Begin typing your search above and press return to search.

Canada ਦੀ Conservative Party ’ਤੇ ਪੌਇਲੀਐਵ ਦਾ ਦਬਦਬਾ ਬਰਕਰਾਰ

ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਲੀਡਰਸ਼ਿਪ ਸਮੀਖਿਆ ਦੌਰਾਨ ਵੱਡੀ ਜਿੱਤ ਦਰਜ ਕਰਦਿਆਂ ਸਾਬਤ ਕਰ ਦਿਤਾ ਕਿ ਹਰ ਪਾਰਟੀ ਮੈਂਬਰ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ

Canada ਦੀ Conservative Party ’ਤੇ ਪੌਇਲੀਐਵ ਦਾ ਦਬਦਬਾ ਬਰਕਰਾਰ
X

Upjit SinghBy : Upjit Singh

  |  31 Jan 2026 6:17 PM IST

  • whatsapp
  • Telegram

ਕੈਲਗਰੀ : ਕੰਜ਼ਰਵੇਟਿਵ ਪਾਰਟੀ ਦੇ ਆਗੂ ਪਿਅਰੇ ਪੌਇਲੀਐਵ ਨੇ ਲੀਡਰਸ਼ਿਪ ਸਮੀਖਿਆ ਦੌਰਾਨ ਵੱਡੀ ਜਿੱਤ ਦਰਜ ਕਰਦਿਆਂ ਸਾਬਤ ਕਰ ਦਿਤਾ ਕਿ ਹਰ ਪਾਰਟੀ ਮੈਂਬਰ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ। ਕੈਲਗਰੀ ਵਿਖੇ ਪਾਰਟੀ ਦੀ ਕੌਮੀ ਕਨਵੈਨਸ਼ਨ ਦੌਰਾਨ ਪੌਇਲੀਐਵ ਨੂੰ 87 ਫ਼ੀ ਸਦੀ ਤੋਂ ਵੱਧ ਵੋਟਾਂ ਮਿਲੀਆਂ ਅਤੇ ਪਿਛਲੇ ਸਾਲ ਕੈਨੇਡਾ ਦੀਆਂ ਆਮ ਚੋਣਾਂ ਦੌਰਾਨ ਪਾਰਟੀ ਨੂੰ ਮਿਲੀ ਹਾਰ ਮਗਰੋਂ ਉਨ੍ਹਾਂ ਦੀ ਲੀਡਰਸ਼ਿਪ ’ਤੇ ਸਵਾਲ ਉਠਾਉਣ ਵਾਲਿਆਂ ਦੇ ਮੂੰਹ ਬੰਦ ਹੋ ਗਏ। ਚੋਣ ਮਾਹੌਲ ਵਰਗਾ ਭਾਸ਼ਣ ਦਿੰਦਿਆਂ ਟੋਰੀ ਆਗੂ ਨੇ ਕਿਹਾ ਕਿ ਲਿਬਰਲ ਸਰਕਾਰ ਦੇ ਸੱਤਾ ਵਿਚ ਰਹਿੰਦਿਆਂ ਕੋਈ ਕੈਨੇਡੀਅਨ ਸੁਖੀ ਅਤੇ ਕਿਫ਼ਾਇਤ ਭਰੀ ਜ਼ਿੰਦਗੀ ਬਤੀਤ ਨਹੀਂ ਕਰ ਸਕਦਾ। ਐਲਬਰਟਾ ਅਤੇ ਕਿਊਬੈਕ ਵਿਚ ਉਠ ਰਹੀ ਵੱਖਵਾਦ ਦੀ ਲਹਿਰ ਨੂੰ ਲਿਬਰਲ ਪਾਰਟੀ ਦੀ ਦੇਣ ਕਰਾਰ ਦਿੰਦਿਆਂ ਪਿਅਰੇ ਪੌਇਲੀਐਵ ਨੇ ਆਪਣਾ ਸੌਵਰਨਟੀ ਐਕਟ ਚੇਤੇ ਕਰਵਾਇਆ ਅਤੇ ਕਿਹਾ ਕਿ ਵਿਦੇਸ਼ ਨੀਤੀ ਤੋਂ ਲੈ ਕੇ ਵੱਖਵਾਦ, ਇੰਮੀਗ੍ਰੇਸ਼ਨ ਅਤੇ ਕੌਮੀ ਏਕਤਾ ਵਰਗੇ ਮੁੱਦਿਆਂ ਨਾਲ ਨਜਿੱਠਣ ਦੀ ਤਾਕਤ ਸਿਰਫ਼ ਕੰਜ਼ਰਵੇਟਿਵ ਪਾਰਟੀ ਕੋਲ ਹੈ।

87.4 ਫ਼ੀ ਸਦੀ ਵੋਟਾਂ ਲੈ ਕੇ ਜਿੱਤੀ ਲੀਡਰਸ਼ਿਪ ਸਮੀਖਿਆ

ਉਨ੍ਹਾਂ ਕਿਹਾ ਕਿ ਬੇਕਾਬੂ ਇੰਮੀਗ੍ਰੇਸ਼ਨ ਅਤੇ ਖੁੱਲ੍ਹੀਆਂ ਸਰਹੱਦਾਂ ਨੇ ਜਿਥੇ ਹੈਲਥ ਕੇਅਰ ਸੈਕਟਰ ਉਤੇ ਦਬਾਅ ਪਾਇਆ ਉਥੇ ਹੀ ਹਾਊਸਿੰਗ ਸੈਕਟਰ ਸੰਕਟ ਵਿਚ ਘਿਰ ਗਿਆ ਅਤੇ ਰੁਜ਼ਗਾਰ ਦੇ ਮੌਕੇ ਪੂਰੀ ਤਰ੍ਹਾਂ ਖ਼ਤਮ ਹੋ ਗਏ। ਪੌਇਲੀਐਵ ਨੇ ਹਜ਼ਾਰਾਂ ਦੀ ਗਿਣਤੀ ਵਿਚ ਮੌਜੂਦ ਹਮਾਇਤੀਆਂ ਸਾਹਮਣੇ ਅਹਿਦ ਕੀਤਾ ਕਿ ਕੈਨੇਡਾ ਵਾਸਤੇ ਸਭ ਕੁਝ ਕੁਰਬਾਨ ਕਰਨ ਵਾਲਿਆਂ ਲਈ ਉਹ ਜ਼ੋਰਦਾਰ ਸੰਘਰਸ਼ ਕਰਨਗੇ। ਕੈਨੇਡਾ ਵਿਚ ਲਗਾਤਾਰ ਵਧ ਰਹੇ ਅਪਰਾਧ ਦਾ ਜ਼ਿਕਰ ਕਰਦਿਆਂ ਪੌਇਲੀਐਵ ਨੇ ਆਖਿਆ ਕਿ ਇਸ ਵਾਸਤੇ ਲਿਬਰਲ ਪਾਰਟੀ ਦਾ 10 ਵਰਿ੍ਹਆਂ ਦਾ ਕਾਰਜਕਾਲ ਜ਼ਿੰਮੇਵਾਰ ਹੈ। ਇਥੇ ਦਸਣਾ ਬਣਦਾ ਹੈ ਕਿ ਪਿਅਰੇ ਪੌਇਲੀਐਵ ਨੇ ਲੀਡਰਸ਼ਿਪ ਸਮੀਖਿਆ ਦੌਰਾਨ ਵੋਟਾਂ ਹਾਸਲ ਕਰਨ ਦਾ ਰਿਕਾਰਡ ਤੋੜ ਦਿਤਾ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੂੰ 2005 ਵਿਚ ਲੀਡਰਸ਼ਿਪ ਸਮੀਖਿਆ ਦੌਰਾਨ 84 ਫ਼ੀ ਸਦੀ ਵੋਟਾਂ ਮਿਲੀਆਂ ਸਨ। 80 ਫ਼ੀ ਸਦੀ ਤੋਂ ਘੱਟ ਵੋਟਾਂ ਮਿਲਦੀਆਂ ਤਾਂ ਪੌਇਲੀਐਵ ਦੀ ਕੁਰਸੀ ਖ਼ਤਰੇ ਵਿਚ ਪੈ ਜਾਂਦੀ ਪਰ ਹੁਣ ਉਹ ਮਜ਼ਬੂਤ ਆਗੂ ਵਜੋਂ ਉਭਰੇ ਹਨ।

ਇੰਮੀਗ੍ਰੇਸ਼ਨ, ਵੱਖਵਾਦ ਅਤੇ ਮਹਿੰਗਾਈ ’ਤੇ ਘੇਰੀ ਲਿਬਰਲ ਸਰਕਾਰ

ਪੌਇਲੀਐਵ ਨੇ ਸਤੰਬਰ 2022 ਵਿਚ 68.15 ਫ਼ੀ ਸਦੀ ਵੋਟਾਂ ਹਾਸਲ ਕਰਦਿਆਂ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਹਾਸਲ ਕੀਤੀ ਸੀ। 2025 ਦੀਆਂ ਚੋਣਾਂ ਦੌਰਾਨ ਭਾਵੇਂ ਕੰਜ਼ਰਵੇਟਿਵ ਪਾਰਟੀ ਨੇ 24 ਨਵੀਆਂ ਸੀਟਾਂ ਹਾਸਲ ਕੀਤੀਆਂ ਪਰ ਸਰਕਾਰ ਬਣਾਉਣ ਦੇ ਨੇੜੇ ਨਾ ਪੁੱਜ ਸਕੀ। ਕੰਜ਼ਰਵੇਟਿਵ ਪਾਰਟੀ ਦਾ ਸੰਵਿਧਾਨ ਕਹਿੰਦਾ ਹੈ ਕਿ ਚੋਣਾਂ ਵਿਚ ਹਾਰ ਮਗਰੋਂ ਪਾਰਟੀ ਦੀ ਅਗਲੀ ਕੌਮੀ ਕਨਵੈਨਸ਼ਨ ਮੌਕੇ ਲੀਡਰਸ਼ਿਪ ਸਮੀਖਿਆ ਲਾਜ਼ਮੀ ਹੋ ਜਾਂਦੀ ਹੈ। ਲੀਡਰਸ਼ਿਪ ਸਮੀਖਿਆ ਨੂੰ ਕੁਝ ਲੋਕ ਪੌਇਲੀਐਵ ਦੀ ਅਗਨੀ ਪ੍ਰੀਖਿਆ ਮੰਨ ਰਹੇ ਸਨ ਕਿਉਂਕਿ ਪਿਛਲੇ ਸਮੇਂ ਦੌਰਾਨ ਪਾਰਟੀ ਦੇ ਕਈ ਐਮ.ਪੀ. ਪਾਲਾ ਬਦਲ ਕੇ ਲਿਬਰਲ ਪਾਰਟੀ ਵਿਚ ਸ਼ਾਮਲ ਹੋ ਗਏ।

ਕਿਹਾ, ਲਿਬਰਲਾਂ ਦੇ ਰਾਜ ਵਿਚ ਕੋਈ ਸੁਖੀ ਨਹੀਂ ਰਹਿ ਸਕਦਾ

ਦੂਜੇ ਪਾਸੇ 27 ਜਨਵਰੀ ਨੂੰ ਸਾਹਮਣੇ ਆਇਆ ਇਕ ਸਰਵੇਖਣ ਕਹਿੰਦਾ ਹੈ ਕਿ ਜੇ ਕੈਨੇਡਾ ਵਿਚ ਅੱਜ ਚੋਣਾਂ ਹੋ ਜਾਣ ਤਾਂ 39.2 ਫ਼ੀ ਸਦੀ ਵੋਟਾਂ ਨਾਲ ਲਿਬਰਲ ਪਾਰਟੀ ਦਾ ਹੱਥ ਉਪਰ ਰਹੇਗਾ ਅਤੇ ਕੰਜ਼ਰਵੇਟਿਵ ਪਾਰਟੀ 35.2 ਫ਼ੀ ਸਦੀ ਵੋਟਾਂ ਨਾਲ ਦੂਜੇ ਸਥਾਨ ’ਤੇ ਰਹੇਗੀ। ਪ੍ਰਧਾਨ ਮੰਤਰੀ ਵਜੋਂ ਪਹਿਲੀ ਪਸੰਦ ਦੇ ਮਾਮਲੇ ਵਿਚ ਨੈਨੋਜ਼ ਰਿਸਰਚ ਦੇ ਸਰਵੇਖਣ ਦੌਰਾਨ ਪਿਅਰੇ ਪੌਇਲੀਐਵ, ਮਾਰਕ ਕਾਰਨੀ ਤੋਂ ਕਾਫ਼ੀ ਜ਼ਿਆਦਾ ਪੱਛੜੇ ਨਜ਼ਰ ਆਏ ਕਿਉਂਕਿ 52 ਫ਼ੀ ਸਦੀ ਤੋਂ ਵੱਧ ਲੋਕਾਂ ਨੇ ਮਾਰਕ ਕਾਰਨੀ ਨੂੰ ਪਹਿਲੀ ਪਸੰਦ ਦੱਸਿਆ ਜਦਕਿ ਪੌਇਲੀਐਵ ਨੂੰ ਪਹਿਲੀ ਪਸੰਦ ਦੱਸਣ ਵਾਲਿਆਂ ਦੀ ਗਿਣਤੀ 24.8 ਫੀ ਸਦੀ ਦਰਜ ਕੀਤੀ ਗਈ।

Next Story
ਤਾਜ਼ਾ ਖਬਰਾਂ
Share it