ਕੈਨੇਡਾ ’ਚ ਕਸੂਤੇ ਫਸੇ ਪੰਜਾਬੀ ਟਰੱਕ ਡਰਾਈਵਰ
ਕੈਨੇਡਾ ਵਿਚ ਟਰੱਕ ਡਰਾਈਵਰਾਂ ਨੂੰ ਜਾਰੀ ਇਕ ਸਰਕਾਰੀ ਹੁਕਮ ਨੇ ਪੰਜਾਬੀਆਂ ਨੂੰ ਕਸੂਤੇ ਫਸਾ ਦਿਤਾ ਹੈ

By : Upjit Singh
ਟੋਰਾਂਟੋ : ਕੈਨੇਡਾ ਵਿਚ ਟਰੱਕ ਡਰਾਈਵਰਾਂ ਨੂੰ ਜਾਰੀ ਇਕ ਸਰਕਾਰੀ ਹੁਕਮ ਨੇ ਪੰਜਾਬੀਆਂ ਨੂੰ ਕਸੂਤੇ ਫਸਾ ਦਿਤਾ ਹੈ। ਜੀ ਹਾਂ, ਉਨਟਾਰੀਓ ਦੇ ਟ੍ਰਾਂਸਪੋਰਟ ਮੰਤਰਾਲੇ ਵੱਲੋਂ ਟਰੱਕ ਡਰਾਈਵਰਾਂ ਨੂੰ ਮੁੜ ਰੋਡ ਟੈਸਟ ਦੇਣ ਦੀ ਹਦਾਇਤ ਦਿਤੀ ਗਈ ਹੈ ਜਿਸ ਦਾ ਮੁੱਖ ਕਾਰਨ ਫ਼ਰਜ਼ੀ ਤਰੀਕੇ ਨਾਲ ਡਰਾਈਵਿੰਗ ਲਾਇਸੰਸ ਹਾਸਲ ਕਰਨ ਵਾਲਿਆਂ ਦਾ ਪਰਦਾ ਫ਼ਾਸ਼ ਕਰਨਾ ਹੈ। ਟ੍ਰਾਂਸਪੋਰਟ ਮੰਤਰਾਲੇ ਦੀਆਂ ਹਦਾਇਤਾਂ ਮੁਤਾਬਕ ਟਰੱਕ ਡਰਾਈਵਰਾਂ ਨੂੰ ਪੱਤਰ ਮਿਲਣ ਦੇ 60 ਦਿਨ ਦੇ ਅੰਦਰ ਆਪਣੀ ਬੁਨਿਆਦੀ ਜਾਣਕਾਰੀ ਬਾਰੇ ਟੈਸਟ ਦੇਣਾ ਹੋਵੇਗਾ ਜਦਕਿ 120 ਦਿਨ ਦੇ ਅੰਦਰ ਡਰਾਈਵ ਟੈਸਟ ਸੈਂਟਰ ਵਿਚ ਟਰੱਕ ਚਲਾ ਕੇ ਦਿਖਾਉਣਾ ਹੋਵੇਗਾ।
ਉਨਟਾਰੀਓ ਸਰਕਾਰ ਨੇ ਮੁੜ ਟੈਸਟ ਦੇਣ ਦੀ ਹਦਾਇਤ ਦਿਤੀ
ਟਰੱਕ ਨਿਊਜ਼ ਡਾਟ ਕਾਮ ਦੀ ਰਿਪੋਰਟ ਮੁਤਾਬਕ ਕੁਝ ਡਰਾਈਵਰਾਂ ਨੂੰ ਸਰਕਾਰ ਦੀਆਂ ਚਿੱਠੀਆਂ ਮਿਲ ਚੁੱਕੀਆਂ ਹਨ ਜਿਨ੍ਹਾਂ ਵਿਚੋਂ ਇਕ ਦਾ ਡਰਾਈਵਿੰਗ ਲਾਇਸੰਸ ਤਕਰੀਬਨ ਇਕ ਸਾਲ ਪਹਿਲਾਂ ਬਣਿਆ ਅਤੇ ਉਹ ਹੁਣ ਤੱਕ ਅਮਰੀਕਾ ਦੇ ਲੰਮੇ ਗੇੜੇ ਲਾ ਚੁੱਕਾ ਹੈ। ਨਵੇਂ ਸਿਰੇ ਤੋਂ ਟੈਸਟ ਦੇ ਡਰੋਂ ਤਜਰਬੇਕਾਰ ਡਰਾਈਵਰ ਵੀ ਆਪਣਾ ਹੁਨਰ ਨਿਖਾਰਨ ਵਾਸਤੇ ਟਰੱਕ ਡਰਾਈਵਿੰਗ ਸਕੂਲਾਂ ਨਾਲ ਸੰਪਰਕ ਕਰ ਰਹੇ ਹਨ। ਡਰਾਈਵਰਾਂ ਨੂੰ ਭੇਜੇ ਗਏ ਪੱਤਰ ਮੁਤਾਬਕ ਟ੍ਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਉਨਟਾਰੀਓ ਹਾਈਵੇਅ ਟ੍ਰੈਫਿਕ ਐਕਟ ਦੀ ਧਾਰਾ 32 ਅਤੇ ਉਨਟਾਰੀਓ ਰੈਗੁਲੇਸ਼ਨ 340/94 ਦੀ ਧਾਰਾ 15 ਅਧੀਨ ਇਹ ਕਾਰਵਾਈ ਪੂਰੀ ਤਰ੍ਹਾਂ ਜਾਇਜ਼ ਹੈ।
ਫੇਲ ਹੋਣ ਦੀ ਸੂਰਤ ਵਿਚ ਰੱਦ ਹੋਵੇਗਾ ਡਰਾਈਵਿੰਗ ਲਾਇਸੰਸ
ਇਥੇ ਦਸਣਾ ਬਣਦਾ ਹੈ ਕਿ ਟਰੱਕ ਡਰਾਈਵਰਾਂ ਨੂੰ ਸਿਰਫ਼ ਟੈਸਟ ਵਾਸਤੇ ਅਦਾਇਗੀ ਨਹੀਂ ਕਰਨੀ ਹੋਵੇਗੀ ਸਗੋਂ ਰੋਡ ਟੈਸਟ ਵਾਸਤੇ ਆਪਣੇ ਟਰੱਕ ਲਿਆਉਣੇ ਹੋਣਗੇ। ਟੈਸਟ ਵਿਚ ਅਸਫ਼ਲ ਰਹਿਣ ਵਾਲਿਆਂ ਦੇ ਏ/ਜ਼ੈਡ ਲਾਇਸੰਸ ਡਾਊਨਗਰੇਡ ਕਰ ਦਿਤੇ ਜਾਣਗੇ ਅਤੇ ਉਹ ਟਰੈਕਟਰ-ਟ੍ਰੇਲਰ ਚਲਾਉਣ ਦੇ ਹੱਕਦਾਰ ਨਹੀਂ ਰਹਿ ਜਾਣਗੇ।


