ਉਨਟਾਰੀਓ ਦੇ ਪ੍ਰੀਮੀਅਰ ਵੱਲੋਂ ਜਲਦ ਚੋਣਾਂ ਕਰਵਾਉਣ ਦੇ ਸੰਕੇਤ
ਅਮਰੀਕਾ ਦੀਆਂ ਟੈਕਸ ਦਰਾਂ ਲੱਗਣ ਮਗਰੋਂ ਹੋਣ ਪੈਣ ਵਾਲੇ ਆਰਥਿਕ ਬੋਝ ਨੂੰ ਵੇਖਦਿਆਂ ਪ੍ਰੀਮੀਅਰ ਡਗ ਫ਼ੋਰਡ ਵੱਲੋਂ ਜਲਦ ਤੋਂ ਜਲਦ ਵਿਧਾਨ ਸਭਾ ਚੋਣਾਂ ਕਰਵਾਉਣ ਦੇ ਸੰਕੇਤੇ ਦਿਤੇ ਜਾ ਰਹੇ ਹਨ।
By : Upjit Singh
ਟੋਰਾਂਟੋ : ਅਮਰੀਕਾ ਦੀਆਂ ਟੈਕਸ ਦਰਾਂ ਲੱਗਣ ਮਗਰੋਂ ਹੋਣ ਪੈਣ ਵਾਲੇ ਆਰਥਿਕ ਬੋਝ ਨੂੰ ਵੇਖਦਿਆਂ ਉਨਟਾਰੀਓ ਦੇ ਪ੍ਰੀਮੀਅਰ ਡਗ ਫ਼ੋਰਡ ਵੱਲੋਂ ਜਲਦ ਤੋਂ ਜਲਦ ਵਿਧਾਨ ਸਭਾ ਚੋਣਾਂ ਕਰਵਾਉਣ ਦੇ ਸੰਕੇਤੇ ਦਿਤੇ ਜਾ ਰਹੇ ਹਨ। ਡਗ ਫ਼ੋਰਡ ਨੇ ਕਿਹਾ ਕਿ ਹੁਣ ਫੈਸਲਾ ਉਨਟਾਰੀਓ ਦੇ ਲੋਕ ਕਰਨਗੇ ਕਿ ਗੁਆਂਢੀ ਮੁਲਕ ਦੇ ਸੰਭਾਵਤ ਟੈਕਸਾਂ ਦਾ ਅਸਰ ਘਟਾਉਣ ਲਈ ਸੂਬਾ ਸਰਕਾਰ ਨੂੰ ਅਰਬਾਂ ਡਾਲਰ ਖਰਚੇ ਕਰਨੇ ਚਾਹੀਦੇ ਹਨ ਜਾਂ ਨਹੀਂ।
ਅਮਰੀਕਾ ਦੇ ਟੈਕਸਾਂ ਨਾਲ ਨਜਿੱਠਣ ਲਈ ਖਰਚੇ ਨੂੰ ਬਣਾਇਆ ਮੁੱਦਾ
ਰੌਯਲ ਉਨਟਾਰੀਓ ਮਿਊਜ਼ੀਅਮ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇ ਅਮਰੀਕਾ ਵੱਲੋਂ ਕੈਨੇਡੀਅਨ ਵਸਤਾਂ ’ਤੇ ਟੈਕਸ ਲਾਗੂ ਕਰ ਦਿਤਾ ਗਿਆ ਤਾਂ ਸਾਨੂੰ ਅਰਬਾਂ ਡਾਲਰ ਖਰਚ ਕਰਨੇ ਪੈ ਸਕਦੇ ਹਨ ਅਤੇ ਹੁਣ ਫ਼ੈਸਲਾ ਸੂਬੇ ਦੇ ਲੋਕ ਕਰਨਗੇ ਕਿਉਂਕਿ ਇਹ ਉਨ੍ਹਾਂ ਦਾ ਪੈਸਾ ਹੈ। ਇਹ ਪੁੱਛੇ ਜਾਣ ਕਿ ਜੇ ਟਰੰਪ ਵੱਲੋਂ ਟੈਕਸ ਲਾਗੂ ਕੀਤੇ ਗਏ ਤਾਂ ਕੀ ਉਨਟਾਰੀਓ ਵਿਚ ਸਮੇਂ ਤੋਂ ਪਹਿਲਾਂ ਚੋਣਾਂ ਹੋਣਗੀਆਂ, ਦੇ ਜਵਾਬ ਵਿਚ ਡਗ ਫ਼ੋਰਡ ਨੇ ਕਿਹਾ ਕਿ ਦੇਖੋ, 20 ਜਾਂ 21 ਜਨਵਰੀ ਨੂੰ ਕੀ ਕੁਝ ਵਾਪਰਦਾ ਹੈ। ਇਥੇ ਦਸਣਾ ਬਣਦਾ ਹੈ ਕਿ ਡਗ ਫ਼ੋਰਡ ਅਤੇ ਕੈਨੇਡੀਅਨ ਰਾਜਾਂ ਦੇ ਪ੍ਰੀਮੀਅਰ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰ ਰ ਹੇ ਹਨ ਜਿਸ ਦੌਰਾਨ ਮੋੜਵੀਂ ਕਾਰਵਾਈ ’ਤੇ ਵਿਚਾਰ ਵਟਾਂਦਰਾ ਹੋਵੇਗਾ।
ਵਿਰੋਧੀ ਧਿਰ ਨੇ ਡਗ ਫ਼ੋਰਡ ’ਤੇ ਲਾਇਆ ਬਹਾਨੇ ਘੜਨ ਦਾ ਦੋਸ਼
ਦੂਜੇ ਪਾਸੇ ਵਿਰੋਧੀ ਧਿਰ ਦੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਕਿ ਡਗ ਫ਼ੋਰਡ ਚੋਣਾਂ ਕਰਵਾਉਣ ਦੇ ਰੌਂਅ ਵਿਚ ਨਜ਼ਰ ਆ ਰਹੇ ਹਨ। ਉਹ ਲੋਕਾਂ ਨੂੰ ਮੂਰਖ ਬਣਾਉਣ ਦੇ ਯਤਨਾਂਵਿਚ ਹਨ। ਇਸੇ ਦੌਰਾਨ ਲਿਬਰਲ ਆਗੂ ਬੌਨੀ ਕਰੌਂਬੀ ਨੇ ਕਿਹਾ ਕਿ ਗਰੀਨਬੈਲਟ ਸਕੈਂਡਲ ਬਾਰੇ ਆਰ.ਸੀ.ਐਮ.ਪੀ ਦੇ ਪੜਤਾਲ ਦੇ ਨਤੀਜੇ ਸਾਹਮਣੇ ਆਉਣ ਤੋਂ ਪਹਿਲਾਂ ਪ੍ਰੀਮੀਅਰ ਡਗ ਫੋਰਡ ਇਕ ਵਾਰ ਫਿਰ ਚੋਣਾਂ ਜਿੱਤਣਾ ਚਾਹੁੰਦੇ ਹਨ। ਬੌਨੀ ਕਰੌਂਬੀ ਨੇ ਦੋਸ਼ ਲਾਇਆ ਕਿ ਡਗ ਫੋਰਡ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਨ ਅਤੇ ਡੌਨਲਡ ਟਰੰਪ ਜਾਂ ਉਨ੍ਹਾਂ ਵੱਲੋਂ ਲਾਈਆਂ ਜਾਣ ਵਾਲੀਆਂ ਟੈਕਸ ਦਰਾਂ ਨੂੰ ਖਤਰਾ ਮੰਨਣ ਦੀ ਬਜਾਏ ਚੋਣਾਂ ਵੱਲ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ।