ਕੈਨੇਡਾ ਦੇ ਹਸਪਤਾਲਾਂ ਵਿਚ ਇਲਾਜ ਨੂੰ ਤਰਸ ਰਹੇ ਲੋਕ
ਕੈਨੇਡਾ ਦੇ ਹਸਪਤਾਲਾਂ ਵਿਚ ਹੈਲਥ ਕੇਅਰ ਸਟਾਫ਼ ਦੀ ਕਮੀ ਦਾ ਸੰਕਟ ਹੋਰ ਡੂੰਘਾ ਹੁੰਦਾ ਨਜ਼ਰ ਆਇਆ ਜਦੋਂ ਵੌਅਨ ਦੇ ਹਸਪਤਾਲ ਵਿਚ ਐਮਰਜੰਸੀ ਰੂਮ ਦਾ ਉਡੀਕ ਸਮਾਂ 14 ਘੰਟੇ ਤੱਕ ਪੁੱਜ ਗਿਆ।

By : Upjit Singh
ਟੋਰਾਂਟੋ : ਕੈਨੇਡਾ ਦੇ ਹਸਪਤਾਲਾਂ ਵਿਚ ਹੈਲਥ ਕੇਅਰ ਸਟਾਫ਼ ਦੀ ਕਮੀ ਦਾ ਸੰਕਟ ਹੋਰ ਡੂੰਘਾ ਹੁੰਦਾ ਨਜ਼ਰ ਆਇਆ ਜਦੋਂ ਵੌਅਨ ਦੇ ਹਸਪਤਾਲ ਵਿਚ ਐਮਰਜੰਸੀ ਰੂਮ ਦਾ ਉਡੀਕ ਸਮਾਂ 14 ਘੰਟੇ ਤੱਕ ਪੁੱਜ ਗਿਆ। ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਬਲਾਵਲ ਅਲੀਮ ਅਤੇ ਉਨ੍ਹਾਂ ਦੀ ਪਤਨੀ ਸ਼ਨਿੱਚਰਵਾਰ ਸ਼ਾਮ ਤੋਂ ਐਤਵਾਰ ਸਵੇਰ ਤੱਕ ਉਡੀਕ ਕਰਦੇ ਰਹੇ ਅਤੇ ਇਸ ਤੋਂ ਬਾਅਦ ਹੀ ਇਲਾਜ ਸੰਭਵ ਹੋ ਸਕਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਹਸਪਤਾਲ ਵਿਚ ਸਿਰਫ ਇਕ ਡਾਕਟਰ ਡਿਊਟੀ ’ਤੇ ਹਾਜ਼ਰ ਹੈ ਅਤੇ ਮਰੀਜ਼ਾਂ ਦੀ ਗਿਣਤੀ ਨੂੰ ਵੇਖਦਿਆਂ ਕੁਝ ਸਮਾਂ ਲੱਗ ਸਕਦਾ ਹੈ। ਅਲੀਮ ਨੇ ਦੱਸਿਆ ਕਿ ਉਨ੍ਹਾਂ ਦੇ ਫੈਮਿਲੀ ਡਾਕਟਰ ਵੱਲੋਂ ਐਮਰਜੰਸੀ ਰੂਮ ਭੇਜਿਆ ਗਿਆ ਸੀ ਅਤੇ ਉਨ੍ਹਾਂ ਨੇ ਸੋਚਿਆ ਕਿ ਕੁਝ ਹੀ ਘੰਟੇ ਵਿਚ ਘਰ ਵਾਪਸ ਆ ਜਾਣਗੇ ਪਰ ਹਾਲਾਤ ਬਿਲਕੁਲ ਉਲਟ ਹੋ ਗਏ।
ਵੌਅਨ ਦੇ ਹਸਪਤਾਲ ਵਿਚ 14 ਘੰਟੇ ਉਡੀਕ ਕਰਦੇ ਰਹੇ ਪਤੀ-ਪਤਨੀ
ਇਲਾਜ ਵਿਹੂਣੇ ਲੋਕਾਂ ਵਿਚ ਸਿਰਫ ਅਲੀਮ ਅਤੇ ਉਸ ਦੇ ਪਤਨੀ ਹੀ ਸ਼ਾਮਲ ਨਹੀਂ ਸਨ ਸਗੋਂ ਕਈ ਲੋਕ ਡਾਕਟਰ ਦੇ ਆਉਣ ਦੀ ਉਡੀਕ ਕਰਦਿਆਂ ਥੱਕ ਗਏ ਅਤੇ ਬਗੈਰ ਇਲਾਜ ਤੋਂ ਹੀ ਜਾਣਾ ਬਿਹਤਰ ਸਮਝਿਆ। ਉਨਟਾਰੀਓ ਦੇ ਹਸਪਤਾਲਾਂ ਵਿਚ ਡਾਕਟਰਾਂ ਦੀ ਕਮੀ ਕੋਈ ਨਵੀਂ ਗੱਲ ਨਹੀਂ ਪਰ ਐਮਰਜੰਸੀ ਹਾਲਾਤ ਵਿਚ ਪੁੱਜੇ ਮਰੀਜ਼ਾਂ ਨੂੰ ਇਲਾਜ ਵਾਸਤੇ 14-14 ਘੰਟੇ ਉਡੀਕ ਕਰਨੀ ਪੈ ਰਹੀ ਹੈ। ਉਧਰ ਉਨਟਾਰੀਓ ਦੇ ਸਿਹਤ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਡਗ ਫ਼ੋਰਡ ਸਰਕਾਰ ਵੱਲੋਂ ਹੈਲਥ ਕੇਅਰ ਬਜਟ ਵਿਚ 31 ਫੀ ਸਦੀ ਵਾਧਾ ਕੀਤਾ ਗਿਆ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਨਰਸਾਂ ਤੇ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਕੌਰਟੇਲੂਚੀ ਵੌਅਨ ਹਸਪਤਾਲ ਚਲਾਉਣ ਵਾਲੀ ਮਕੈਨਜ਼ੀ ਹੈਲਥ ਨੇ ਕਿਹਾ ਕਿ ਮਰੀਜ਼ਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਵਧ ਚੁੱਕੀ ਹੈ ਜਿਸ ਨੂੰ ਵੇਖਦਿਆਂ ਉਡੀਕ ਸਮਾਂ ਕਾਫ਼ੀ ਜ਼ਿਆਦਾ ਹੋ ਸਕਦਾ ਹੈ। ਇਥੇ ਦਸਣਾ ਬਣਦਾ ਹੈ ਕਿ ਹਸਪਤਾਲਾਂ ਦੇ ਐਮਰਜੰਸੀ ਰੂਮਜ਼ ਵਾਲੇ ਹਾਲਾਤ ਫੈਮਿਲੀ ਡਾਕਟਰਜ਼ ਦੇ ਮਾਮਲੇ ਵਿਚ ਵੀ ਦੇਖੇ ਜਾ ਸਕਦੇ ਹਨ ਅਤੇ ਉਨਟਾਰੀਓ ਵਿਚ ਬਗੈਰ ਫੈਮਿਲੀ ਡਾਕਟਰ ਵਾਲੇ ਲੋਕਾਂ ਦੀ ਗਿਣਤੀ 25 ਲੱਖ ਦੇ ਨੇੜੇ ਦੱਸੀ ਜਾ ਰਹੀ। ਫੈਮਿਲੀ ਡਾਕਟਰ ਨਾ ਹੋਣ ਦੀ ਸੂਰਤ ਵਿਚ ਲੋਕਾਂ ਨੂੰ ਵਾਕ ਇਨ ਕਲੀਨਿਕ, ਅਰਜੈਂਟ ਕੇਅਰ ਜਾਂ ਐਮਰਜੰਸੀ ਰੂਮਜ਼ ਵੱਲ ਜਾਣਾ ਪੈਂਦਾ ਹੈ ਜਿਥੇ ਹਰ ਵਾਰ ਉਨ੍ਹਾਂ ਨੂੰ ਨਵਾਂ ਡਾਕਟਰ ਮਿਲੇਗਾ ਅਤੇ ਉਸ ਨੂੰ ਨਵੇਂ ਸਿਰੇ ਤੋਂ ਆਪਣੀ ਸਿਹਤ ਸਮੱਸਿਆ ਸਮਝਾਉਣੀ ਹੋਵੇਗੀ। ਸਿਰਫ ਐਨਾ ਹੀ ਨਹੀਂ ਲੋਕਾਂ ਨੂੰ ਕੈਂਸਰ ਦੀ ਰੋਕਥਾਮ ਲਈ ਕੀਤੀ ਜਾਣ ਵਾਲੀ ਸਕ੍ਰੀਨਿੰਗ ਤੋਂ ਵੀ ਵਾਂਝਾ ਹੋਣਾ ਪੈਂਦਾ ਹੈ।
ਕਈ ਮਰੀਜ਼ ਬਗੈਰ ਇਲਾਜ ਤੋਂ ਹੀ ਘਰਾਂ ਨੂੰ ਪਰਤੇ
ਹੈਲਥ ਕੇਅਰ ਸੈਕਟਰ ਨਾਲ ਸਬੰਧਤ ਇਹ ਅੰਕੜੇ ਹਰ ਛੇ ਮਹੀਨੇ ਬਾਅਦ ਜਾਰੀ ਕੀਤੇ ਜਾਂਦੇ ਹਨ। ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਕੋਲ ਫੈਮਿਲੀ ਡਾਕਟਰ ਦੀ ਸਹੂਲਤ ਹੋਣੀ ਲਾਜ਼ਮੀ ਹੈ ਤਾਂਕਿ ਉਨ੍ਹਾਂ ਨੂੰ ਹਰ ਵਾਰ ਐਮਰਜੰਸੀ ਸਹਾਇਤਾ ਵਾਸਤੇ ਹਸਪਤਾਲ ਜਾਣ ਲਈ ਮਜਬੂਰ ਨਾ ਹੋਣਾ ਪਵੇ। ਮੀਡੀਆ ਰਿਪੋਰਟਾਂਮੁਤਾਬਕ ਫੈਮਿਲੀ ਡਾਕਟਰਾਂ ਨੂੰ ਇਕ ਹਫਤੇ ਵਿਚ 19 ਘੰਟੇ ਕਾਗਜ਼ੀ ਕਾਰਵਾਈ ਕਰਦਿਆਂ ਹੀ ਲੰਘ ਜਾਂਦੇ ਹਨ ਅਤੇ ਐਨਾ ਸਮਾਂ ਮਰੀਜ਼ਾਂ ਨੂੰ ਮਿਲੇ ਤਾਂ ਲੱਖਾਂ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ। ਉਨਟਾਰੀਓ ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨਜ਼ ਵੱਲੋਂ ਕੀਤੇ ਅਧਿਐਨ ਮੁਤਾਬਕ ਸੂਬੇ ਵਿਚ 6 ਲੱਖ 70 ਹਜ਼ਾਰ ਲੋਕਾਂ ਨੂੰ ਆਪਣੇ ਫੈਮਿਲੀ ਡਾਕਟਰ ਤੱਕ ਪਹੁੰਚਣ ਲਈ 50 ਕਿਲੋਮੀਟਰ ਤੋਂ ਵੱਧ ਸਫਰ ਕਰਨਾ ਪੈਂਦਾ ਹੈ। ਅਧਿਐਨ ਕਰਨ ਵਾਲੀ ਅਪਸਟ੍ਰੀਮ ਲੈਬ ਨਾਲ ਸਬੰਧਤ ਡਾ. ਅਰਚਨਾ ਗੁਪਤਾ ਨੇ ਕਿਹਾ ਕਿ ਘਰ ਦੇ ਨੇੜੇ ਫੈਮਿਲੀ ਡਾਕਟਰ ਨਾ ਹੋਣ ਕਾਰਨ ਜ਼ਿਆਦਾਤਰ ਮਰੀਜ਼ ਹਸਪਤਾਲਾਂ ਦੇ ਐਮਰਜੰਸੀ ਵਿਭਾਗ ਵਿਚ ਜਾਣ ਨੂੰ ਤਰਜੀਹ ਦਿੰਦੇ ਹਨ।


