ਕੈਨੇਡਾ ’ਚ ਮਨਦੀਪ ਕੌਰ ਦੇ ਕਤਲ ਦਾ ਸੱਚ ਸੁਣ ਹੱਕੇ-ਬੱਕੇ ਰਹਿ ਗਏ ਮਾਪੇ
ਕੈਨੇਡਾ ਵਿਚ ਧੀ ਦੇ ਕਤਲ ਦੀ ਖ਼ਬਰ ਪਤਾ ਲੱਗੀ ਤਾਂ ਲੁਧਿਆਣਾ ਦੇ ਪਿੰਡ ਗੁੱਜਰਵਾਲ ਵਿਚ ਰਹਿੰਦੇ ਪਰਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ

By : Upjit Singh
ਲੁਧਿਆਣਾ : ਕੈਨੇਡਾ ਵਿਚ ਧੀ ਦੇ ਕਤਲ ਦੀ ਖ਼ਬਰ ਪਤਾ ਲੱਗੀ ਤਾਂ ਲੁਧਿਆਣਾ ਦੇ ਪਿੰਡ ਗੁੱਜਰਵਾਲ ਵਿਚ ਰਹਿੰਦੇ ਪਰਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮਨਦੀਪ ਕੌਰ ਦੇ ਪਿਤਾ ਜਗਦੇਵ ਸਿੰਘ ਜੱਗੀ ਆਪਣੀ ਬੇਟੀ ਦੇ ਫੁੱਲ ਤਾਰਨ ਪੰਜਾਬ ਆਏ ਸਨ ਜਦੋਂ ਡੈਲਟਾ ਪੁਲਿਸ ਵੱਲੋਂ ਮਨਦੀਪ ਦੇ ਦਿਉਰ ਗੁਰਜੋਤ ਸਿੰਘ ਖਹਿਰਾ ਦੀ ਗ੍ਰਿਫ਼ਤਾਰੀ ਬਾਰੇ ਉਨ੍ਹਾਂ ਨੂੰ ਪਤਾ ਲੱਗਾ ਜਦਕਿ ਇਸ ਤੋਂ ਪਹਿਲਾਂ ਮਨਦੀਪ ਦਾ ਪਰਵਾਰ ਸੜਕ ਹਾਦਸੇ ਵਿਚ ਮੌਤ ਹੀ ਮੰਨ ਰਿਹਾ ਸੀ। ਜਗਦੇਵ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੀ ਬੇਟੀ ਛੇ ਸਾਲ ਪਹਿਲਾਂ ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੀ ਅਤੇ ਜ਼ਿੰਦਗੀ ਚੰਗੀ ਲੰਘ ਰਹੀ ਸੀ। ਤਕਰੀਬਨ ਸੱਤ ਮਹੀਨੇ ਪਹਿਲਾਂ ਮਨਦੀਪ ਕੌਰ ਦਾ ਵਿਆਹ ਸਿਧਵਾਂ ਬੇਟ ਨੇੜਲੇ ਪਿੰਡ ਲੋਧੀਵਾਲ ਨਾਲ ਸਬੰਧਤ ਪਰਵਾਰ ਵਿਚ ਹੋਇਆ।
ਹੁਣ ਤੱਕ ਹਾਦਸੇ ਵਿਚ ਮੌਤ ਮੰਨ ਰਿਹਾ ਸੀ ਗੁੱਜਰਵਾਲ ਦਾ ਪਰਵਾਰ
ਮਨਦੀਪ ਕੌਰ ਬੀ.ਸੀ. ਵਿਚ ਰਹਿਣ ਲੱਗੀ ਜਦਕਿ ਜਗਦੇਵ ਸਿੰਘ ਆਪਣੇ ਬੇਟੇ ਨਾਲ ਕੈਨੇਡਾ ਕਿਸੇ ਹੋਰ ਸੂਬੇ ਵਿਚ ਰਹਿ ਰਹੇ ਸਨ ਪਰ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਬੇਟੀ ਦੀ ਜਾਨ ਖ਼ਤਰੇ ਵਿਚ ਹੋ ਸਕਦੀ ਹੈ। 26 ਅਕਤੂਬਰ ਨੂੰ ਹੌਲਨਾਕ ਸੜਕ ਹਾਦਸੇ ਤੋਂ ਦੋ ਦਿਨ ਬਾਅਦ ਉਨ੍ਹਾਂ ਨੂੰ ਮਨਦੀਪ ਕੌਰ ਦੇ ਸਦੀਵੀ ਵਿਛੋੜੇ ਬਾਰੇ ਪਤਾ ਲੱਗਾ। 6 ਨਵੰਬਰ ਨੂੰ ਮਨਦੀਪ ਕੌਰ ਦੇ ਅੰਤਮ ਸਸਕਾਰ ਮਗਰੋਂ ਉਸ ਦੇ ਪੇਕੇ ਪਰਵਾਰ ਨੂੰ ਗੁਰਜੋਤ ਸਿੰਘ ਵੱਲੋੀ ਮ੍ਰਿਤਕ ਦੇਹ ਦੀ ਬੇਹੁਰਮਤੀ ਬਾਰੇ ਜਾਣਕਾਰੀ ਮਿਲੀ। ਇਸ ਮਗਰੋਂ ਜਗਦੇਵ ਸਿੰਘ ਫੁੱਲ ਲੈ ਕੇ ਪੰਜਾਬ ਆ ਗਏ ਪਰ ਬੀ.ਸੀ. ਦੀ ਡੈਲਟਾ ਪੁਲਿਸ ਵੱਲੋਂ ਹਾਲ ਹੀ ਵਿਚ ਕੀਤੀ ਕਾਰਵਾਈ ਮਗਰੋਂ ਪਰਵਾਰ ਝੰਜੋੜਿਆ ਗਿਆ। ਜਗਦੇਵ ਸਿੰਘ ਜੱਗੀ ਨੇ ਕਿਹਾ ਹੈ ਕਿ ਉਹ ਕੈਨੇਡਾ ਪਰਤ ਕੇ ਆਪਣੀ ਬੇਟੀ ਦੀ ਮੌਤ ਦੇ ਅਸਲ ਕਾਰਨ ਸਾਹਮਣੇ ਲਿਆਉਣ ਦੇ ਯਤਨ ਕਰਨਗੇ।


