Begin typing your search above and press return to search.

ਕੈਨੇਡਾ ਦੀ ਰਾਜਨੀਤਿਕ ਪਾਰਟੀ ਐੱਨ. ਡੀ. ਪੀ. ਦਾ ਲੀਡਰ: ਜਗਮੀਤ ਸਿੰਘ --- ਦਰਬਾਰਾ ਸਿੰਘ ਕਾਹਲੋਂ

ਕੈਨੇਡਾ ਦੀ ਰਾਜਨੀਤਿਕ ਪਾਰਟੀ ਐੱਨ. ਡੀ. ਪੀ. ਦਾ ਲੀਡਰ: ਜਗਮੀਤ ਸਿੰਘ --- ਦਰਬਾਰਾ ਸਿੰਘ ਕਾਹਲੋਂ
X

BikramjeetSingh GillBy : BikramjeetSingh Gill

  |  20 Oct 2024 7:01 AM IST

  • whatsapp
  • Telegram

ਸੰਨ 2025 ਦੀਆਂ ਆਮ ਚੋਣਾਂ ਲਈ ਉਨ੍ਹਾਂ ਨੇ ਹੁਣ ਤੋਂ ਐੱਨ. ਡੀ. ਪੀ ਦੇ ਸੀਨੀਅਰ, ਤੇਜ਼ ਤਰਾਰ ਅਤੇ ਤਜਰਬੇਕਾਰ ...”

ਕੈਨੇਡਾ ਦੀ ਧਰਤੀ ’ਤੇ ਇੱਕ ਜਿੰਦਾ ਰਾਜਨੀਤਕ ਅਤੇ ਸਮਾਜਿਕ ਚਮਤਕਾਰ ਵਿਚਰ ਰਿਹਾ ਹੈ, ਜਿਸਦਾ ਨਾਮ ਹੈ ਸ. ਜਗਮੀਤ ਸਿੰਘ। ਅਜੋਕੇ ਡਿਜਿਟਲ ਗਲੋਬਲ ਸਮਾਜ ਵਿੱਚ ਕਿਸੇ ਵਿਦੇਸ਼ੀ ਧਰਤੀ ’ਤੇ ਉੱਥੋਂ ਦੀ ਰਾਸ਼ਟਰੀ ਪੱਧਰ ਦੀ ਰਾਜਨੀਤਕ ਪਾਰਟੀ ਦਾ ਸੁਪਰੀਮੋ ਬਣਨਾ, ਇੱਕ ਪ੍ਰਵਾਸੀ ਘੱਟ-ਗਿਣਤੀ ਵਿੱਚੋਂ, ਉਹ ਵੀ ਸਿੱਖ ਸਮੁਦਾਇ ਨਾਲ ਸੰਬੰਧਿਤ ਵਿਅਕਤੀ ਦਾ ਸੱਚਮੁੱਚ ਕਿਸੇ ਚਮਤਕਾਰ ਤੋਂ ਘੱਟ ਨਹੀਂ।

ਕੈਨੇਡਾ ਵਿਸ਼ਵ ਦਾ ਇੱਕ ਅਤਿ ਖੂਬਸੂਰਤ ਦੇਸ਼ ਹੈ ਜਿਸ ਵਿੱਚ ਲੋਕਤੰਤਰ ਵੱਡੀਆਂ ਨਿੱਤ ਪ੍ਰਤੀ ਚੁਣੌਤੀਆਂ ਨਾਲ ਜੂਝਣ ਦੇ ਬਾਵਜੂਦ ਅੱਖਾਂ ਚੁੰਧਿਆ ਦੇਣ ਵਾਲੀ ਸਫਲਤਾ ਨਾਲ ਤਰੱਕੀ ਕਰ ਰਿਹਾ ਹੈ। ਇਹ ਇੱਕ ਫੈਡਰਲ ਕਿਸਮ ਦਾ ਲੋਕਤੰਤਰ ਹੈ ਜੋ ਸਿਧਾਂਤਕ ਪੱਖੋਂ ਇੰਨਾ ਮਜ਼ਬੂਤ ਹੈ ਕਿ ਉਹ ਕਿਸੇ ਵੀ ਵਿਸ਼ਵ ਸ਼ਕਤੀ ਨਾਲ ਅੱਖਾਂ ਵਿੱਚ ਅੱਖਾਂ ਪਾ ਕੇ ਧੜੱਲੇ ਨਾਲ ਗੱਲ ਕਰ ਸਕਦਾ ਹੈ। ਦਸ ਰਾਜਾਂ ਅਤੇ ਤਿੰਨ ਇਲਾਕਾਈ ਖੇਤਰਾਂ ਆਧਾਰਿਤ ਇਹ ਦੇਸ਼ ਰੂਸ ਬਾਅਦ ਸਭ ਤੋਂ ਵੱਡੇ ਖੇਤਰਫਲ ਵਾਲਾ ਦੇਸ਼ ਹੈ, ਲੇਕਿਨ ਇਸਦੀ ਅਬਾਦੀ ਚਾਰ ਕਰੋੜ ਦੇ ਕਰੀਬ ਹੈ। ਭਾਵੇਂ ਕੈਨੇਡਾ ਵਿੱਚ 17 ਮਾਨਤਾ ਪ੍ਰਾਪਤ ਪਾਰਟੀਆਂ ਹਨ ਪਰ ਮੁੱਖ ਤੌਰ ’ਤੇ 4 ਰਾਸ਼ਟਰੀ ਪਾਰਟੀਆਂ ਹਨ: ਕੰਜ਼ਰਵੇਟਿਵ, ਲਿਬਰਲ, ਐੱਨ. ਡੀ. ਪੀ. ਅਤੇ ਗਰੀਨ ਪਾਰਟੀ। ਪੰਜਵੀਂ ਤਾਕਤਵਰ ਇਲਾਕਾਈ ਪਾਰਟੀ ਕਿਉੂਬੈਕ ਬਲਾਕ ਹੈ।

ਨਿਊ ਡੈਮੋਕ੍ਰੈਟਿਕ ਪਾਰਟੀ (N D P), ਜੋ ਸੰਨ 1961 ਵਿੱਚ ਸਥਾਪਿਤ ਕੀਤੀ ਗਈ ਸੀ, ਉਸਦੇ ਅਜੋਕੇ ਸੁਪਰੀਮੋ ਜਗਮੀਤ ਸਿੰਘ ਹਨ। ਬ੍ਰਿਟਿਸ਼ ਕੋਲੰਬੀਆ ਅਤੇ ਮੈਨੀਟੋਬਾ ਰਾਜਾਂ ਵਿੱਚ ਇਸ ਪਾਰਟੀ ਦੀਆਂ ਸਰਕਾਰਾਂ ਹਨ। ਅਲਬਰਟਾ, ਸਸਕੈਚਵਿਨ ਅਤੇ ਓਂਟਾਰੀਓ ਵਿੱਚ ਇਹ ਮੁੱਖ ਵਿਰੋਧੀ ਧਿਰ ਹੈ। ਲਿਬਰਲ ਪਾਰਟੀ ਦੀ ਜਸਟਿਨ ਟਰੂਡੋ ਦੀ ਅਗਵਾਈ ਵਿੱਚ ਚੱਲੀ ਪਿਛਲੀ ਅਤੇ ਅਜੋਕੀ ਘੱਟ ਗਿਣਤੀ ਫੈਡਰਲ ਸਰਕਾਰ ਐੱਨ.ਡੀ. ਪੀ. ਦੀ ਮੁੱਦਿਆਂ ਅਧਾਰਤ ਬਾਹਰੀ ਹਿਮਾਇਤ ਕਰਕੇ ਚੱਲ ਪਾਈਆਂ ਹਨ।

ਦੁਮਾਲਾ ਸਜਾਉਣ ਵਾਲੇ ਕ੍ਰਿਸ਼ਮਈ ਪੂਰਨ ਗੁਰਸਿੱਖ ਐੱਨ. ਡੀ. ਪੀ. ਸੁਪਰੀਮੋ ਜਗਮੀਤ ਸਿੰਘ ਦਾ ਜਨਮ ਪੰਜਾਬ ਸੰਬੰਧਿਤ ਪ੍ਰਵਾਸੀ ਪਰਿਵਾਰ ਵਿੱਚ ਮਾਤਾ ਹਰਮੀਤ ਕੌਰ ਦੀ ਕੁੱਖੋਂ ਸ. ਜਗਤਾਰਨ ਸਿੰਘ ਧਾਲੀਵਾਲ ਦੇ ਗ੍ਰਹਿ ਵਿਖੇ ਸਕਾਰਬਰੋ (ਓਂਟਾਰੀਓ) ਅੰਦਰ 2 ਜਨਵਰੀ, 1979 ਵਿੱਚ ਹੋਇਆ ਸੀ। ਕਰੀਬ ਇੱਕ ਸਾਲ ਪੰਜਾਬ ਦਾਦਕਿਆਂ ਕੋਲ ਰਹਿਣ ਬਾਅਦ ਬਚਪਨ ਸੇਂਟ ਜਾਹਨ ਅਤੇ ਗਰਾਂਡ ਫਾਲਜ਼-ਵਿੰਡਸਰ, ਨਿਊਫਾਊਂਡਲੈਂਡ ਰਾਜ ਵਿੱਚ ਬੀਤਿਆ। ਫਿਰ ਮਾਪੇ ਵਿੰਡਸਰ, ਓਂਟਾਰੀਓ ਵਸ ਗਏ। 6 ਸਾਲ ਡੈਟਰੌਇਟ ਕਾਊਂਟੀ ਡੇਅ ਸਕੂਲ ਬੈਵਰਲੀ ਹਿੱਲਜ਼, ਮਿਸ਼ੀਗਨ (ਅਮਰੀਕਾ), ਬੀ. ਐੱਸ. ਸੀ. ਬਾਇਓ ਸੰਨ 2001 ਵਿੱਚ ਵੈਸਟਰਨ ਓਂਟਾਰੀਓ ਯੂਨੀਵਰਸਿਟੀ, ਲਾਅ ਸੰਨ 2005 ਵਿੱਚ ਯਾਰਕ ਯੂਨੀਵਰਸਿਟੀ ਤੋਂ ਕਰਕੇ ਸੰਨ 2006 ਵਿੱਚ ਪ੍ਰੈਕਟਿਸ ਸ਼ੁਰੂ ਕਰ ਦਿੱਤੀ। ਸੰਨ 2018 ਵਿੱਚ ਗੁਰਕਿਰਨ ਕੌਰ ਨਾਲ ਸ਼ਾਦੀ ਕੀਤੀ। ਉਨ੍ਹਾਂ ਦੀਆਂ ਦੋ ਧੀਆਂ ਹਨ।

ਉਸ ਦੇ ਵਿਅਕਤੀਤਵ ’ਤੇ ਉਸਦੀ ਮਾਤਾ ਦਾ ਬਹੁਤ ਵੱਡਾ ਪ੍ਰਭਾਵ ਪਿਆ। ਉਨ੍ਹਾਂ ਦਾ ਮੰਨਣਾ ਸੀ ਕਿ ਜੇ ਇੱਕ ਵਿਅਕਤੀ ਵੀ ਦੁਖੀ ਹੁੰਦਾ ਹੈ ਤਾਂ ਇਸਦਾ ਮੰਦ ਅਸਰ ਪੂਰੇ ਸਮਾਜ ’ਤੇ ਪੈਂਦਾ ਹੈ। ਬੇਇਨਸਾਫੀ, ਧੱਕੇਸ਼ਾਹੀ ਅਤੇ ਜਬਰ ਵਿਰੁੱਧ ਲੜਨਾ ਅਤੇ ਡਟ ਕੇ ਖੜ੍ਹੇ ਰਹਿਣਾ ਉਸ ਨੇ ਆਪਣੀ ਮਾਤਾ ਕੋਲੋਂ ਸਿੱਖਿਆ ਸੀ।

ਵਕਾਲਤ ਦੇ ਨਾਲ-ਨਾਲ ਉਸਨੇ ਰਾਜਨੀਤੀ ਵਿੱਚ ਵੀ ਭਾਗ ਲੈਣਾ ਸ਼ੁਰੂ ਕਰ ਦਿੱਤਾ ਆਪਣੇ ਛੋਟੇ ਭਰਾ ਗੁਰਰਤਨ ਸਿੰਘ ਨਾਲ। ਜਦੋਂ ਨਵੰਬਰ 84 ਸਿੱਖ ਕਤਲ-ਏ-ਆਮ ਲਈ ਭੀੜਾਂ ਨੂੰ ਉਕਸਾਉਣ ਵਾਲਾ ਕਾਂਗਰਸ ਆਗੂ ਵਪਾਰ ਮੰਤਰੀ ਹੁੰਦੇ ਕੈਨੇਡਾ ਗਿਆ ਤਾਂ ਜਗਮੀਤ ਸਿੰਘ ਅਤੇ ਉਸਦੇ ਸਾਥੀ ਕਾਰਕੁਨਾਂ ਨੇ ਉਸਦਾ ਡਟ ਕੇ ਵਿਰੋਧ ਕੀਤਾ। ਬਾਅਦ ਵਿੱਚ ਉਹ ਐੱਨ. ਡੀ ਪਾਰਟੀ ਵਿੱਚ ਸ਼ਾਮਲ ਹੋ ਗਿਆ।

ਸੰਨ 2011 ਦੀਆਂ ਫੈਡਰਲ ਚੋਣਾਂ ਵਿੱਚ ਜਗਮੀਤ ਸਿੰਘ ਨੇ ਐੱਨ. ਡੀ.ਪੀ ਉਮੀਦਵਾਰ ਵਜੋਂ ਬਰੈਂਪਟਨ ਦੀ ਬਰਾਮਾਲੀਆ-ਗੌਰ-ਮਾਲਟਨ ਸੀਟ ਤੋਂ ਚੋਣ ਲੜੀ ਪਰ ਕੰਜ਼ਰਵੇਟਿਵ ਉਮੀਦਵਾਰ ਬੱਲ ਗੋਸਲ ਤੋਂ 539 ਵੋਟਾਂ ਨਾਲ ਹਾਰ ਗਿਆ। ਲੇਕਿਨ ਓਂਟਾਰੀਓ ਸੂਬਾਈ ਵਿਧਾਨ ਸਭਾ ਚੋਣਾਂ ਵਿੱਚ ਇਸੇ ਸਾਲ 2011 ਵਿੱਚ ਲਿਬਰਲ ਉਮੀਦਵਾਰ ਕੁਲਦੀਪ ਕੁਲਾਰ ਨੂੰ 2277 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਹੋ ਸੀਟ ਸੰਨ 2014 ਵਿੱਚ ਮੁੜ ਵੱਡੇ ਫਰਕ ਨਾਲ ਦਿੱਤ ਲਈ। ਓਂਟਾਰੀਓ ਵਿਧਾਨ ਸਭਾ ਵਿੱਚ ਉਨ੍ਹਾਂ ਦੀ ਲੋਕ ਪੱਖੀ ਕਾਰਗੁਜ਼ਾਰੀ, ਪ੍ਰਾਈਵੇਟ ਮੈਂਬਰ ਬਿੱਲਾਂ, ਵਿੱਦਿਅਕ ਸੁਧਾਰਾਂ ਸੰਬੰਧੀ ਸੁਝਾਵਾਂ ਕਰਕੇ ਪਾਰਟੀ ਅਤੇ ਰਾਸ਼ਟਰੀ ਪੱਧਰ ’ਤੇ ਵੱਡੀ ਵਾਹਵਾ ਹੀ ਪ੍ਰਾਪਤ ਕੀਤੀ। ਪਾਰਟੀ ਉਮੀਦਵਾਰਾਂ ਲਈ ਅਲਬਰਟਾ, ਨੋਵਾ ਸਕੋਸ਼ੀਆ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਚੋਣ ਮੁਹਿੰਮ ਭਖਾਈ।

ਐੱਨ. ਡੀ. ਪੀ. ਦੇ ਕ੍ਰਿਸ਼ਮਈ ਅਤੇ ਦੂਰ ਅੰਦੇਸ਼ ਆਗੂ ਜੈਕ ਲੇਟਨ, ਜਿਨ੍ਹਾਂ ਨੇ ਪਾਰਟੀ ਦੀ ਅਗਵਾਈ ਸੰਨ 2003 ਤੋਂ 2011 ਤਕ ਕੀਤੀ, ਕੈਨੇਡੀਅਨ ਰਾਜਨੀਤੀ ਵਿੱਚ ਇਸ ਨੂੰ ਸਿਖਰਾਂ ਵੱਲ ਲੈ ਗਿਆ। ਪਾਰਲੀਮੈਂਟ ਵਿੱਚ 13 ਸਾਂਸਦਾਂ ਤੋਂ ਸੰਨ 2011 ਦੀਆਂ ਚੋਣਾਂ ਵਿੱਚ 103 ’ਤੇ ਲੈ ਗਿਆ। ਪਰ ਉਨ੍ਹਾਂ ਦੀ ਕੈਂਸਰ ਕਰਕੇ ਮੌਤ ਤੋਂ ਬਾਅਦ ਪਾਰਟੀ ਮੁਖੀ ਥਾਮਸ ਮੁਕਲੇਅਰ ਚੁਣੇ ਗਏ। ਸੰਨ 2015 ਵਿੱਚ ਪਾਰਲੀਮਾਨੀ ਚੋਣਾਂ ਵਿੱਚ ਥਾਮਸ ਮੁਕਲੇਅਰ ਦੀ ਅਗਵਾਈ ਵਿੱਚ ਪਾਰਟੀ ਧੜੰਮ ਥੱਲੇ (44 ਸੀਟਾਂ ’ਤੇ) ਡਿਗ ਪਈ। ਨਤੀਜੇ ਵਜੋਂ ਥਾਮਸ ਮੁਕਲੇਅਰ ਨੂੰ ਹਟਾ ਦਿੱਤਾ ਗਿਆ। 20 ਅਕਤੂਰ, 2017 ਵਿੱਚ ਜਗਮੀਤ ਸਿੰਘ ਨੂੰ ਪਾਰਟੀ ਆਗੂ ਚੁਣ ਲਿਆ ਗਿਆ।

ਜਗਮੀਤ ਸਿੰਘ ਨੇ ਪਾਰਟੀ ਦੇ ਖੁਰਦੇ ਅਕਸ ਨੂੰ ਥੰਮ੍ਹਿਆ। ਸੰਨ 2019 ਵਿੱਚ ਬਰਨ ਬੇਅ (ਬ੍ਰਿਟਿਸ਼ ਕੋਲੰਬੀਆ) ਤੋਂ ਉਪ ਚੋਣ ਜਿੱਤ ਕੇ ਪਾਰਲੀਮੈਂਟ ਵਿੱਚ ਦਾਖਲ ਹੋਏ। ਸੰਨ 2019 ਦੀਆਂ ਫੈਡਰਲ ਚੋਣਾਂ ਵਿੱਚ ਐੱਨ.ਡੀ. ਪੀ. ਸਿਰਫ 24 ਸੀਟਾਂ ਜਿੱਤ ਸਕੀ। ਲੇਕਿਨ ਜਸਟਿਨ ਟਰੂਡੋ ਦੀ ਘੱਟ ਗਿਣਤੀ ਸਰਕਾਰ ਨੂੰ ਘੱਟੋ-ਘੱਟ ਪ੍ਰੋਗਰਾਮ ਅਧਾਰ ’ਤੇ ਉਨ੍ਹਾਂ ਬਾਹਰੋਂ ਹਿਮਾਇਤ ਦੇ ਕੇ ਦੇਸ਼ ਨੂੰ ਮੁੜ ਚੋਣਾਂ ਤੋਂ ਬਚਾ ਲਿਆ। ਸੰਨ 2021 ਨੂੰ ਬਹੁਮਤ ਪ੍ਰਾਪਤ ਕਰਨ ਦੀ ਇੱਛਾ ਨਾਲ ਟਰੂਡੋ ਸਰਕਾਰ ਨੇ ਦੇਸ਼ ਤੇ ਮੱਧਕਾਲੀ ਚੋਣਾਂ ਥੋਪੀਆਂ। ਇਨ੍ਹਾਂ ਚੋਣਾਂ ਵਿੱਚ ਜਗਮੀਤ ਸਿੰਘ ਨੇ ਜਿੱਥੇ ਆਪਣੀ ਬਰਨ ਬੇਅ ਸੀਟ ਬਰਕਰਾਰ ਰੱਖੀ, ਉੱਥੇ ਪਾਰਟੀ ਨੂੰ 25 ਸੀਟਾਂ ’ਤੇ ਜਿੱਤ ਹਾਸਿਲ ਹੋਈ। ਜਗਮੀਤ ਨੇ ਮੁੜ ਘੱਟੋ-ਘੱਟ ਪ੍ਰੋਗਰਾਮ ਤਹਿਤ ਟਰੂਡੋ ਦੀ ਘੱਟ ਗਿਣਤੀ ਸਰਕਾਰ ਕਾਇਮ ਰੱਖਣ ਨਾਲ ਦੇਸ਼ ਨੂੰ ਮੱਧਕਾਲੀ ਚੋਣਾਂ ਤੋਂ ਬਚਾ ਲਿਆ। ਚੋਣਾਂ ਦੌਰਾਨ ਉਨ੍ਹਾਂ ਸਪਸ਼ਟ ਕਰ ਦਿੱਤਾ ਸੀ ਕਿ ਲਟਕਵੀਂ ਪਾਰਲੀਮੈਂਟ ਦੀ ਸੂਰਤ ਵਿੱਚ ਉਹ ਕੰਜ਼ਰਵੇਟਿਵ ਘੱਟ ਗਿਣਤੀ ਦੀ ਸਰਕਾਰ ਗਠਤ ਕਰਨ ਲਈ ਹਿਮਾਇਤ ਨਹੀਂ ਕਰਨਗੇ।

ਜਗਮੀਤ ਸਿੰਘ ਸਮਾਜਵਾਦੀ, ਗੁਰੂ ਨਾਨਕ ਦੇ ਵਿਚਾਰਾਂ ਅਤੇ ਖੁੱਲ੍ਹੀ ਸੋਚ ਦੇ ਧਾਰਨੀ ਇੱਕ ਮਜ਼ਬੂਤ ਇਰਾਦੇ ਵਾਲੇ ਸੱਚੇ ਸੁੱਚੇ, ਇਮਾਨਦਾਰ, ਵਚਨਬੱਧ ਅਤੇ ਅਗਾਂਹਵਧੂ ਆਗੂ ਹਨ। ਕੈਨੇਡਾ ਦੇ ਬਹੁਤ ਸਾਰੇ ਲੋਕਾਂ ਦੀ ਇੱਛਾ ਹੈ ਕਿ ਕੈਨੇਡਾ ਦੀ ਮਜ਼ਬੂਤੀ, ਤਰੱਕੀ ਅਤੇ ਕੌਮਾਂਤਰੀ ਪੱਧਰ ’ਤੇ ਪ੍ਰਮਾਣਿਕਤਾ ਲਈ ਜਗਮੀਤ ਸਿੰਘ ਵਰਗੇ ਆਗੂ ਨੂੰ ਘੱਟੋਘੱਟ ਇੱਕ ਕਾਰਜਕਾਲ ਲਈ ਪ੍ਰਧਾਨ ਮੰਤਰੀ ਵਜੋਂ ਮੌਕਾ ਦੇਣਾ ਚਾਹੀਦਾ ਹੈ।

ਜਗਮੀਤ ਸਿੰਘ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਲਾ ਆਗੂ ਹੈ, ਵਾਤਾਵਰਣ ਸੰਭਾਲ ਪ੍ਰਤੀ ਵਚਨਬੱਧ ਹੈ ਅਤੇ ਚਾਹੁੰਦਾ ਹੈ ਕਿ ਸੰਨ 2025 ਤਕ ਕਾਰਬਨ ਨਿਕਾਸੀ ਮੁੜ 2005 ਲੈਵਲ ’ਤੇ ਲਿਆਂਦੀ ਜਾਏ। ਲੱਖਾਂ ਗਰੀਬ ਕੈਨੇਡੀਅਨਾਂ ਦੀ ਹਾਲਤ ਸੁਧਾਰਨ ਲਈ ਉਹ ਅਮੀਰਾਂ ਅਤੇ ਕਾਰਪੋਰੇਟਰਾਂ ’ਤੇ ਟੈਕਸ ਠੋਕਣ ਅਤੇ ਹੇਠਲੇ ਵਰਗਾਂ ਨੂੰ ਰਾਹਤ ਦੇਣ ਦਾ ਹਾਮੀ ਹੈ। ਘੱਟੋ-ਘੱਟ 25 ਡਾਲਰ ਪ੍ਰਤੀ ਘੰਟਾ ਉਜਰਤ ਦਾ ਹਾਮੀ ਹੈ। ਫਾਰਮਾ ਕੇਅਰ, ਦਵਾਈਆਂ, ਸਥਾਨਿਕ ਫਰਸਟ ਨੈਸ਼ਨਜ਼ ਦੀ ਹਾਲਤ ਸੁਧਾਰਨ, ਬੱਚਿਆਂ ਦਾ ਸ਼ੋਸ਼ਣ ਰੋਕਣ, ਡੈਂਟਲ ਕੇਅਰ ਅਤੇ ਚੋਣ ਸੁਧਾਰ ਪ੍ਰੋਗਰਾਮਾਂ ਖ਼ਾਤਰ ਅਕਸਰ ਜਗਮੀਤ ਸਿੰਘ ਨੂੰ ਟਰੂਡੋ ਲਿਬਰਲ ਸਰਕਾਰ ’ਤੇ ਹਮਲਾਵਰ ਹੁੰਦੇ ਵੇਖਿਆ ਜਾਂਦਾ ਰਿਹਾ ਹੈ। ਇਨਾਂ ਮੁੱਦਿਆਂ ਅਧਾਰਤ ਟਰੂਡੋ ਲਿਬਰਲ ਪਾਰਟੀ ਸਰਕਾਰ ਨੂੰ ਸੰਨ 2025 ਵਿੱਚ ਕਾਰਜਕਾਲ ਪੂਰਤੀ ਤਕ ਹਿਮਾਇਤ ਜਾਰੀ ਰੱਖਣ ਲਈ ਮਾਰਚ 2022 ਨੂੰ ‘ਸਪਲਾਈ ਅਤੇ ਵਿਸਵਾਸ਼’ ਸੰਧੀ ਕੀਤੀ ਸੀ। ਲੇਕਿਨ ਟਰੂਡੋ ਸਰਕਾਰ ਵੱਲੋਂ ਮੱਧ ਵਰਗ ਦੀ ਹਿਮਾਇਤ ਤੋਂ ਪੈਰ ਪਿਛਾਂਹ ਖਿੱਚਣ ਅਤੇ ਕਾਰਪੋਰੇਟ ਘਰਾਣਿਆਂ ਦੀ ਪਿੱਠ ਪੂਰਨ ਕਰਕੇ 4 ਸਤੰਬਰ, 2024 ਨੂੰ ਸ. ਜਗਮੀਤ ਸਿੰਘ ਨੇ ਇਹ ਸੰਧੀ ਤੋੜ ਦਿੱਤੀ। ਇਵੇਂ ਟਰੂਡੋ ਘੱਟ ਗਿਣਤੀ ਸਰਕਾਰ ਰਾਜਨੀਤਕ ਸੰਕਟ ਗ੍ਰਹਸਤ ਹੋ ਗਈ। ਫਿਰ ਵੀ ਸਰਕਾਰ ਦਾ ਡਿਗਣਾ ਹੁਣ ਐੱਨ. ਡੀ. ਪੀ. ਅਤੇ ਕਿਊਬੈਕ ਬਲਾਕ ਦੇ ਵਤੀਰੇ ’ਤੇ ਨਿਰਭਰ ਕਰੇਗਾ।

ਕੈਨੇਡਾ ਅੰਦਰ ਅਜੋਕੀ 21ਵੀਂ ਸਦੀ ਵਿੱਚ ਬ੍ਰਿਟਿਸ਼ ਰਾਜਸ਼ਾਹੀ ਦੀ ਸਾਰਥਕਤਾ ਜ਼ੀਰੋ ਹੋ ਚੁੱਕੀ ਹੈ। ਕੈਨੇਡਾ ਰਿਪਬਲਿਕ ਸਟੇਟ ਵਜੋਂ ਸਥਾਪਿਤ ਕੀਤਾ ਜਾਵੇ। ਜਗਮੀਤ ਇਸਦਾ ਵੱਡਾ ਅਲੰਬਰਦਾਰ ਹੈ। ਉਹ ਨਸਲਵਾਦ ਅਤੇ ਕਾਰਡਿੰਗ ਸਿਸਟਮ ਦੇ ਖ਼ਾਤਮੇ ਲਈ ਫੈਡਰਲ ਕਾਨੂੰਨ ਦਾ ਹਾਮੀ ਹੈ। ਖੁਦ ਕਈ ਵਾਰ ਸਿੱਖ ਹੋਣ ਦੇ ਨਾਤੇ ਨਸਲਵਾਦ ਦਾ ਸ਼ਿਕਾਰ ਹੋਇਆ ਹੈ।

ਜਗਮੀਤ ਸਿੰਘ ਰਾਜਾਂ ਦੇ ਸਵੈ ਨਿਰਣੇ ਦੇ ਅਧਿਕਾਰ, ਖਾਸ ਕਰਕੇ ਫਰੈਂਚ ਬਹੁਲਰਾਜ ਕਿਊਬੈੱਕ ਦਾ ਵੱਡਾ ਹਾਮੀ ਹੈ ਪਰ ਉਸ ਦੇ ਧਾਰਮਿਕ ਅਜ਼ਾਦੀਆਂ ਵਿਰੋਧੀ ਬਿੱਲ-21 ਦਾ ਵਿਰੋਧੀ ਹੈ ਕਿਉਂਕਿ ਇਹ ਬਿੱਲ ਧਾਰਮਿਕ ਚਿੰਨ੍ਹ ਪਹਿਨਣ ਵਾਲਿਆਂ ਨੂੰ ਸਰਕਾਰੀ ਨੌਕਰੀਆਂ ਤੋਂ ਵੰਚਿਤ ਕਰਦਾ ਹੈ, ਮਾਨਵ ਅਧਿਕਾਰਾਂ ਦੀ ਸਰਬਲੌਕਿਕਤਾ ਵਿਰੁੱਧ ਹੈ। ਭਾਰਤ ਅੰਦਰ ਸਿੱਖ ਘੱਟ-ਗਿਣਤੀਆਂ ਦੇ ਮਾਨਵ ਅਧਿਕਾਰਾਂ ਦੀ ਰਾਖੀ ਸੰਬੰਧੀ ਉਨ੍ਹਾਂ ਦੀ ਤਿੱਖੀ ਤਰਜ਼ਮਾਨੀ ਨੂੰ ਲੈ ਕੇ ਕੈਨੇਡੀਅਨ ਖੁਫੀਆ ਏਜੰਸੀਆਂ ਨੇ ਇਕਸਾਫ਼ ਕੀਤਾ ਹੈ ਕਿ ਉਹ ਭਾਰਤੀ ਖੂਫੀਆ ਏਜੰਸੀਆਂ ਦੇ ਰਾਡਾਰ ’ਤੇ ਹਨ। ਇਹ ਅਤਿ ਚਿੰਤਾਜਨਕ ਗੱਲ ਹੈ।

ਜਗਮੀਤ ਸਿੰਘ ਨੇ ਕੈਨੇਡਾ ਦੀ ਇਸਰਾਈਲ ਦੇ ਫਲਸਤੀਨੀਆਂ ’ਤੇ ਲਗਾਤਾਰ ਨਸਲਘਾਤ ਹਮਲੇ ਅਤੇ ਇਲਾਕੇ ਦੱਬਣ ਬਾਵਜੂਦ ਹਿਮਾਇਤ ਦੀ ਨੀਤੀ ਵਿਰੋਧ ਪਾਰਟੀ ਵੱਲੋਂ ਅਵਾਜ਼ ਬੁਲੰਦ ਕਰਦੇ ਇਸਰਾਈਲ ਨੂੰ ਅਜਿਹਾ ਕਰਨੋਂ ਰੋਕਣ ਲਈ ਕੈਨੇਡਾ ਨੂੰ ਅਜਿਹੀ ਪਹੁੰਚ ਅਪਣਾਉਣ ਲਈ ਜ਼ੋਰ ਦਿੱਤਾ ਹੈ।

ਸੰਨ 2025 ਦੀਆਂ ਆਮ ਚੋਣਾਂ ਲਈ ਉਨ੍ਹਾਂ ਨੇ ਹੁਣ ਤੋਂ ਐੱਨ. ਡੀ. ਪੀ ਦੇ ਸੀਨੀਅਰ, ਤੇਜ਼ ਤਰਾਰ ਅਤੇ ਤਜਰਬੇਕਾਰ ਆਗੂਆਂ ਦੀ ਟੀਮ ਗਠਤ ਕਰ ਦਿੱਤੀ ਹੈ। ਉਨ੍ਹਾਂ ਦਾ ਪਾਰਟੀ ਆਗੂ ਵਜੋਂ ਭਵਿੱਖ ਇਨਾਂ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ’ਤੇ ਨਿਰਭਰ ਕਰੇਗਾ। ਫਿਰ ਵੀ ਕੈਨੇਡਾ ਦੀ ਰਾਜਨੀਤੀ ਅਤੇ ਐੱਨ.ਡੀ.ਪੀ. ਦੇ ਆਗੂ ਵਜੋਂ ਉਨ੍ਹਾਂ ਵੱਲੋਂ ਨਿਭਾਈ ਗਈ ਇਤਿਹਾਸਿਕ ਭੂਮਿਕਾ ਸੁਨਹਿਰੀ ਅੱਖਰਾਂ ਵਿੱਚ ਕਾਇਮ ਰਹੇਗੀ।

Next Story
ਤਾਜ਼ਾ ਖਬਰਾਂ
Share it