ਕਾਰਾਂ ਨੂੰ ਅੱਗ ਲਾ ਕੇ ਫਰਾਰ ਹੋਏ ਸ਼ੱਕੀ
ਉਨਟਾਰੀਓ ਦੇ ਮਾਰਖਮ ਵਿਖੇ ਗੱਡੀਆਂ ਨੂੰ ਅੱਗ ਲਾ ਕੇ ਫਰਾਰ ਹੋਏ ਤਿੰਨ ਸ਼ੱਕੀਆਂ ਦੀ ਭਾਲ ਕਰ ਰਹੀ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ।

ਮਾਰਖਮ : ਉਨਟਾਰੀਓ ਦੇ ਮਾਰਖਮ ਵਿਖੇ ਗੱਡੀਆਂ ਨੂੰ ਅੱਗ ਲਾ ਕੇ ਫਰਾਰ ਹੋਏ ਤਿੰਨ ਸ਼ੱਕੀਆਂ ਦੀ ਭਾਲ ਕਰ ਰਹੀ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ ਮੈਕੌਵਨ ਰੋਡ ਅਤੇ ਹੈਰੀਟੇਜ ਰੋਡ ਇਲਾਕੇ ਵਿਚ 3 ਮਾਰਚ ਨੂੰ ਵੱਡੇ ਤੜਕੇ ਇਕ ਸਟੋਰੇਜ ਲੌਟ ਵਿਚ ਵਾਰਦਾਤ ਨੂੰ ਅੰਜਾਮ ਦਿਤਾ ਗਿਆ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਗੂੜ੍ਹੇ ਰੰਗ ਦੀ ਕਾਰ ਮੌਕਾ ਏ ਵਾਰਦਾਤ ’ਤੇ ਪੁੱਜਦੀ ਹੈ ਅਤੇ ਦੋ ਜਣੇ ਬਾਹਰ ਆਉਣ ਮਗਰੋਂ ਕੋਈ ਬਲਣਸ਼ੀਲ ਚੀਜ਼ ਗੱਡੀਆਂ ਵੱਲ ਸੁੱਟਦੇ ਹਨ।
ਕੈਨੇਡਾ ਪੁਲਿਸ ਕਰ ਰਹੀ 3 ਜਣਿਆਂ ਦੀ ਭਾਲ
ਇਸ ਮਗਰੋਂ ਉਹ ਗੱਡੀ ਵਿਚ ਬੈਠ ਕੇ ਫਰਾਰ ਹੋ ਜਾਂਦੇ ਹਨ। ਪੁਲਿਸ ਨੇ ਦੱਸਿਆ ਕਿ ਅੱਗ ਐਨੀ ਫੈਲੀ ਕਿ 13 ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਵਾਰਦਾਤ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ। ਇਸੇ ਦੌਰਾਨ ਕ੍ਰਿਸਟੀਨਾ ਯਾਦਰਾਮ ਕਤਲ ਮਾਮਲੇ ਵਿਚ ਅਦਾਲਤ ਵੱਲੋਂ ਉਸ ਦੇ ਪ੍ਰੇਮੀ ਵਜ਼ੀਰ ਗਫੂਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਓਵਨ ਸਾਊਂਡ ਦੀ ਅਦਾਲਤ ਵਿਚ 12 ਮੈਂਬਰੀ ਜਿਊਰੀ ਨੇ ਦੋ ਘੰਟੇ ਤੱਕ ਵਿਚਾਰ ਵਟਾਂਦਰਾ ਕਰਨ ਮਗਰੋਂ ਫੈਸਲਾ ਸੁਣਾ ਦਿਤਾ। ਗਫੂਰ ਪਹਿਲਾਂ ਹੀ ਪੁਲਿਸ ਹਿਰਾਸਤ ਵਿਚ ਹੈ। ਇਥੇ ਦਸਣਾ ਬਣਦਾ ਹੈਕਿ ਕ੍ਰਿਸਟੀਨਾ ਯਾਦਰਾਮ ਦੀ ਲਾਸ਼ ਅਕਤੂਬਰ 2021 ਵਿਚ ਨੌਰਦਨ ਬਰੂਸ ਪੈਨਿਨਸੁਲਾ ਦੇ ਜੰਗਲੀ ਇਲਾਕੇ ਵਿਚੋਂ ਮਿਲੀ ਸੀ। ਅਦਾਲਤੀ ਕਾਰਵਾਈ ਮੁਤਾਬਕ ਗਫੂਰ, ਯਾਦਰਾਮ ਦਾ ਅਬੌਰਸ਼ਨ ਕਰਵਾਉਣਾ ਚਾਹੁੰਦਾ ਸੀ ਪਰ ਉਸ ਨੇ ਇਨਕਾਰ ਕਰ ਦਿਤਾ ਜਿਸ ਮਗਰੋਂ ਗਫੂਰ ਨੇ ਉਸ ਦਾ ਕਤਲ ਕਰ ਦਿਤਾ।