ਅਮਰੀਕਾ ਛੱਡ ਕੇ ਜਾਣ ਲੱਗੇ ਟਰੰਪ ਤੋਂ ਘਬਰਾਏ ਪ੍ਰੋਫੈਸਰ
ਅਮਰੀਕਾ ਵਿਚ ਕੌਮਾਂਤਰੀ ਵਿਦਿਆਰਥੀਆਂ ਨਾਲ ਹੋ ਰਹੇ ਸਲੂਕ ਤੋਂ ਘਬਰਾਏ ਪ੍ਰੋਫੈਸਰਾਂ ਨੇ ਵੀ ਮੁਲਕ ਛੱਡਣਾ ਸ਼ੁਰੂ ਕਰ ਦਿਤਾ ਹੈ ਜਿਨ੍ਹਾਂ ਵਿਚੋਂ ਕੁਝ ਯੂਨੀਵਰਸਿਟੀ ਆਫ਼ ਟੋਰਾਂਟੋ ਦਾ ਹਿੱਸਾ ਬਣ ਰਹੇ

By : Upjit Singh
ਟੋਰਾਂਟੋ : ਅਮਰੀਕਾ ਵਿਚ ਕੌਮਾਂਤਰੀ ਵਿਦਿਆਰਥੀਆਂ ਨਾਲ ਹੋ ਰਹੇ ਸਲੂਕ ਤੋਂ ਘਬਰਾਏ ਪ੍ਰੋਫੈਸਰਾਂ ਨੇ ਵੀ ਮੁਲਕ ਛੱਡਣਾ ਸ਼ੁਰੂ ਕਰ ਦਿਤਾ ਹੈ ਜਿਨ੍ਹਾਂ ਵਿਚੋਂ ਕੁਝ ਯੂਨੀਵਰਸਿਟੀ ਆਫ਼ ਟੋਰਾਂਟੋ ਦਾ ਹਿੱਸਾ ਬਣ ਰਹੇ ਹਨ। ਟਿਮਥੀ ਸਨਾਈਡਰ ਅਤੇ ਮਾਰਸੀ ਸ਼ੋਰ ਤੋਂ ਬਾਅਦ ਫਿਲੌਸਫੀ ਦੇ ਪ੍ਰੋ. ਜੇਸਨ ਸਟੈਨਲੀ ਵੀ ਕੁਝ ਮਹੀਨੇ ਵਿਚ ਕੈਨੇਡਾ ਪੁੱਜ ਰਹੇ ਹਨ। ਜੇਸਨ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਤਾਨਸ਼ਾਹੀ ਰਾਜ ਸ਼ੁਰੂ ਹੋ ਚੁੱਕਾ ਹੈ ਅਤੇ ਸੰਭਾਵਤ ਤੌਰ ’ਤੇ ਮੌਜੂਦਾ ਹੁਕਮਰਾਨ ਕਦੇ ਵੀ ਸੱਤਾ ਛੱਡਣੀ ਨਹੀਂ ਚਾਹੁਣਗੇ। ਜੇਸਨ ਵੱਲੋਂ ਲਿਖੀ ਕਿਤਾਬ ‘ਹਾਓ ਫੈਸ਼ਿਜ਼ਮ ਵਰਕਸ : ਦਾ ਪੌਲੀਟਿਕਸ ਆਫ਼ ਅੱਸ ਐਂਡ ਦੈੱਮ’ ਬੇਹੱਦ ਚਰਚਾ ਵਿਚ ਰਹੀ ਅਤੇ ਹੁਣ ਉਨ੍ਹਾਂ ਵੱਲੋਂ ਅਮਰੀਕਾ ਛੱਡਣ ਦਾ ਫੈਸਲਾ ਦਰਸਾਉਂਦਾ ਹੈ ਕਿ ਉਹ ਮੌਜੂਦਾ ਸਰਕਾਰ ਤੋਂ ਕਿੰਨੇ ਚਿੰਤਤ ਹਨ। ਕੋਲੰਬੀਆ ਯੂਨੀਵਰਸਿਟੀ ਵਿਚ ਵਾਪਰੇ ਘਟਨਾਕ੍ਰਮ ਦਾ ਜ਼ਿਕਰ ਕਰਦਿਆਂ ਸਟੈਨਲੀ ਨੇ ਕਿਹਾ ਕਿ ਅਮਰੀਕਾ ਦੀਆਂ ਯੂਨੀਵਰਸਿਟੀਜ਼ ਇਕਜੁਟ ਹੁੰਦੀਆਂ ਨਜ਼ਰ ਨਹੀਂ ਆਉਂਦੀਆਂ ਜਿਸ ਦੇ ਮੱਦੇਨਜ਼ਰ ਆਪਣਾ ਜੁੱਲੀ ਬਿਸਤਰਾ ਚੁੱਕ ਕੇ ਕੈਨੇਡਾ ਵੱਲ ਜਾਣਾ ਹੀ ਬਿਹਤਰ ਹੋਵੇਗਾ।
ਕਿਹਾ, ਤਾਨਾਸ਼ਾਹ ਹੁਕਮਰਾਨ ਕਦੇ ਸੱਤਾ ਨਹੀਂ ਛੱਡੇਗਾ
ਇਥੇ ਦਸਣਾ ਬਣਦਾ ਹੈ ਕਿ ਡੌਨਲਡ ਟਰੰਪ ਕੋਲੰਬੀਆ ਯੂਨੀਵਰਸਿਟੀ ਨੂੰ ਮਿਲ ਰਹੀਆਂ 400 ਮਿਲੀਅਨ ਡਾਲਰ ਦੀਆਂ ਗਰਾਂਟਾਂ ਰੱਦ ਕਰ ਚੁੱਕੇ ਹਨ ਅਤੇ ਕਿਸੇ ਹੋਰ ਵਿਦਿਅਕ ਅਦਾਰੇ ਵੱਲੋਂ ਇਸ ਆਪਹੁਦਰੀ ਹਰਕਤ ਵਿਰੁੱਧ ਆਵਾਜ਼ ਬੁਲੰਦ ਨਹੀਂ ਕੀਤੀ ਗਈ। ਗਰਾਂਟਾਂ ਬਹਾਲ ਕਰਨ ਅਤੇ ਭਵਿੱਖ ਵਿਚ ਅਰਬਾਂ ਡਾਲਰ ਦੀਆਂ ਗਰਾਂਟਾਂ ਰੱਦ ਹੋਣ ਤੋਂ ਬਚਾਉਣ ਲਈ ਟਰੰਪ ਸਰਕਾਰ ਵੱਲੋਂ ਕੋਲੰਬੀਆ ਯੂਨੀਵਰਸਿਟੀ ਨੂੰ 9 ਸੁਧਾਰ ਲਾਗੂ ਕਰਨ ਦੀ ਹਦਾਇਤ ਦਿਤੀ ਗਈ ਹੈ। ਉਧਰ ਯੂਨੀਵਰਸਿਟੀ ਦੀ ਕਾਰਜਕਾਰੀ ਪ੍ਰੈਜ਼ੀਡੈਂਟ ਕੈਟਰੀਨਾ ਆਰਮਸਟ੍ਰੌਂਗ ਵੱਲੋਂ ਤਕਰੀਬਨ ਸਾਰੇ ਸੁਧਾਰ ਜਲਦ ਤੋਂ ਜਲਦ ਲਾਗੂ ਕਰਨ ਦੇ ਸੰਕਤੇ ਦਿਤੇ ਗਏ ਹਨ। ਦੂਜੇ ਪਾਸੇ ਯੂਨੀਵਰਸਿਟੀ ਆਫ਼ ਟੋਰਾਂਟੋ ਵੱਲੋਂ ਸਟੈਨਲੀ ਨੂੰ ਯਕੀਨ ਦਿਵਾਇਆ ਗਿਆ ਹੈ ਕਿ ਮੰਕ ਸਕੂਲ ਆਫ਼ ਗਲੋਬਲ ਅਫ਼ੇਅਰਜ਼ ਐਂਡ ਪਬਲਿਕ ਪੌਲਿਸੀ ਨੂੰ ਲੋਕਤੰਤਰ ਦਾ ਕੌਮਾਂਤਰੀ ਕੇਂਦਰ ਬਣਾਇਆ ਜਾਵੇਗਾ। ਇਸੇ ਦੌਰਾਨ ਯੂਨੀਵਰਸਿਟੀ ਆਫ਼ ਪੈਨਸਿਲਵੇਨੀਆ ਵਿਚ ਇਤਿਹਾਸ ਦੇ ਪ੍ਰੋਫੈਸਰ ਜੌਨਾਥਨ ਜ਼ਿਮਰਮੈਨ ਨੇ ਕਿਹਾ ਕਿ ਲੋਕਾਂ ਨੂੰ ਅਸਲੀਅਤ ਬਾਰੇ ਪਤਾ ਹੀ ਨਹੀਂ। ਟਰੰਪ ਸਰਕਾਰ ਕੋਲੰਬੀਆ ਯੂਨੀਵਰਸਿਟੀ ਵਿਚ ਤਬਦੀਲੀਆਂ ਰਾਹੀਂ ਮੱਧ ਪੂਰਬ ਜਾਂ ਫ਼ਲਸਤੀਨ ਨਾਲ ਸਬੰਧਤ ਅਧਿਐਨ ਬੰਦ ਕਰਵਾਉਣਾ ਚਾਹੁੰਦੀ ਹੈ। ਜ਼ਿਮਰਮੈਨ ਨੇ ਸਖ਼ਤ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਅਮਰੀਕਾ ਛੱਡ ਕੇ ਜਾਣ ਵਾਲਿਆਂ ਦਾ ਕਾਫ਼ਲਾ ਕਿੰਨਾ ਵੱਡਾ ਹੋਵੇਗਾ, ਇਹ ਦੱਸਣਾ ਮੁਸ਼ਕਲ ਹੈ ਕਿਉਂਕਿ ਲੋਕ ਨਾਜ਼ੀਵਾਦ ਅਤੇ ਸਾਮਵਾਦ ਤੋਂ ਬਚਣ ਲਈ ਅਮਰੀਕਾ ਆਏ ਪਰ ਹੁਣ ਇਥੇ ਵੀ ਤਾਨਾਸ਼ਾਹੀ ਆਰੰਭ ਹੋ ਚੁੱਕੀ ਹੈ।
ਕੈਨੇਡੀਅਨ ਯੂਨੀਵਰਸਿਟੀਜ਼ ਦਾ ਬਣਨਗੇ ਸ਼ਿੰਗਾਰ
ਉਧਰ ਯੂਨੀਵਰਸਿਟੀਜ਼ ਕੈਨੇਡਾ ਦੇ ਪ੍ਰੈਜ਼ੀਡੈਂਟ ਗੈਬਰੀਅਲ ਮਿਲਰ ਦਾ ਕਹਿਣਾ ਸੀ ਕਿ ਅਮਰੀਕਾ ਦੀਆਂ ਅਕਾਦਮਿਕ ਸ਼ਖਸੀਅਤਾਂ ਵੱਲੋਂ ਕੈਨੇਡੀਅਨ ਯੂਨੀਵਰਸਿਟੀਜ਼ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਮੇਂ ਦੌਰਾਨ ਅਮਰੀਕਾ ਦੀਆਂ ਦਰਜਨਾਂ ਅਕਾਦਮਿਕ ਸ਼ਖਸੀਅਤਾਂ ਕੈਨੇਡੀਅਨ ਵਿਦਿਅਕ ਅਦਾਰਿਆਂ ਦਾ ਹਿੱਸਾ ਬਣ ਸਕਦੀਆਂ ਹਨ। ਇਸੇ ਦੌਰਾਨ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੱਲੋਂ ਤੁਰਕੀ ਨਾਲ ਸਬੰਧਤ ਕੌਮਾਂਤਰੀ ਵਿਦਿਆਰਥਣ ਰੁਮੇਜ਼ਾ ਦੀ ਗ੍ਰਿਫ਼ਤਾਰੀ ਨੂੰ ਜਾਇਜ਼ ਠਇਰਾਇਆ ਗਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਰਕੋ ਰੂਬੀਓ ਨੇ ਕਿਹਾ ਕਿ ਜੇ ਤੁਸੀਂ ਸਟੱਡੀ ਵੀਜ਼ਾ ’ਤੇ ਅਮਰੀਕਾ ਆ ਰਹੇ ਹੋ ਤਾਂ ਇਥੇ ਪੜ੍ਹਾਈ ਵੱਲ ਧਿਆਨ ਦੇਣਾ ਚਾਹੀਦਾ ਹੈ ਪਰ ਜੇ ਤੁਸੀਂ ਅਖਬਾਰਾਂ ਵਿਚ ਲੇਖ ਲਿਖਣਾ ਸ਼ੁਰੂ ਕਰ ਦਿੰਦੇ ਹਨ ਅਤੇ ਕਿਸੇ ਲਹਿਰ ਦਾ ਹਿੱਸਾ ਬਣਨ ਦਾ ਯਤਨ ਕਰਦੇ ਹੋ ਤਾਂ ਸਰਕਾਰ ਅਜਿਹੀਆਂ ਹਰਕਤਾਂ ਬਰਦਾਸ਼ਤ ਨਹੀਂ ਕਰੇਗੀ।


