ਕੈਨੇਡਾ ਵਿਚ ਦਰਦਨਾਕ ਹਾਦਸਾ, ਪੰਜਾਬੀ ਨੌਜਵਾਨ ਦੀ ਮੌਤ
ਸੁਨਹਿਰੀ ਭਵਿੱਖ ਦੀ ਭਾਲ ਵਿਚ ਕੈਨੇਡਾ ਆਇਆ 20 ਸਾਲ ਦਾ ਪੰਜਾਬੀ ਨੌਜਵਾਨ ਦਰਦਨਾਕ ਸੜਕ ਹਾਦਸੇ ਮਗਰੋਂ ਸਦੀਵੀ ਵਿਛੋੜਾ ਦੇ ਗਿਆ।

By : Upjit Singh
ਕੈਲਗਰੀ : ਸੁਨਹਿਰੀ ਭਵਿੱਖ ਦੀ ਭਾਲ ਵਿਚ ਕੈਨੇਡਾ ਆਇਆ 20 ਸਾਲ ਦਾ ਪੰਜਾਬੀ ਨੌਜਵਾਨ ਦਰਦਨਾਕ ਸੜਕ ਹਾਦਸੇ ਮਗਰੋਂ ਸਦੀਵੀ ਵਿਛੋੜਾ ਦੇ ਗਿਆ। ਭਗਤਬੀਰ ਸਿੰਘ ਦੇ ਦੋਸਤਾਂ ਨੇ ਦੱਸਿਆ ਕਿ ਐਲਬਰਟਾ ਦੇ ਰੈਡ ਡੀਅਰ ਨੇੜੇ 21 ਅਪ੍ਰੈਲ ਨੂੰ ਵਾਪਰੇ ਸੜਕ ਹਾਦਸੇ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਕੈਲਗਰੀ ਦੇ ਹਸਪਤਾਲ ਵਿਚ ਕਈ ਦਿਨ ਤੱਕ ਮੌਤ ਨਾਲ ਸੰਘਰਸ਼ ਕਰਦਿਆਂ ਦਮ ਤੋੜ ਦਿਤਾ। ਭਗਤਬੀਰ ਸਿੰਘ ਦੀ ਰੀੜ੍ਹ ਦੀ ਹੱਡੀ ਵਿਚ ਗੰਭੀਰ ਸੱਟ ਵੱਜੀ ਅਤੇ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਾ ਜਾ ਸਕਿਆ। ਹਾਦਸੇ ਮਗਰੋਂ ਭਗਤਬੀਰ ਸਿੰਘ ਦੇ ਮਾਤਾ ਜੀ ਅਤੇ ਭੈਣ ਵੱਲੋਂ ਐਮਰਜੰਸੀ ਵੀਜ਼ਾ ਅਪਲਾਈ ਕੀਤਾ ਗਿਆ ਪਰ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਫਿਲਹਾਲ ਮੁਕੰਮਲ ਨਹੀਂ ਹੋ ਸਕੀ। ਹੁਣ ਉਸ ਦੀ ਦੇਹ ਭਾਰਤ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਗੋਫੰਡਮੀ ਪੇਜ ਰਾਹੀਂ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ।
ਵੰਸ਼ਿਕਾ ਦੇ ਪਿਤਾ ਨੂੰ ਬੇਟੀ ਦੀ ਮੌਤ ਪਿੱਛੇ ਸਾਜ਼ਿਸ਼ ਹੋਣ ਦਾ ਸ਼ੱਕ
ਦੂਜੇ ਪਾਸੇ ਔਟਵਾ ਵਿਖੇ ਭੇਤਭਰੇ ਹਾਲਾਤ ਵਿਚ ਜਾਨ ਗਵਾਉਣ ਵਾਲੀ ਵੰਸ਼ਿਕਾ ਦੇ ਪਿਤਾ ਦਵਿੰਦਰ ਸੈਣੀ ਵੱਲੋਂ ਸਾਜ਼ਿਸ਼ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਡੇਰਾ ਬੱਸੀ ਦੇ ਸੈਣੀ ਮੁਹੱਲਾ ਵਿਖੇ ਰਹਿੰਦੇ ਆਮ ਆਦਮੀ ਪਾਰਟੀ ਦੇ ਆਗੂ ਦਵਿੰਦਰ ਸੈਣੀ ਨੇ ਕਿਹਾ ਕਿ ਉਨ੍ਹਾਂ ਨੇ 22 ਅਪ੍ਰੈਲ ਨੂੰ ਆਪਣੀ ਬੇਟੀ ਨਾਲ ਆਖਰੀ ਵਾਰ ਫੋਨ ’ਤੇ ਗੱਲ ਕੀਤੀ ਅਤੇ ਇਸ ਮਗਰੋਂ ਫੋਨ ਸਵਿੱਚ ਔਫ ਆਉਣ ਲੱਗਾ। ਦੂਜੇ ਪਾਸੇ ਔਟਵਾ ਪੁਲਿਸ ਕੋਲ ਉਸ ਦੇ ਗੁੰਮਸ਼ੁੁਦਾ ਹੋਣ ਦੀ ਰਿਪੋਰਟ ਦਰਜ ਕਰਵਾਈ ਗਈ। ਪੁਲਿਸ ਨੇ ਭਾਲ ਆਰੰਭੀ ਦਾ 21 ਸਾਲਾ ਵੰਸ਼ਿਕਾ ਦੀ ਲਾਸ਼ ਇਕ ਬੀਚ ਨੇੜੇ ਪਈ ਮਿਲੀ। ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਫਿਲਹਾਲ ਮੌਤ ਦੇ ਕਾਰਨ ਸਪੱਸ਼ਟ ਨਹੀਂ ਹੋ ਸਕੇ। ਇਸੇ ਦੌਰਾਨ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਦੁਖਦ ਮਾਮਲਾ ਸਾਹਮਣੇ ਆਇਆ ਹੈ।
ਆਸਟ੍ਰੇਲੀਆ ਵਿਚ ਦਿਲ ਦਾ ਦੌਰਾ ਪੈਣ ਕਾਰਨ ਪੰਜਾਬੀ ਨੇ ਦਮ ਤੋੜਿਆ
ਨੌਜਵਾਨ ਦੀ ਸ਼ਨਾਖਤ ਗੁਰਪਿੰਦਰ ਸਿੰਘ ਧਾਲੀਵਾਲ ਵਜੋਂ ਕੀਤੀ ਗਈ ਹੈ ਜੋ 2019 ਵਿਚ ਸਟੱਡੀ ਵੀਜ਼ਾ ’ਤੇ ਆਸਟ੍ਰੇਲੀਆ ਪੁੱਜਾ। ਪਿਛਲੇ ਦਿਨੀਂ ਸਿਹਤ ਵਿਗੜਨ ਮਗਰੋਂ ਉਸ ਨੂੰ ਮੈਲਬਰਨ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ। ਗੁਰਪਿੰਦਰ ਸਿੰਘ ਦੀ ਪਤਨੀ ਜਸਕਿਰਨ ਕੌਰ ਆਪਣੇ ਪਤੀ ਦੀ ਦੇਹ ਪੰਜਾਬ ਲਿਜਾਣਾ ਚਾਹੁੰਦੀ ਹੈ ਤਾਂਕਿ ਪਰਵਾਰ ਮੈਂਬਰ ਆਖਰੀ ਵਾਰ ਉਸ ਦਾ ਚਿਹਰਾ ਦੇਖ ਸਕਣ। ਜਸਕਿਰਨ ਕੌਰ ਵੱਲੋਂ ਗੋਫੰਡਮੀ ਪੇਜ ਸਥਾਪਤ ਕਰਦਿਆਂ ਆਰਥਿਕ ਸਹਾਇਤਾ ਦੀ ਅਪੀਲ ਕੀਤੀ ਗਈ ਹੈ।


