ਉਨਟਾਰੀਓ : ਵਿਰੋਧੀ ਧਿਰ ਦੀ ਆਗੂ ਨੂੰ ਵਿਧਾਨ ਸਭਾ ’ਚੋਂ ਕੱਢਿਆ
ਉਨਟਾਰੀਓ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਮੈਰਿਟ ਸਟਾਈਲਜ਼ ਨੂੰ ਸਦਨ ਵਿਚੋਂ ਬਾਹਰ ਕੱਢ ਦਿਤਾ ਗਿਆ ਜਦੋਂ ਉਨ੍ਹਾਂ ਨੇ ਡਗ ਫ਼ੋਰਡ ਸਰਕਾਰ ਨੂੰ ਸ਼ਰ੍ਹੇਆਮ ਭ੍ਰਿਸ਼ਟ ਆਖ ਦਿਤਾ

By : Upjit Singh
ਟੋਰਾਂਟੋ : ਉਨਟਾਰੀਓ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਆਗੂ ਮੈਰਿਟ ਸਟਾਈਲਜ਼ ਨੂੰ ਸਦਨ ਵਿਚੋਂ ਬਾਹਰ ਕੱਢ ਦਿਤਾ ਗਿਆ ਜਦੋਂ ਉਨ੍ਹਾਂ ਨੇ ਡਗ ਫ਼ੋਰਡ ਸਰਕਾਰ ਨੂੰ ਸ਼ਰ੍ਹੇਆਮ ਭ੍ਰਿਸ਼ਟ ਆਖ ਦਿਤਾ। ਮੁੱਦਾ ਸਕਿਲਜ਼ ਡਿਵੈਲਪਮੈਂਟ ਫੰਡ ਵਿਚ ਕਰੋੜਾਂ ਡਾਲਰ ਦੇ ਘਪਲੇ ਨਾਲ ਸਬੰਧਤ ਹੈ। ਆਡੀਟਰ ਜਨਰਲ ਦੀ ਰਿਪੋਰਟ ਕਹਿੰਦੀ ਹੈ ਕਿ ਡਗ ਫ਼ੋਰਡ ਸਰਕਾਰ ਨੇ ਹੇਠਲੀ ਦਰਜਾਬੰਦੀ ਵਾਲੀਆਂ ਕੰਪਨੀਆਂ ਨੂੰ ਸਰਕਾਰੀ ਪੈਸਾ ਵੰਡਿਆ ਅਤੇ ਸਾਰੀਆਂ ਵਿਰੋਧੀ ਪਾਰਟੀਆਂ ਇਸ ਮਸਲੇ ’ਤੇ ਕਿਰਤ ਮੰਤਰੀ ਡੇਵਿਡ ਪਚੀਨੀ ਦਾ ਅਸਤੀਫ਼ਾ ਮੰਗ ਰਹੀਆਂ ਹਨ। ਉਧਰ ਡੇਵਿਡ ਪਚੀਨੀ ਕੁਝ ਵੀ ਗਲਤ ਨਾ ਕੀਤਾ ਹੋਣ ਦੀ ਦਲੀਲ ਦਿੰਦਿਆਂ ਅਸਤੀਫ਼ਾ ਦੇਣ ਤੋਂ ਸਾਫ਼ ਨਾਂਹ ਕਰ ਚੁੱਕੇ ਹਨ ਅਤੇ ਪ੍ਰੀਮੀਅਰ ਡਗ ਫ਼ੋਰਡ ਦਾ ਥਾਪੜਾ ਵੀ ਉਨ੍ਹਾਂ ਨੂੰ ਹਾਸਲ ਹੈ। ਵਿਧਾਨ ਸਭਾ ਵਿਚ ਪ੍ਰਸ਼ਨ ਕਾਲ ਦੌਰਾਨ ਐਨ.ਡੀ.ਪੀ. ਆਗੂ ਨੇ ਸੂਬਾ ਸਰਕਾਰ ਨੂੰ ਭ੍ਰਿਸ਼ਟ ਆਖਿਆ ਤਾਂ ਸਪੀਕਰ ਡੌਨਾ ਕੈਲੀ ਨੇ ਉਨ੍ਹਾਂ ਨੂੰ ਸ਼ਬਦ ਵਾਪਸ ਲੈਣ ਲਈ ਆਖਿਆ ਪਰ ਮੈਰਿਟ ਸਟਾਈਲਜ਼ ਨੇ ਨਾਂਹ ਕਰ ਦਿਤੀ।
ਡਗ ਫ਼ੋਰਡ ਸਰਕਾਰ ਨੂੰ ਸ਼ਰ੍ਹੇਆਮ ਆਖ ਦਿਤਾ ‘ਭ੍ਰਿਸ਼ਟ’
ਸਦਨ ਵਿਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਮੈਰਿਟ ਸਟਾਈਲਜ਼ ਨੇ ਦੁਹਰਾਇਆ ਕਿ ਉਹ ਸਰਕਾਰ ਨੂੰ ਕਰੱਪਟ ਮੰਨਦੇ ਹਨ। ਰੋਜ਼ਾਨਾ ਕਿਰਤ ਮੰਤਰੀ ਤੋਂ ਸਫ਼ਾਈ ਮੰਗੀ ਜਾਂਦੀ ਹੈ ਅਤੇ ਪ੍ਰੀਮੀਅਰ ਨੂੰ ਵੀ ਸਵਾਲਾਂ ਦੇ ਜਵਾਬ ਦੇਣ ਵਾਸਤੇ ਆਖਿਆ ਜਾਂਦਾ ਹੈ ਪਰ ਦੋਸ਼ ਦੂਜਿਆਂ ਉਤੇ ਸੁੱਟੇ ਜਾ ਰਹੇ ਹਨ। ਕਿਰਤ ਮੰਤਰੀ ਇਕ ਦਿਨ ਕਹਿੰਦੇ ਹਨ ਕਿ ਕੰਪਨੀਆਂ ਦੀ ਚੋਣ ਕਰਨ ਵਾਸਤੇ ਉਹ ਜ਼ਿੰਮੇਵਾਰ ਹਨ ਪਰ ਦੂਜੇ ਦਿਨ ਕਹਿੰਦੇ ਹਨ ਕਿ ਨੌਕਰਸ਼ਾਹੀ ਜ਼ਿੰਮੇਵਾਰ ਹੈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਮਾਮਲੇ ਦੀ ਘੋਖ ਕਰ ਰਹੀ ਹੈ ਅਤੇ ਇਸ ਤੋਂ ਬਾਅਦ ਪੜਤਾਲ ਆਰੰਭੇ ਜਾਣ ਦਾ ਫੈਸਲਾ ਲਿਆ ਜਾ ਸਕਦਾ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਕੀਲ ਡਿਜੀਟਲ ਸੌਲਿਊਸ਼ਨਜ਼ ਸ਼ੱਕ ਦੇ ਘੇਰੇ ਵਿਚ ਹੈ। ਕੰਪਨੀ ਦਾ ਕਹਿਣਾ ਹੈ ਕਿ ਪੁਲਿਸ ਅਫ਼ਸਰਾਂ ਨੂੰ ਡਿਜੀਟਲ ਮੈਂਟਲ ਹੈਲਥ ਸਪੋਰਟ ਮੁਹੱਈਆ ਕਰਵਾਉਣ ਵਾਸਤੇ ਆਰਥਿਕ ਸਹਾਇਤਾ ਮਿਲੀ ਅਤੇ ਨੌਕਰਸ਼ਾਹੀ ਦੀ ਦਰਜਾਬੰਦੀ ਪ੍ਰਣਾਲੀ ਵਿਚ ਹੇਠਲੀ ਦਰਜਾਬੰਦੀ ਇਸ ਕਰ ਕੇ ਹੈ ਕਿਉਂਕਿ ਕੰਪਨੀ ਕਿਸੇ ਚੀਜ਼ ਦਾ ਨਿਰਮਾਣ ਨਹੀਂ ਕਰਦੀ। ਕੰਪਨੀ ਨੇ ਦਲੀਲ ਦਿਤੀ ਕਿ 25 ਫ਼ੀ ਸਦੀ ਅੰਕ ਸਿਰਫ਼ ਮੈਨੁਫੈਕਚਰਿੰਗ ਨਾਲ ਸਬੰਧਤ ਹਨ ਅਤੇ ਡਿਜੀਟਲ ਮੈਂਟਲ ਹੈਲਥ ਪਲੈਟਫ਼ਾਰਮ ਕੋਈ ਚੀਜ਼ ਤਿਆਰ ਨਹੀਂ ਕਰ ਸਕਦਾ।


