Begin typing your search above and press return to search.

Canada ’ਚ ਬਗੈਰ work permit ਕੰਮ ਕਰਨ ਦਾ ਮੌਕਾ

ਕੈਨੇਡਾ ਵਿਚ ਕੰਮ ਕਰਨ ਦਾ ਮੌਕਾ ਮਿਲੇ ਅਤੇ ਉਹ ਵੀ ਬਗੈਰ ਵਰਕ ਪਰਮਿਟ ਤੋਂ ਤਾਂ ਸਮਝੋ ਪੰਜੇ ਉਂਗਲਾਂ ਘਿਉ ਵਿਚ

Canada ’ਚ ਬਗੈਰ work permit ਕੰਮ ਕਰਨ ਦਾ ਮੌਕਾ
X

Upjit SinghBy : Upjit Singh

  |  21 March 2026 5:49 PM IST

  • whatsapp
  • Telegram

ਟੋਰਾਂਟੋ : ਕੈਨੇਡਾ ਵਿਚ ਕੰਮ ਕਰਨ ਦਾ ਮੌਕਾ ਮਿਲੇ ਅਤੇ ਉਹ ਵੀ ਬਗੈਰ ਵਰਕ ਪਰਮਿਟ ਤੋਂ ਤਾਂ ਸਮਝੋ ਪੰਜੇ ਉਂਗਲਾਂ ਘਿਉ ਵਿਚ। ਜੀ ਹਾਂ, ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਵਰਕ ਪਰਮਿਟ ਅਤੇ ਸੁਪਰ ਵੀਜ਼ਾ ਨਾਲ ਸਬੰਧਤ ਦੋ ਨਵੇਂ ਨਿਯਮ ਲਿਆਂਦੇ ਗਏ ਹਨ ਜਿਨ੍ਹਾਂ ਰਾਹੀਂ ਨੌਜਵਾਨਾਂ ਅਤੇ ਬਜ਼ੁਰਗਾਂ ਦਾ ਕੈਨੇਡਾ ਪੁੱਜਣਾ ਸੌਖਾ ਹੋ ਗਿਆ ਹੈ। ਬਿਜ਼ਨਸ ਵਿਜ਼ਟਰ ਵਜੋਂ ਕੈਨੇਡਾ ਆਉਣ ਦੇ ਇੱਛਕ ਵਿਦੇਸ਼ੀ ਨਾਗਰਿਕਾਂ ਵਾਸਤੇ ਲਾਜ਼ਮੀ ਹੈ ਕਿ ਉਹ ਇੰਮੀਗ੍ਰੇਸ਼ਨ ਐਂਡ ਰਫ਼ਿਊਜੀ ਪ੍ਰੋਟੈਕਸ਼ਨ ਰੈਗੁਲੇਸ਼ਨਜ਼ ਅਧੀਨ ਸ਼ਰਤਾਂ ਪੂਰੀਆਂ ਕਰਦੇ ਹੋਣ। ਮਿਸਾਲ ਵਜੋਂ ਕੈਨੇਡੀਅਨ ਵਸਤਾਂ ਦੀ ਖਰੀਦ ਜਾਂ ਸੇਵਾਵਾਂ ਦੀ ਸਿਖਲਾਈ ਦੇ ਮਕਸਦ ਤਹਿਤ ਬਿਜ਼ਨਸ ਵਿਜ਼ਟਰ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ ਜਦਕਿ ਕੈਨੇਡੀਅਨ ਕੰਪਨੀ ਜਾਂ ਵਿਦੇਸ਼ੀ ਕੰਪਨੀ ਦੀ ਕੈਨੇਡੀਅਨ ਇਕਾਈ ਵਿਚ ਸਿਖਲਾਈ ਦੇ ਮਕਸਦ ਤਹਿਤ ਵੀ ਇਹ ਵੀਜ਼ਾ ਜਾਰੀ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕੈਨੇਡਾ ਵਿਚ ਵਸਤਾਂ ਦੀ ਵਿਕਰੀ ਜੋ ਸਿੱਧੇ ਤੌਰ ’ਤੇ ਆਮ ਲੋਕਾਂ ਨੂੰ ਨਾ ਵੇਚੀਆਂ ਜਾਣ, ਦੇ ਮਕਸਦ ਤਹਿਤ ਬਿਜ਼ਨਸ ਵਿਜ਼ਟਰ ਵੀਜ਼ਾ ਹਾਸਲ ਕੀਤਾ ਜਾ ਸਕਦਾ ਹੈ।

ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਨਵੇਂ ਨਿਯਮਾਂ ਦਾ ਐਲਾਨ

ਬਿਜ਼ਨਸ ਵਿਜ਼ਟਰ ਵੀਜ਼ਾ ਲਈ ਅਰਜ਼ੀ ਦਾਖਲ ਕਰਦਿਆਂ ਸਾਬਤ ਕਰਨਾ ਹੋਵੇਗਾ ਕਿ ਕੈਨੇਡਾ ਵਿਚ ਰਿਹਾਇਸ਼ ਦਾ ਸਾਰਾ ਖ਼ਰਚਾ ਤੁਹਾਡਾ ਇੰਪਲੌਇਰ ਬਰਦਾਸ਼ਤ ਕਰ ਰਿਹਾ ਹੈ ਅਤੇ ਬਿਨੈਕਾਰਾਂ ਨੂੰ ਆਪਣੀ ਆਮਦਨ ਦੇ ਸਬੂਤ ਵੀ ਪੇਸ਼ ਕਰਨੇ ਹੋਣਗੇ। ਵੀਜ਼ਾ ਅਫ਼ਸਰਾਂ ਨੂੰ ਜਾਰੀ ਹਦਾਇਤਾਂ ਵਿਚ ਵੀਜ਼ਾ ਮਿਆਦ ਦਾ ਵੀ ਖਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਮੁਤਾਬਕ ਨਿਯਮ ਅਤੇ ਸ਼ਰਤਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਮਲਟੀਪਲ ਐਂਟਰੀ ਵੀਜ਼ਾ ਦਿਤਾ ਜਾ ਸਕਦਾ ਹੈ। ਮਲਟੀਪਲ ਐਂਟਰੀ ਵੀਜ਼ਾ ਵਾਸਤੇ ਲਾਜ਼ਮੀ ਹੈ ਕਿ ਸਬੰਧਤ ਵਿਦੇਸ਼ੀ ਨਾਗਰਿਕ ਸਿੱਧੇ ਤੌਰ ’ਤੇ ਕੈਨੇਡੀਅਨ ਕਿਰਤੀ ਬਾਜ਼ਾਰ ਵਿਚ ਦਾਖਲ ਨਾ ਹੋਵੇ ਜਦਕਿ ਕਾਰੋਬਾਰੀ ਸਰਗਰਮੀਆਂ ਕੌਮਾਂਤਰੀ ਪੱਧਰ ਦੀਆਂ ਹੋਣੀਆਂ ਚਾਹੀਦੀਆਂ ਹਨ। ਵਿਦੇਸ਼ੀ ਨਾਗਰਿਕ ਨੂੰ ਮਿਲਣ ਵਾਲਾ ਮਿਹਨਤਾਨਾ ਮੁਢਲੇ ਤੌਰ ’ਤੇ ਕੈਨੇਡਾ ਤੋਂ ਜਾਰੀ ਨਹੀਂ ਹੋਣਾ ਚਾਹੀਦਾ ਅਤੇ ਕਾਰੋਬਾਰ ਦਾ ਮੁੱਖ ਸਰੋਤ ਕੈਨੇਡਾ ਤੋਂ ਬਾਹਰ ਮੌਜੂਦ ਹੋਣਾ ਲਾਜ਼ਮੀ ਹੈ। ਸ਼ਰਤਾਂ ਪੂਰੀਆਂ ਕਰਨ ਵਾਲੇ ਵਿਦੇਸ਼ੀ ਨਾਗਰਿਕ ਬਗੈਰ ਵਰਕ ਪਰਮਿਟ ਤੋਂ ਮੁਲਕ ਵਿਚ ਦਾਖਲ ਹੋ ਸਕਦੇ ਹਨ ਕਿਉਂਕਿ ਸਾਧਾਰਣ ਵਰਕ ਪਰਮਿਟ ਵਾਸਤੇ ਜ਼ਿਆਦਾ ਕਾਗਜ਼ੀ ਕਾਰਵਾਈ ਕਰਨੀ ਪੈਂਦੀ ਹੈ। ਬਿਜ਼ਨਸ ਵਿਜ਼ਟਰ ਵੀਜ਼ਾ ਵਾਸਤੇ ਵਿਦੇਸ਼ੀ ਨਾਗਰਿਕ ਅਤੇ ਉਨ੍ਹਾਂ ਦੇ ਇੰਪਲੌਇਰ ਤਜਰਬੇਕਾਰ ਇੰਮੀਗ੍ਰੇਸ਼ਨ ਵਕੀਲਾਂ ਦੀਆਂ ਸੇਵਾਵਾਂ ਵੀ ਲੈ ਸਕਦੇ ਹਨ ਪਰ ਕਿਸੇ ਵਿਦੇਸ਼ੀ ਨਾਗਰਿਕ ਦਾ ਕੋਈ ਅਪਰਾਧਕ ਪਿਛੋਕੜ ਨਹੀਂ ਹੋਣਾ ਚਾਹੀਦਾ। ਇਥੋਂ ਤੱਕ ਕਿ ਨਸ਼ਾ ਕਰ ਕੇ ਗੱਡੀ ਚਲਾਉਣ ਦੇ ਮਾਮਲੇ ਵੀ ਵੀਜ਼ੇ ਦੇ ਰਾਹ ਵਿਚ ਅੜਿੱਕੇ ਬਣ ਸਕਦੇ ਹਨ।

ਸੁਪਰ ਵੀਜ਼ਾ ਦੇ ਨਵੇਂ ਨਿਯਮ 31 ਮਾਰਚ ਤੋਂ

ਦੂਜੇ ਪਾਸੇ ਸੁਪਰ ਵੀਜ਼ਾ ਮਾਮਲੇ ਵਿਚ 31 ਮਾਰਚ ਤੋਂ ਨਵੇਂ ਨਿਯਮ ਲਾਗੂ ਹੋ ਰਹੇ ਅਤੇ ਪਰਵਾਰਾਂ ਦਾ ਮਿਲਾਪ ਸੁਖਾਲਾ ਬਣਾਉਣ ਦਾ ਦਾਅਵਾ ਕੀਤਾ ਗਿਆ ਹੈ। ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਦੇ ਮਾਪਿਆਂ ਦੀ ਕਮਾਈ ਨੂੰ ਵੀ ਆਮਦਨ ਸ਼ਰਤ ਵਿਚ ਜੋੜਨ ਦੀ ਸਹੂਲਤ ਦਿਤੀ ਜਾ ਰਹੀ ਹੈ ਜਿਸ ਨਾਲ ਸਪੌਂਸਰ ’ਤੇ ਜ਼ਿਆਦਾ ਬੋਝ ਨਹੀਂ ਪਵੇਗਾ। ਸਿਰਫ਼ ਐਨਾ ਹੀ ਨਹੀਂ, ਸੁਪਰ ਵੀਜ਼ਾ ਹਾਸਲ ਕਰਨ ਦੇ ਇੱਛਕ ਮਾਪਿਆਂ ਬੱਚੇ ਜਾਂ ਪੋਤੇ-ਪੋਤੀਆਂ ਆਪਣੀ ਦੋ ਵਰਿ੍ਹਆਂ ਦੀ ਆਮਦਨ ਦਾ ਮੁਲਾਂਕਣ ਕਰਵਾ ਸਕਦੇ ਹਨ। ਅਤੀਤ ਵਿਚ ਇੰਮੀਗ੍ਰੇਸ਼ਨ ਮਹਿਕਮੇ ਵੱਲੋਂ ਅਰਜ਼ੀ ਦਾਖਲ ਕਰਨ ਵਾਲੇ ਵਰ੍ਹੇ ਤੋਂ ਪਿਛਲੇ ਸਾਲ ਦੀ ਆਮਦਨ ਦਾ ਮੁਲਾਂਕਣ ਹੀ ਕੀਤਾ ਜਾਂਦਾ ਸੀ। 31 ਮਾਰਚ ਤੋਂ ਬਾਅਦ ਸਾਰੀਆਂ ਅਰਜ਼ੀਆਂ ਨਵੀਆਂ ਆਮਦਨ ਸ਼ਰਤਾਂ ਦੇ ਆਧਾਰ ’ਤੇ ਪ੍ਰੋਸੈਸ ਕੀਤੀਆਂ ਜਾਣਗੀਆਂ। ਇਥੇ ਦਸਣਾ ਬਣਦਾ ਹੈ ਕਿ ਕੈਨੇਡਾ ਸਰਕਾਰ ਵੱਲੋਂ ਬਤੌਰ ਪੀ.ਆਰ. ਸੱਦੇ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਘਟਾ ਕੇ 3 ਲੱਖ 80 ਹਜ਼ਾਰ ਕਰ ਦਿਤੀ ਗਈ ਹੈ ਜਦਕਿ 2023 ਦੌਰਾਨ 4 ਲੱਖ 83 ਹਜ਼ਾਰ ਅਤੇ 2024 ਦੌਰਾਨ 4 ਲੱਖ 72 ਹਜ਼ਾਰ ਪ੍ਰਵਾਸੀ ਪੱਕੇ ’ਤੇ ਕੈਨੇਡਾ ਪੁੱਜੇ ਸਨ।

Next Story
ਤਾਜ਼ਾ ਖਬਰਾਂ
Share it