾਰੇ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ।
ਕਿਹਾ, ਸਿੱਖਾਂ ਤੋਂ ਕਿਤੇ ਅੱਗੇ ਵਧ ਚੁੱਕੈ ਕੈਨੇਡਾ ਵਿਚ ਵਿਦੇਸ਼ੀ ਦਖਲ
ਦੂਜੇ ਪਾਸੇ ਬੀ.ਸੀ. ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਐਨ.ਡੀ.ਪੀ. ਦੀ ਲੋਕ ਸੁਰੱਖਿਆ ਮਾਮਲਿਆਂ ਬਾਰੇ ਆਲੋਚਕ ਜੈਨੀ ਕਵੈਨ ਵੱਲੋਂ ਲਾਰੈਂਸ ਬਿਸ਼ਨੋਈ ਗਿਰੋਹ ਨੂੰ ਅਤਿਵਾਦੀ ਜਥੇਬੰਦੀ ਐਲਾਨੇ ਜਾਣ ਦੀ ਮੰਗ ’ਤੇ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨੇ ਕਿਹਾ ਕਿ ਕਿਸੇ ਵੀ ਜਥੇਬੰਦੀਆਂ ਨੂੰ ਅਤਿਵਾਦੀ ਧੜਾ ਐਲਾਨੇ ਜਾਣ ਦੀ ਪ੍ਰਕਿਰਿਆ ਕੌਮੀ ਸੁਰੱਖਿਆ ਏਜੰਸੀਆਂ ਵੱਲੋਂ ਖੁਦਮੁਖਤਿਆਰ ਤਰੀਕੇ ਨਾਲ ਕੀਤੀ ਜਾਂਦੀ ਹੈ।