‘ਕੌਮਾਂਤਰੀ ਵਿਦਿਆਰਥੀਆਂ ਦੀ ਬੇਤਹਾਸ਼ਾ ਗਿਣਤੀ ਲਈ ਉਨਟਾਰੀਓ ਸਰਕਾਰ ਜ਼ਿੰਮੇਵਾਰ’
ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿਚ ਬੇਤਹਾਸ਼ਾ ਵਾਧੇ ਲਈ ਉਨਟਾਰੀਓ ਦੀ ਡਗ ਫ਼ੋਰਡ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਬਰੈਂਪਟਨ ਈਸਟ ਤੋਂ ਐਮ.ਪੀ. ਮਨਿੰਦਰ ਸਿੱਧੂ
By : Upjit Singh
ਬਰੈਂਪਟਨ : ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਵਿਚ ਬੇਤਹਾਸ਼ਾ ਵਾਧੇ ਲਈ ਉਨਟਾਰੀਓ ਦੀ ਡਗ ਫ਼ੋਰਡ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਬਰੈਂਪਟਨ ਈਸਟ ਤੋਂ ਐਮ.ਪੀ. ਮਨਿੰਦਰ ਸਿੱਧੂ ਨੇ ਕਿਹਾ ਹੈ ਕਿ 2017 ਵਿਚ ਸੂਬੇ ਦੀਆਂ ਵਿਦਿਅਕ ਸੰਸਥਾਵਾਂ ਵਿਚ ਇਕ ਲੱਖ 7 ਹਜ਼ਾਰ ਕੌਮਾਂਤਰੀ ਵਿਦਿਆਰਥੀ ਪੜ੍ਹ ਰਹੇ ਸਨ ਪਰ ਪੀ.ਸੀ. ਪਾਰਟੀ ਦੇ ਸੱਤਾ ਸੰਭਾਲਣ ਮਗਰੋਂ 2023 ਤੱਕ ਇਹ ਅੰਕੜਾ ਤਿੰਨ ਗੁਣਾ ਵਧ ਗਿਆ। ਮਨਿੰਦਰ ਸਿੱਧੂ ਨੇ ਦਲੀਲ ਦਿਤੀ ਕਿ ਡਗ ਫੋਰਡ ਸਰਕਾਰ ਵੱਲੋਂ ਲੋੜੀਂਦੇ ਫੰਡ ਨਾ ਦਿਤੇ ਜਾਣ ਕਰ ਕੇ ਵਿਦਿਅਕ ਸੰਸਥਾਵਾਂ ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਲਈ ਮਜਬੂਰ ਹੋਈਆਂ। ਮਨਿੰਦਰ ਸਿੱਧੂ ਨੇ ਦਾਅਵਾ ਕੀਤਾ ਕਿ ਸੂਬੇ ਦੀ ਆਮਦਨ ਦੇ ਹਿਸਾਬ ਨਾਲ ਉਨਟਾਰੀਓ ਦੇ ਪੋਸਟ ਸੈਕੰਡਰੀ ਇੰਸਟੀਚਿਊਸ਼ਨਜ਼ ਨੂੰ ਕੈਨੇਡਾ ਵਿਚ ਸਭ ਤੋਂ ਘੱਟ ਸਰਕਾਰੀ ਫੰਡ ਮਿਲ ਰਹੇ ਹਨ ਅਤੇ ਇਹ ਸਭ 2018 ਵਿਚ ਡਗ ਫੋਰਡ ਦੇ ਸੱਤਾ ਸੰਭਾਲਣ ਮਗਰੋਂ ਹੋਇਆ।
ਬਰੈਂਪਟਨ ਈਸਟ ਤੋਂ ਐਮ.ਪੀ. ਮਨਿੰਦਰ ਸਿੱਧੂ ਨੇ ਡਗ ਫੋਰਡ ’ਤੇ ਲਾਏ ਗੰਭੀਰ ਦੋਸ਼
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫੈਡਰਲ ਇੰਮੀਗ੍ਰੇਸ਼ਨ ਮੰਤਰੀ ਵੀ ਦੋਸ਼ ਲਾ ਚੁੱਕੇ ਹਨ ਕਿ ਉਨਟਾਰੀਓ ਦੀਆਂ ਵਿਦਿਅਕ ਸੰਸਥਾਵਾਂ ਨੂੰ ਆਪਣੇ ਖਰਚੇ ਚਲਾਉਣ ਲਈ ਕੌਮਾਂਤਰੀ ਵਿਦਿਆਰਥੀਆਂ ਨੂੰ ਮਜਬੂਰੀ ਵਸ ਦਾਖਲਾ ਦੇਣਾ ਪੈ ਰਿਹਾ ਹੈ। ਮਨਿੰਦਰ ਸਿੱਧੂ ਨੇ ਅੱਗੇ ਕਿਹਾ ਕਿ ਮਾੜੀ ਸੋਚ ਰੱਖਣ ਵਾਲੇ ਕੁਝ ਲੋਕਾਂ ਨੇ ਇਸ ਰੁਝਾਨ ਦਾ ਫਾਇਦਾ ਉਠਾਇਆ ਕਿ ਹਾਲਾਤ ਹੋਰ ਵਿਗੜਦੇ ਚਲੇ ਗਏ ਪਰ ਉਨਟਾਰੀਓ ਸਰਕਾਰ ਨੇ ਸਮੱਸਿਆ ਵੱਲ ਬਿਲਕੁਲ ਵੀ ਤਵੱਜੋ ਨਾ ਦਿਤੀ। ਉਨਟਾਰੀਓ ਸਰਕਾਰ ਦੀਆਂ ਆਪਣੀਆਂ ਰਿਪੋਰਟਾਂ ਵਿਚ ਫਰਜ਼ੀ ਕਾਲਜਾਂ ’ਤੇ ਚਿੰਤਾ ਜ਼ਾਹਰ ਕੀਤੀ ਗਈ ਜੋ ਖੁੰਬਾਂ ਵਾਂਗ ਉਗ ਰਹੇ ਸਨ ਅਤੇ ਕੌਮਾਂਤਰੀ ਵਿਦਿਆਰਥੀਆਂ ਨੂੰ ਠੱਗਿਆ ਜਾ ਰਿਹਾ ਸੀ। ਮਸਲਾ ਬੇਹੱਦ ਗੰਭੀਰ ਹੁੰਦਾ ਵੇਖ ਫੈਡਰਲ ਸਰਕਾਰ ਵੱਲੋਂ ਡੈਜ਼ੀਗਨੇਟਡ ਲਰਨਿੰਗ ਇੰਸਟੀਚਿਊਟਸ ਦੀ ਸੂਚੀ ਬਣਾਈ ਗਈ ਤਾਂਕਿ ਫਰਜ਼ੀ ਵਿਦਿਅਕ ਸੰਸਥਾਵਾਂ ਤੋਂ ਕੌਮਾਂਤਰੀ ਵਿਦਿਆਰਥੀਆਂ ਨੂੰ ਬਚਾਇਆ ਜਾ ਸਕੇ। ਲਿਬਰਲ ਐਮ.ਪੀ. ਨੇ ਆਖਿਆ ਕਿ ਮੌਜੂਦਾ ਵਰ੍ਹੇ ਦੇ ਸ਼ੁਰੂ ਵਿਚ ਉਨਟਾਰੀਓ ਦੇ ਵਿਦਿਅਕ ਅਦਾਰਿਆਂ ਵਿਚ ਦਾਖਲਾ ਲੈਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਅੱਧੀ ਕੀਤੀ ਗਈ ਅਤੇ ਅਗਲੇ ਸਾਲ ਇਸ ਵਿਚ ਹੋਰ ਕਟੌਤੀ ਕੀਤੀ ਜਾਵੇਗੀ।