ਮਿਸੀਸਾਗਾ ਵਿਖੇ ਚਾਰ ਲੁਟੇਰੇ ਪੁਲਿਸ ਨੇ ਕੀਤੇ ਕਾਬੂ
ਮਿਸੀਸਾਗਾ ਦੇ ਐਰਿਨ ਮਿਲਜ਼ ਟਾਊਨ ਸੈਂਟਰ ਵਿਖੇ ਲੁੱਟ ਦੀ ਵਾਰਦਾਤ ਕਰਨ ਵਾਲੇ ਚਾਰ ਸ਼ੱਕੀਆਂ ਨੂੰ ਪੁਲਿਸ ਨੇ ਹਥੌੜਿਆਂ ਸਣੇ ਕਾਬੂ ਕਰ ਲਿਆ ਹੈ

By : Upjit Singh
ਟੋਰਾਂਟੋ : ਮਿਸੀਸਾਗਾ ਦੇ ਐਰਿਨ ਮਿਲਜ਼ ਟਾਊਨ ਸੈਂਟਰ ਵਿਖੇ ਲੁੱਟ ਦੀ ਵਾਰਦਾਤ ਕਰਨ ਵਾਲੇ ਚਾਰ ਸ਼ੱਕੀਆਂ ਨੂੰ ਪੁਲਿਸ ਨੇ ਹਥੌੜਿਆਂ ਸਣੇ ਕਾਬੂ ਕਰ ਲਿਆ ਹੈ। ਸ਼ੱਕੀਆਂ ਨੂੰ ਗ੍ਰਿਫਤਾਰ ਕਰਨ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਸ਼ੱਕੀਆਂ ਦੀ ਗੱਡੀ ਦਾ ਪਿੱਛਾ ਕਰਦਿਆਂ ਅਤੇ ਬਾਅਦ ਵਿਚ ਪੈਦਲ ਪਿੱਛਾ ਕਰਦੇ ਪੁਲਿਸ ਮੁਲਾਜ਼ਮ ਦੇਖੇ ਜਾ ਸਕਦੇ ਹਨ। ਪੀਲ ਰੀਜਨਲ ਪੁਲਿਸ ਨੇ ਐਤਵਾਰ ਨੂੰ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਸ਼ੱਕੀਆਂ ਨੂੰ ਕਾਬੂ ਕੀਤੇ ਜਾਣ ਦੀ ਪ੍ਰਕਿਰਿਆ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ ਅਤੇ ਐਰਿਨ ਮਿਲਜ਼ ਟਾਊਨ ਸੈਂਟਰ ਤੋਂ ਕੁਝ ਵੀ ਚੋਰੀ ਨਹੀਂ ਹੋਇਆ।
ਹਥੌੜੇ ਲੈ ਕੇ ਜਿਊਲਰੀ ਸਟੋਰ ਲੁੱਟਣ ਦੀ ਬਣਾਈ ਸੀ ਯੋਜਨਾ
ਪੁਲਿਸ ਮੁਤਾਬਕ ਟਾਊਨ ਸੈਂਟਰ ਦੇ ਸੁਰੱਖਿਆ ਗਾਰਡਾਂ ਨੇ ਇਕ ਸ਼ੱਕੀ ਨੂੰ ਖੁਦ ਕਾਬੂ ਕਰ ਲਿਆ ਜਦਕਿ ਤਿੰਨ ਸ਼ੱਕੀ ਹੌਂਡਾ ਸੀ.ਆਰ. ਵੀ. ਵਿਚ ਫ਼ਰਾਰ ਹੋ ਗਏ। ਪੁਲਿਸ ਨੇ ਤੁਰਤ ਹਰਕਤ ਵਿਚ ਆਉਂਦਿਆਂ ਇਨ੍ਹਾਂ ਦਾ ਪਿੱਛਾ ਕੀਤਾ ਅਤੇ ਇਕ ਰਿਹਾਇਸ਼ੀ ਇਲਾਕੇ ਵਿਚ ਘੇਰ ਲਏ। ਪੁਲਿਸ ਦੀਆਂ ਗੱਡੀਆਂ ਨਾਲ ਘਿਰਨ ਮਗਰੋਂ ਸ਼ੱਕੀਆਂ ਨੇ ਦੌੜ ਕੇ ਫ਼ਰਾਰ ਹੋਣ ਦਾ ਯਤਨ ਕੀਤਾ ਪਰ ਕਾਮਯਾਬਤ ਨਾ ਹੋ ਸਕੇ। ਜਾਂਚਕਰਤਾਵਾਂ ਮੁਤਾਬਕ ਸ਼ੱਕੀਆਂ ਦੀ ਉਮਰ 14 ਸਾਲ ਤੋਂ 17 ਸਾਲ ਹੈ ਅਤੇ 2 ਦਸੰਬਰ ਨੂੰ ਬਾਅਦ ਦੁਪਹਿਰ ਤਕਰੀਬਨ ਡੇਢ ਵਜੇ ਵਾਰਦਾਤ ਕਰਨ ਪੁੱਜੇ। ਸ਼ੱਕੀਆਂ ਵਿਰੁੱਧ ਲੁੱਟ ਤੋਂ ਇਲਾਵਾ ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।


