ਵਿਧਾਨ ਸਭਾ ਚੋਣਾਂ ਲਈ ਤਿਆਰ ਹੋ ਜਾਣ ਉਨਟਾਰੀਓ ਦੇ ਵੋਟਰ
ਉਨਟਾਰੀਓ ਵਿਚ ਜਲਦ ਤੋਂ ਜਲਦ ਚੋਣਾਂ ਕਰਵਾਉਣ ਦੇ ਯਤਨਾਂ ਤਹਿਤ ਪੀ.ਸੀ. ਪਾਰਟੀ ਵੱਲੋਂ ਨਾਮਜ਼ਦਗੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਸਟੀਫਨ ਲੈਚੇ ਸਣੇ ਕਈ ਮੰਤਰੀ ਮੁੜ ਚੋਣ ਲੜਨ ਦੀ ਹਾਮੀ ਭਰ ਚੁੱਕੇ ਹਨ।
By : Upjit Singh
ਟੋਰਾਂਟੋ : ਉਨਟਾਰੀਓ ਵਿਚ ਜਲਦ ਤੋਂ ਜਲਦ ਚੋਣਾਂ ਕਰਵਾਉਣ ਦੇ ਯਤਨਾਂ ਤਹਿਤ ਪੀ.ਸੀ. ਪਾਰਟੀ ਵੱਲੋਂ ਨਾਮਜ਼ਦਗੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਸਟੀਫਨ ਲੈਚੇ ਸਣੇ ਕਈ ਮੰਤਰੀ ਮੁੜ ਚੋਣ ਲੜਨ ਦੀ ਹਾਮੀ ਭਰ ਚੁੱਕੇ ਹਨ। ਗਰੀਨ ਪਾਰਟੀ ਦੇ ਆਗੂ ਮਾਈਕ ਸ਼ਰੀਨਰ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦਾ ਅਸਲ ਸਮਾਂ ਜੂਨ 2026 ਬਣਦਾ ਹੈ ਪਰ ਨਾਮਜ਼ਦਗੀਆਂ ਲਈ ਕੀਤੀ ਜਾ ਰਹੀ ਕਾਹਲ ਤੋਂ ਹਾਲਾਤ ਸਪੱਸ਼ਟ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਵੱਧ ਤੋਂ ਵੱਧ ਇਕ ਸਾਲ ਦਾ ਸਮਾਂ ਰਹਿੰਦਿਆਂ ਨਾਮਜ਼ਦਗੀਆਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਂਦਾ ਹੈ ਪਰ ਮੌਜੂਦਾ ਸਰਗਰਮੀਆਂ ਦੇ ਮੱਦੇਨਜ਼ਰ ਹਰ ਪਾਰਟੀ ਨੂੰ ਕਮਰ ਕਸ ਲੈਣੀ ਚਾਹੀਦੀ ਹੈ।
ਸੱਤਾਧਾਰੀ ਪੀ.ਸੀ. ਪਾਰਟੀ ਉਮੀਦਵਾਰਾਂ ਦੀ ਨਾਮਜ਼ਦਗੀ ਵਿਚ ਜੁਟੀ
ਮਾਈਕ ਸ਼ਰੀਨਰ ਨੇ ਦੋਸ਼ ਲਾਇਆ ਕਿ ਡਗ ਫੋਰਡ ਸਰਕਾਰ ਸਹੀ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਨ ਦੀ ਬਜਾਏ ਸਿਆਸਤ ਖੇਡਣ ’ਤੇ ਜ਼ਿਆਦਾ ਜ਼ੋਰ ਦੇ ਰਹੀ ਹੈ। ਦੂਜੇ ਪਾਸੇ ਲਿਬਰਲ ਪਾਰਟੀ ਅਤੇ ਐਨ.ਡੀ.ਪੀ. ਪਹਿਲਾਂ ਹੀ ਡਗ ਫੋਰਡ ਦੇ ਇਰਾਦਿਆਂ ਨੂੰ ਸਮਝ ਚੁੱਕੇ ਹਨ ਅਤੇ ਅੰਦਰੋ ਅੰਦਰੀ ਚੋਣ ਤਿਆਰੀਆਂ ਆਰੰਭ ਜਾ ਰਹੀਆਂ ਹਨ। ਲਿਬਰਲ ਆਗੂ ਬੌਨੀ ਕਰੌਂਬੀ ਸੂਬੇ ਦੇ ਦੌਰਾ ਕਰ ਚੁੱਕੇ ਹਨ ਅਤੇ ਮੌਜੂਦਾ ਵਿਧਾਇਕਾਂ ਸਣੇ ਸੰਭਾਵਤ ਉਮੀਦਵਾਰਾਂ ਦੀ ਸੂਚੀ ’ਤੇ ਗੌਰ ਕੀਤਾ ਜਾ ਰਿਹਾ ਹੈ। ਐਨ.ਡੀ.ਪੀ. ਵੱਲੋਂ 5 ਸਤੰਬਰ ਤੋਂ 7 ਸਤੰਬਰ ਦਰਮਿਆਨ ਨਾਮਜ਼ਦਗੀਆਂ ਬਾਰੇ ਮੀਟਿੰਗਾਂ ਕੀਤੀਆਂ ਜਾਣਗੀਆਂ ਜਦਕਿ ਐਤਵਾਰ ਨੂੰ ਲਿਬਰਲ ਪਾਰਟੀ, ਟੋਰੀਆਂ ਦੇ ਕਬਜ਼ੇ ਵਾਲੀਆਂ ਸੀਟਾਂ ’ਤੇ ਨਵੇਂ ਉਮੀਦਵਾਰਾਂ ਨੂੰ ਮੈਦਾਨ ਵਿਚ ਉਤਾਰਨ ਦਾ ਸਿਲਸਿਲਾ ਆਰੰਭ ਕਰੇਗੀ। ਲਿਬਰਲ ਪਾਰਟੀ ਦੇ ਰਣਲੀਤੀਕਾਰ ਐਂਡਰਿਊ ਪੇਰੇਜ਼ ਨੇ ਅਗਲੀਆਂ ਵਿਧਾਨ ਸਭਾ ਚੋਣਾਂ ਜਦੋਂ ਵੀ ਹੋਣ ਪਾਰਟੀ ਤਿਆਰ ਬਰ ਤਿਆਰ ਰਹੇਗੀ। ਉਨ੍ਹਾਂ ਅੱਗੇ ਕਿਹਾ ਕਿ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਦਾ ਸ਼ੋਸ਼ਾ ਵਿਰੋਧੀ ਧਿਰ ਨੂੰ ਡਾਵਾਂਡੋਲ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ। ਲਿਬਰਲ ਪਾਰਟੀ ਵੱਲੋਂ ਠਰੰਮੇ ਨਾਲ ਉਮੀਦਵਾਰਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਜਿਨ੍ਹਾਂ ਵਿਚੋਂ ਬਿਹਤਰੀਨ ਦੀ ਚੋਣ ਕੀਤੀ ਜਾਵੇਗੀ।
ਲਿਬਰਲ ਪਾਰਟੀ ਅਤੇ ਐਨ.ਡੀ.ਪੀ. ਵੱਲੋਂ ਵੀ ਨਾਮਜ਼ਦਗੀਆਂ ਲਈ ਮੀਟਿੰਗਾਂ ਆਰੰਭ
ਚੇਤੇ ਰਹੇ ਕਿ ਪਿਛਲੇ ਦਿਨੀਂ ਟੌਡ ਸਮਿੱਥ ਦਾ ਮਹਿਕਮਾ ਬਦਲ ਕੇ ਸਿੱਖਿਆ ਮੰਤਰੀ ਬਣਾਏ ਜਾਣ ਮਗਰੋਂ ਉਨ੍ਹਾਂ ਨੇ ਮੰਤਰੀ ਦੀ ਕੁਰਸੀ ਅਤੇ ਵਿਧਾਇਕ ਦਾ ਅਹੁਦਾ ਦੋਵੇਂ ਛੱਡ ਦਿਤੇ। ਪ੍ਰੀਮੀਅਰ ਡਗ ਫੋਰਡ ਨੇ ਵੀ ਜ਼ਿਮਨੀ ਚੋਣ ਦਾ ਐਲਾਨ ਕਰਨ ਲੱਗਿਆਂ ਸਮਾਂ ਨਹੀਂ ਲਾਇਆ ਅਤੇ ਹੁਣ ਸਤੰਬਰ ਵਿਚ ਵੋਟਾਂ ਪੈਣਗੀਆਂ। ਜ਼ਿਮਨੀ ਚੋਣ ਤੋਂ ਲੋਕਾਂ ਦਾ ਰੁਝਾਨ ਪਤਾ ਲੱਗ ਜਾਵੇਗਾ ਅਤੇ ਇਸ ਤੋਂ ਬਾਅਦ ਹੀ ਮੱਧਕਾਲੀ ਚੋਣਾਂ ਬਾਰੇ ਕੋਈ ਫੈਸਲਾ ਸਾਹਮਣੇ ਆ ਸਕਦਾ ਹੈ। ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ 2025 ਦੀ ਬਸੰਤ ਰੁੱਤ ਵਿਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ ਕਿਉਂਕਿ ਪ੍ਰੀਮੀਅਰ ਡਗ ਫੋਰਡ ਫੈਡਰਲ ਪੱਧਰ ’ਤੇ ਸੱਤਾ ਬਦਲਣ ਤੋਂ ਪਹਿਲਾਂ ਪਹਿਲਾਂ ਚਾਰ ਸਾਲ ਦਾ ਕਾਰਜਕਾਲ ਮੁੜ ਹਾਸਲ ਕਰਨਾ ਚਾਹੁੰਦੇ ਹਨ। ਵੱਖ ਵੱਖ ਚੋਣ ਸਰਵੇਖਣਾਂ ਵਿਚ ਪੀ.ਸੀ. ਪਾਰਟੀ ਮਜ਼ਬੂਤ ਨਜ਼ਰ ਆ ਰਹੀ ਹੈ ਪਰ ਗਰੀਨ ਬੈਲਟ ਸਕੈਂਡਲ ਨਾਲ ਸਬੰਧਤ ਕੋਈ ਗੁੱਝਾ ਭੇਤ ਸਾਹਮਣੇ ਆਇਆ ਤਾਂ ਲੋਕਾਂ ਵਿਚ ਨਾਰਾਜ਼ਦਗੀ ਪੈਦਾ ਹੋ ਸਕਦੀ ਹੈ। ਤੈਅ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਂਦਿਆਂ ਇਸ ਨਾਰਾਜ਼ਗੀ ਤੋਂ ਬਚਿਆ ਜਾ ਸਕਦਾ ਹੈ। ਪ੍ਰੀਮੀਅਰ ਡਗ ਫੋਰਡ ਸਾਫ਼ ਲਫਜ਼ਾਂ ਵਿਚ ਆਖ ਚੁੱਕੇ ਹਨ ਕਿ ਉਨਟਾਰੀਓ ਵਿਚ ਅਗਲੀਆਂ ਵਿਧਾਨ ਸਭਾ ਚੋਣਾਂ ਫੈਡਰਲ ਹਲਕਾਬੰਦੀ ਮੁਤਾਬਕ ਨਹੀਂ ਹੋਣਗੀਆਂ ਅਤੇ 124 ਸੀਟਾਂ ’ਤੇ ਹੀ ਮੁਕਾਬਲਾ ਹੋਵੇਗਾ। 2017 ’ਚ ਲਾਗੂ ਰਿਪ੍ਰਜ਼ੈਂਟੇਸ਼ਨ ਐਕਟ ਮੁਤਾਬਕ ਸੂਬੇ ਦੀਆਂ 111 ਵਿਧਾਨ ਸਭਾ ਸੀਟਾਂ ਇੰਨ ਬਿੰਨ ਰੂਪ ਵਿਚ ਫੈਡਰਲ ਰਾਈਡਿੰਗਜ਼ ’ਤੇ ਆਧਾਰਤ ਹਨ। ਉਨਟਾਰੀਓ ਵਿਚ 2007, 2011 ਅਤੇ 2014 ਦੀਆਂ ਚੋਣਾਂ ਦੌਰਾਨ 107 ਵਿਧਾਨ ਸਭਾ ਸੀਟਾਂ ਸਨ ਜਦਕਿ 2018 ਅਤੇ 2022 ਵਿਚ ਸੀਟਾਂ ਵਧਾ ਕੇ 124 ਕਰ ਦਿਤੀਆਂ ਗਈਆਂ।