ਉਨਟਾਰੀਓ ਦੇ ਪ੍ਰੀਮੀਅਰ ਨੇ ਘੇਰ ਲਿਆ ਲੁਟੇਰਾ
ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ ਟਾਕਰਾ ਇਕ ਲੁਟੇਰੇ ਨਾਲ ਹੋ ਗਿਆ ਅਤੇ ਉਨ੍ਹਾਂ ਨੇ ਲੁੱਟ ਦਾ ਸਾਰਾ ਮਾਲ ਉਸ ਕੋਲੋਂ ਕਢਵਾ ਲਿਆ

By : Upjit Singh
ਟੋਰਾਂਟੋ : ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦਾ ਟਾਕਰਾ ਇਕ ਲੁਟੇਰੇ ਨਾਲ ਹੋ ਗਿਆ ਅਤੇ ਉਨ੍ਹਾਂ ਨੇ ਲੁੱਟ ਦਾ ਸਾਰਾ ਮਾਲ ਉਸ ਕੋਲੋਂ ਕਢਵਾ ਲਿਆ। ਜੀ ਹਾਂ। ਐਂਪਾਇਰ ਕਲੱਬ ਦੇ ਖਚਾ-ਖਚ ਭਰੇ ਕਮਰੇ ਵਿਚ ਦਿਲਚਸਪ ਕਿੱਸਾ ਸਾਂਝਾ ਕਰਦਿਆਂ ਡਗ ਫ਼ੋਰਡ ਨੇ ਦੱਸਿਆ ਕਿ ਬੀਤੇ ਜੁਲਾਈ ਮਹੀਨੇ ਦੌਰਾਨ ਉਹ ਕੁਝ ਬੂਟੇ ਲੈਣ ਹੋਮ ਡਿਪੂ ਵੱਲ ਗਏ। ਜਿਉਂ ਹੀ ਉਹ ਸਟੋਰ ਦੇ ਬਾਹਰ ਪੁੱਜੇ ਤਾਂ ਇਕ ਸ਼ਖਸ ਨੂੰ ਬੈਗ ਲੈ ਕੇ ਦੌੜਦਿਆਂ ਦੇਖਿਆ ਜਿਸ ਦਾ ਪਿੱਛਾ ਸਟੋਰ ਮੈਨੇਜਰ ਅਤੇ ਸਕਿਉਰਿਟੀ ਵਾਲੇ ਕਰ ਰਹੇ ਸਨ। ਡਗ ਫ਼ੋਰਡ ਮੁਤਾਬਕ ਹਾਲੇ ਉਹ ਆਪਣੀ ਕਾਰ ਵਿਚੋਂ ਬਾਹਰ ਨਹੀਂ ਸਨ ਆਏ ਅਤੇ ਉਨ੍ਹਾਂ ਨੇ ਲੁਟੇਰੇ ਦਾ ਪਿੱਛਾ ਕਰਨ ਦਾ ਫੈਸਲਾ ਕੀਤਾ ਪਰ ਸਟੋਰ ਮੈਨੇਜਰ ਅਤੇ ਸਕਿਉਰਿਟੀ ਵਾਲੇ ਨੇ ਅਜਿਹਾ ਕਰਨ ਤੋਂ ਰੋਕਿਆ। ਇਸ ਦੇ ਬਾਵਜੂਦ ਡਗ ਫ਼ੋਰਡ ਲੁਟੇਰੇ ਦੇ ਪਿੱਛੇ ਗਏ ਅਤੇ ਕੁਝ ਦੂਰ ਜਾ ਕੇ ਉਸ ਨੂੰ ਘੇਰ ਲਿਆ।
ਸਟੋਰ ਵਿਚੋਂ ਸਮਾਨ ਲੁੱਟ ਕੇ ਹੋ ਰਿਹਾ ਸੀ ਫ਼ਰਾਰ
ਪ੍ਰੀਮੀਅਰ ਦੇ ਦਿਲ ਦੀਆਂ ਧੜਕਣਾਂ ਤੇਜ਼ ਹੋ ਚੁੱਕੀਆਂ ਸਨ ਅਤੇ ਲੁਟੇਰੇ ਨੂੰ ਆਪਣਾ ਬੈਗ ਖਾਲੀ ਕਰਨ ਦੇ ਹੁਕਮ ਦੇ ਦਿਤਾ। ਡਗ ਫੋਰਡ ਨੇ ਇਹ ਵੀ ਕਿਹਾ ਕਿ ਜੇ ਬੈਗ ਖਾਲੀ ਨਾ ਕੀਤਾ ਤਾਂ ਕੁੱਟ ਖਾਣ ਵਾਸਤੇ ਤਿਆਰ ਹੋ ਜਾਵੇ। ਉਨਟਾਰੀਓ ਦੇ ਪ੍ਰੀਮੀਅਰ ਮੁਤਾਬਕ ਉਹ ਬਹੁਤ ਗੁੱਸੇ ਵਿਚ ਸਨ ਅਤੇ ਇਸੇ ਦੌਰਾਨ ਲੁਟੇਰੇ ਨੇ ਆਪਣੇ ਬੈਗ ਵਿਚੋਂ ਸਾਅ ਬਲੇਡ ਕੱਢ ਕੇ ਬਾਹਰ ਰੱਖ ਦਿਤਾ ਜੋ ਉਸ ਨੇ ਸਟੋਰ ਵਿਚੋਂ ਚੋਰੀ ਕੀਤਾ ਸੀ। ਅੰਤ ਵਿਚ ਡਗ ਫ਼ੋਰਡ ਨੇ ਲੁਟੇਰੇ ਨੂੰ ਨਸੀਹਤ ਦਿਤੀ ਕਿ ਜੇ ਉਹ ਦੁਬਾਰਾ ਇਸ ਪਾਰਕਿੰਗ ਵਿਚ ਨਜ਼ਰ ਆਇਆ ਤਾਂ ਅਜਿਹਾ ਕੁਟਾਪਾ ਚੜ੍ਹੇਗਾ ਕਿ ਕਦੇ ਸੋਚਿਆ ਵੀ ਨਹੀਂ ਹੋਣਾ। ਡਗ ਫ਼ੋਰਡ ਦੀ ਇਹ ਕਹਾਣੀ ਬਹੁਤਿਆਂ ਨੂੰ ਪਸੰਦ ਆਈ ਪਰ ਲਿਬਰਲ ਪਾਰਟੀ ਦੇ ਵਿਧਾਇਕ ਜੌਹਨ ਫਰੇਜ਼ਰ ਜੋ ਕਿਸੇ ਵੇਲੇ ਸਟੋਰ ਮੈਨੇਜਰ ਸਨ, ਨੇ ਪ੍ਰੀਮੀਅਰ ਦੀਆਂ ਹਰਕਤਾਂ ਨੂੰ ਗੈਰਜ਼ਿੰਮੇਵਾਰੀਆਂ ਵਾਲੀਆਂ ਕਰਾਰ ਦਿਤਾ।
ਡਗ ਫ਼ੋਰਡ ਨੇ ਲੋਕਾਂ ਨੂੰ ਸੁਣਾਇਆ ਦਿਲਚਸਪ ਕਿੱਸਾ
ਜੌਹਨ ਫਰੇਜ਼ਰ ਨੇ ਕਿਹਾ ਕਿ ਜੇ ਕਿਸੇ ਲੁਟੇਰੇ ਕੋਲ ਬੈਗ ਮੌਜੂਦ ਹੈ ਅਤੇ ਉਹ ਪਾਰਕਿੰਗ ਵਿਚ ਆ ਚੁੱਕਾ ਹੈ ਤਾਂ ਉਸ ਦਾ ਪਿੱਛਾ ਬਿਲਕੁਲ ਨਾ ਕੀਤਾ ਜਾਵੇ ਕਿਉਂਕਿ ਕੋਈ ਨਹੀਂ ਜਾਣਦਾ ਕਿ ਉਸ ਦੇ ਬੈਗ ਵਿਚ ਕੀ ਹੈ। ਉਸ ਕੋਲ ਛੁਰਾ ਜਾਂ ਕੋਈ ਹੋਰ ਖਤਰਨਾਕ ਹਥਿਆਰ ਹੋ ਸਕਦਾ ਹੈ ਅਤੇ ਤੁਸੀਂ ਗੰਭੀਰ ਹਾਲਾਤ ਵਿਚ ਘਿਰ ਸਕਦੇ ਹੋ। ਫਰੇਜ਼ਰ ਨੇ ਡਗ ਫ਼ੋਰਡ ਨੂੰ ਸੁਚੇਤ ਰਹਿਣ ਦੀ ਨਸੀਹਤ ਦਿੰਦਿਆਂ ਕਿਹਾ ਕਿ ਪੁਲਿਸ ਅਫ਼ਸਰਾਂ ਦੇ ਸੁਝਾਅ ਨੂੰ ਮੰਨਿਆ ਜਾਵੇ ਜਿਨ੍ਹਾਂ ਤੋਂ ਅੱਖ ਬਚਾ ਕੇ ਉਹ ਉਸ ਦਿਨ ਸਟੋਰ ’ਤੇ ਪੁੱਜੇ ਸਨ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਅਫ਼ਸਰ ਤੁਹਾਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਨ ਕਿਉਂਕਿ ਤੁਸੀਂ ਅਹਿਮ ਅਹੁਦੇ ਬੈਠੇ ਹੋ।


