ਕੈਨੇਡਾ ਵਿਚ 11 ਭਾਰਤੀਆਂ ਦੀ ਸਰਗਰਮੀ ਨਾਲ ਭਾਲ ਕਰ ਰਹੀ ਪੁਲਿਸ
ਬਰੈਂਪਟਨ ਦੇ ਹਿੰਦੂ ਸਭਾ ਮੰਦਰ ਅਤੇ ਮਾਲਟਨ ਦੇ ਗੁਰਦਵਾਰਾ ਵਿਖੇ ਨਵੰਬਰ ਦੇ ਪਹਿਲੇ ਹਫ਼ਤੇ ਵਾਪਰੇ ਘਟਨਾਕ੍ਰਮ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ 11 ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ
By : Upjit Singh
ਬਰੈਂਪਟਨ/ਵਿੰਡਸਰ : ਬਰੈਂਪਟਨ ਦੇ ਹਿੰਦੂ ਸਭਾ ਮੰਦਰ ਅਤੇ ਮਾਲਟਨ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਨਵੰਬਰ ਦੇ ਪਹਿਲੇ ਹਫ਼ਤੇ ਵਾਪਰੇ ਘਟਨਾਕ੍ਰਮ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ 11 ਸ਼ੱਕੀਆਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਕੁਝ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਨੂੰ ਇਨ੍ਹਾਂ ਦੀ ਸ਼ਨਾਖਤ ਕਰਨ ਵਿਚ ਮਦਦ ਦੀ ਅਪੀਲ ਕੀਤੀ ਗਈ ਹੈ। ਦੂਜੇ ਪਾਸੇ ਵਿੰਡਸਰ ਵਿਖੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ 21 ਸਾਲ ਦੇ ਜਸ਼ਨਪ੍ਰੀਤ ਸਿੰਘ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਪੀਲ ਰੀਜਨਲ ਪੁੁਲਿਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਬਰੈਂਪਟਨ ਦੇ ਗੋਰ ਰੋਡ ’ਤੇ ਸਥਿਤ ਹਿੰਦੂ ਸਭਾ ਮੰਦਰ ਅਤੇ ਮਾਲਟਨ ਦੇ ਵੈਸਟਵੁਡ ਮਾਲ ਵਿਚ ਵਾਪਰੀਆਂ ਘਟਨਾਵਾਂ ਦੀ ਪੜਤਾਲ ਵਾਸਤੇ ਸਟ੍ਰੈਟੇਜਿਕ ਇਨਵੈਸਟੀਗੇਟਿਵ ਟੀਮ ਦਾ ਗਠਨ ਕੀਤਾ ਗਿਆ ਅਤੇ ਵੱਖ ਵੱਖ ਸਰੋਤਾਂ ਰਾਹੀਂ ਮੁਜ਼ਾਹਰਿਆਂ ਵਿਚ ਸ਼ਾਮਲ ਲੋਕਾਂ ਦੀਆਂ ਤਸਵੀਰਾਂ ਹਾਸਲ ਕੀਤੀਆਂ ਗਈਆਂ।
ਤਸਵੀਰਾਂ ਜਾਰੀ ਕਰਦਿਆਂ ਸ਼ਨਾਖਤ ਵਾਸਤੇ ਲੋਕਾਂ ਤੋਂ ਮੰਗੀ ਮਦਦ
ਇਨ੍ਹਾਂ ਤਸਵੀਰਾਂ ਰਾਹੀਂ ਕੁਝ ਸ਼ੱਕੀਆਂ ਬਾਰੇ ਪਤਾ ਲੱਗਾ ਜੋ ਹਮਲਾ ਕਰਨ, ਹਥਿਆਰ ਨਾਲ ਹਮਲਾ ਕਰਨ, ਹਮਲਾ ਕਰਦਿਆਂ ਸਰੀਰਕ ਨੁਕਸਾਨ ਪਹੁੰਚਾਉਣ, ਪੁਲਿਸ ਅਫ਼ਸਰ ’ਤੇ ਹਮਲਾ ਕਰਨ ਅਤੇ ਲੋਕਾਂ ਵਿਚ ਨਫ਼ਰਤ ਭੜਕਾਉਣ ਦੇ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਂਦੇ ਹਨ। ਜਾਂਚਕਰਤਾਵਾਂ ਵੱਲੋਂ ਦੋਹਾਂ ਘਟਨਾਵਾਂ ਨਾਲ ਸਬੰਧਤ ਸੈਂਕੜੇ ਵੀਡੀਓਜ਼ ਦੀ ਘੋਖ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਹੋਰਨਾਂ ਸ਼ੱਕੀਆਂ ਦੀ ਸ਼ਨਾਖਤ ਕਰਦਿਆਂ ਕਈ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਤਸਵੀਰਾਂ ਵਿਚ ਨਜ਼ਰ ਆ ਰਹੇ ਪਰਸਨਜ਼ ਆਫ਼ ਇੰਟ੍ਰਸਟ ਜਾਂ ਸ਼ੱਕੀਆਂ ਬਾਰੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਤਾਂ ਉਹ ਮਿਸੀਸਾਗਾ ਦੀ 12 ਡਵੀਜ਼ਨ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 1233 ’ਤੇ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਬਰੈਂਪਟਨ ਦੀ 21 ਡਵੀਜ਼ਨ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 2133 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨੂੰ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਵਿੰਡਸਰ ਵਿਖੇ ਗੋਲੀਬਾਰੀ ਦੇ ਇਕ ਮਾਮਲੇ ਵਿਚ ਪੁਲਿਸ ਵੱਲੋਂ 21 ਸਾਲ ਦੇ ਜਸ਼ਨਪ੍ਰੀਤ ਸਿੰਘ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ।
ਆਉਣ ਵਾਲੇ ਦਿਨਾਂ ਵਿਚ ਕਈ ਗ੍ਰਿਫ਼ਤਾਰੀਆਂ ਹੋਣ ਦੇ ਆਸਾਰ
ਵਿੰਡਸਰ ਪੁਲਿਸ ਨੇ ਦੱਸਿਆ ਕਿ ਪਿਛਲੇ ਦਿਨੀਂ ਸ਼ਹਿਰ ਦੇ ਦੱਖਣੀ ਹਿੱਸੇ ਵਿਚ ਇਕ ਹਲਕੇ ਰੰਗ ਦੀ ਮਿੰਨੀਵੈਨ ਕੁਝ ਲੋਕਾਂ ਦੇ ਇਕੱਠ ਕੋਲ ਪੁੱਜੀ ਅਤੇ ਵੈਨ ਦੀ ਪੈਸੰਜਰ ਸਾਈਡ ਤੋਂ ਗੋਲੀਆਂ ਚਲਾਈਆਂ ਗਈਆਂ। ਗੋਲੀਬਾਰੀ ਦੌਰਾਨ ਲੱਤ ਵਿਚ ਗੋਲੀ ਲੱਗਣ ਕਾਰਨ ਇਕ ਜਣਾ ਜ਼ਖਮੀ ਹੋਇਆ ਅਤੇ ਮਾਮਲੇ ਦੀ ਪੜਤਾਲ ਕਰਦਿਆਂ ਵੈਨ ਵਿਚ ਸਵਾਰ ਸ਼ੱਕੀਆਂ ਵਿਚੋਂ ਇਕ ਦੀ ਸ਼ਨਾਖਤ ਜਸ਼ਨਪ੍ਰੀਤ ਸਿੰਘ ਵਜੋਂ ਕੀਤੀ ਗਈ। ਜਸ਼ਨਪ੍ਰੀਤ ਸਿੰਘ ਵਿਰੁੱਧ ਇਰਾਦਾ ਕਤਲ, ਜਾਨੋ ਮਾਰਨ ਦੇ ਇਰਾਦੇ ਨਾਲ ਹਥਿਆਰ ਚਲਾਉਣ, ਹਥਿਆਰ ਦੀ ਮੌਜੂਦਗੀ ਨਾਲ ਗੱਡੀ ਵਿਚ ਸਵਾਰ ਹੋਣ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਆਇਦ ਕੀਤੇ ਗਏ ਹਨ। ਜਸ਼ਨਪ੍ਰੀਤ ਸਿੰਘ ਦੀ ਰਿਹਾਇਸ਼ ਸੰਭਾਵਤ ਤੌਰ ’ਤੇ ਬਰੈਂਪਟਨ ਸ਼ਹਿਰ ਵਿਚ ਦੱਸੀ ਜਾ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਜਸ਼ਨਪ੍ਰੀਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਵਿੰਡਸਰ ਪੁਲਿਸ ਦੇ ਮੇਜਰ ਕ੍ਰਾਈਮਜ਼ ਯੂਨਿਟ ਨਾਲ 519 255 6700 ਐਕਸਟੈਨਸ਼ਨ 4830 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ 519 258 8477 ’ਤੇ ਕਾਲ ਕੀਤੀ ਜਾ ਸਕਦੀ ਹੈ।