ਸਰੀ ਵਿਖੇ ਗੋਲੀਬਾਰੀ, ਸਾਊਥ ਏਸ਼ੀਅਨ ਦੀ ਭਾਲ ਰਹੀ ਪੁਲਿਸ
ਸਰੀ ਵਿਖੇ ਇਕ ਪੱਬ ਦੇ ਬਾਹਰ ਗੋਲੀਬਾਰੀ ਦੇ ਇਕ ਮਾਮਲੇ ਵਿਚ ਪੁਲਿਸ ਵੱਲੋਂ ਸਾਊਥ ਏਸ਼ੀਅਨ ਦੀ ਭਾਲ ਕੀਤੀ ਜਾ ਰਹੀ।

ਸਰੀ : ਸਰੀ ਵਿਖੇ ਇਕ ਪੱਬ ਦੇ ਬਾਹਰ ਗੋਲੀਬਾਰੀ ਦੇ ਇਕ ਮਾਮਲੇ ਵਿਚ ਪੁਲਿਸ ਵੱਲੋਂ ਸਾਊਥ ਏਸ਼ੀਅਨ ਦੀ ਭਾਲ ਕੀਤੀ ਜਾ ਰਹੀ। ਸਰੀ ਪੁਲਿਸ ਅਤੇ ਆਰ.ਸੀ.ਐਮ.ਪੀ. ਪ੍ਰੋਵਿਨਸ਼ੀਅਲ ਆਪ੍ਰੇਸ਼ਨਜ਼ ਸਪੋਰਟ ਯੂਨਿਟ ਨੇ ਦੱਸਿਆ ਕਿ 29 ਦਸੰਬਰ 2024 ਨੂੰ ਹੋਈ ਗੋਲੀਬਾਰੀ ਦੌਰਾਨ 2 ਜਣੇ ਜ਼ਖਮੀ ਹੋਏ ਅਤੇ ਮਾਮਲੇ ਦੀ ਪੜਤਾਲ ਲਗਾਤਾਰ ਜਾਰੀ ਹੈ। ਪੁਲਿਸ ਨੇ ਦੱਸਿਆ ਕਿ ਕਈ ਜਣਿਆਂ ਦਰਮਿਆਨ ਝਗੜਾ ਹੋਣ ਦੀ ਰਿਪੋਰਟ ਮਿਲਣ ’ਤੇ ਫਰੰਟਲਾਈਨ ਅਫ਼ਸਰ 132 ਸਟ੍ਰੀਟ ਦੇ 8500 ਬਲੌਕ ਵਿਚ ਇਕ ਪੱਬ ਦੇ ਬਾਹਰ ਪੁੱਜੇ ਤਾਂ ਦੋ ਜਣੇ ਜ਼ਖਮੀ ਹਾਲਤ ਵਿਚ ਮਿਲੇ।
ਪੱਬ ਦੇ ਬਾਹਰ ਚੱਲੀਆਂ ਸਨ ਗੋਲੀਆਂ
ਉਸ ਵੇਲੇ ਦੋ ਸ਼ੱਕੀ ਗੂੜ੍ਹੇ ਰੰਗ ਦੀ ਕਾਰ ਵਿਚ ਫਰਾਰ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਗਈ ਪਰ ਪੜਤਾਲ ਅੱਗੇ ਵਧੀ ਤਾਂ ਇਕੋ ਸ਼ੱਕੀ ਹੋਣ ਬਾਰੇ ਪਤਾ ਲੱਗਾ। ਸਾਊਥ ਏਸ਼ੀਅਨ ਮੂਲ ਦੇ ਸ਼ੱਕੀ ਦਾ ਹੁਲੀਆ ਜਾਰੀ ਕਰਦਿਆਂ ਪੁਲਿਸ ਨੇ ਦੱਸਿਆ ਕਿ ਉਸ ਦੀ ਉਮਰ 20-25 ਸਾਲ ਅਤੇ ਵਾਲ ਕਾਲੇ ਹਨ। ਸ਼ੱਕੀ ਦੀ ਹਲਕੀ ਦਾੜ੍ਹੀ ਅਤੇ ਮੁੱਛਾਂ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਹੈ ਅਤੇ ਵਾਰਦਾਤ ਵਾਲੇ ਦਿਨ ਉਸ ਨੇ ਕਾਲੀ ਜਾਂ ਗੂੜ੍ਹੇ ਰੰਗ ਦੀ ਜੈਕਟ ਪਾਈ ਹੋਈ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸ਼ੱਕੀ ਬਾਰੇ ਕੋਈ ਜਾਣਕਾਰੀ ਹੋਵੇ ਤਾਂ 604 599 0502 ’ਤੇ ਸੰਪਰਕ ਕਰਦਿਆਂ ਫਾਈਲ 2024-9249 ਦਾ ਜ਼ਿਕਰ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ 1800 222 8477 ’ਤੇ ਕਾਲ ਕਰ ਸਕਦਾ ਹੈ।