ਉਨਟਾਰੀਓ : ਸ਼ਰਾਬ ਦੇ ਠੇਕੇ ਤੋਂ ਚੋਰੀ ਦੇ ਮਾਮਲੇ ਵਿਚ 2 ਪੰਜਾਬੀ ਗ੍ਰਿਫ਼ਤਾਰ
ਉਨਟਾਰੀਓ ਦੇ ਥੈਸਾਲੌਨ ਕਸਬੇ ਵਿਚ ਸ਼ਰਾਬ ਚੋਰੀ ਕਰਨ ਦੇ ਮਾਮਲੇ ਤਹਿਤ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਰਿਪੋਰਟ ਹੈ।
By : Upjit Singh
ਟੋਰਾਂਟੋ : ਉਨਟਾਰੀਓ ਦੇ ਥੈਸਾਲੌਨ ਕਸਬੇ ਵਿਚ ਸ਼ਰਾਬ ਚੋਰੀ ਕਰਨ ਦੇ ਮਾਮਲੇ ਤਹਿਤ ਦੋ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਰਿਪੋਰਟ ਹੈ। ਈਸਟ ਐਲਗੋਮਾ ਡਿਟੈਚਮੈਂਟ ਦੀ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਥੈਸਾਲੌਨ ਦੀ ਮੇਨ ਸਟ੍ਰੀਟ ਵਿਖੇ ਸਥਿਤ ਲਿਕਰ ਸਟੋਰ ਤੋਂ ਸ਼ਰਾਬ ਚੋਰੀ ਹੋਣ ਦੀ ਇਤਲਾਹ ਮਿਲਣ ਮਗਰੋਂ ਕੀਤੀ ਪੜਤਾਲ ਦੌਰਾਨ ਬਰੈਂਪਟਨ ਦੇ ਮਨਦੀਪ ਬਰਾੜ ਅਤੇ ਨਿਆਗਰਾ ਫਾਲਜ਼ ਦੇ ਸਟਾਲਿਨਜੀਤ ਸਿੰਘ ਵਿਰੁੱਧ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਅਦਾਲਤ ਵਿਚ ਅਗਲੀ ਪੇਸ਼ੀ 6 ਫ਼ਰਵਰੀ 2025 ਨੂੰ ਹੋਵੇਗੀ।
ਮਨਦੀਪ ਬਰਾੜ ਅਤੇ ਸਟਾਲਿਨਜੀਤ ਸਿੰਘ ਵਜੋਂ ਕੀਤੀ ਗਈ ਸ਼ਨਾਖਤ
ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਮੁਤਾਬਕ ਸ਼ੱਕੀ ਲਿਕਰ ਸਟੋਰ ਦੇ ਬਿਲ ਕਾਊਂਟਰ ’ਤੇ ਅਦਾਇਗੀ ਤੋਂ ਬਗੈਰ ਫਰਾਰ ਹੋ ਗਏ। ਮੌਕੇ ’ਤੇ ਪੁੱਜੇ ਅਫ਼ਸਰਾਂ ਨੇ ਇਨ੍ਹਾਂ ਦੀ ਭਾਲ ਸ਼ੁਰੂ ਕੀਤੀ ਤਾਂ ਚਿੱਟੇ ਰੰਗ ਦੀ ਗੱਡੀ ਹਾਈਵੇਟ 17 ’ਤੇ ਪੱਛਮ ਵੱਲ ਜਾਂਦੀ ਹੋਈ ਨਜ਼ਰ ਆਈ। ਪੁਲਿਸ ਅਫਸਰਾਂ ਨੇ ਜਦੋਂ ਪਿੱਛਾ ਕਰਨ ਦਾ ਯਤਨ ਕੀਤਾ ਤਾਂ ਡਰਾਈਵਰ ਨੇ ਰਫ਼ਤਾਰ ਹੱਦ ਤੋਂ ਜ਼ਿਆਦਾ ਕਰ ਦਿਤੀ ਅਤੇ ਗੱਡੀਆਂ ਨੂੰ ਓਵਰਟੇਕ ਕਰਨ ਲੱਗਾ। ਇਸੇ ਦੌਰਾਨ ਸਫੈਦ ਗੱਡੀ ਹਾਈਵੇਅ 17 ਤੋਂ ਵਾਲਟੋਨਨ ਰੋਡ ’ਤੇ ਚਲੀ ਗਈ ਜਿਥੇ ਇਕ ਪਾਸੇ ਰਾਹ ਪੂਰੀ ਤਰ੍ਹਾਂ ਬੰਦ ਸੀ। ਪੁਲਿਸ ਨੇ ਦੋਹਾਂ ਸ਼ੱਕੀਆਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਅਤੇ ਸ਼ਰਾਬ ਦੀਆਂ ਚਾਰ ਬੋਤਲਾਂ ਵੀ ਬਰਾਮਦ ਕੀਤੀਆਂ ਜੋ ਸ਼ੱਕੀਆਂ ਵੱਲੋਂ ਲੁਕਾਉਣ ਦੇ ਯਤਨ ਕੀਤੇ ਜਾ ਰਹੇ ਸਨ। ਬਰੈਂਪਟਨ ਦੇ ਮਨਦੀਪ ਬਰਾੜ ਅਤੇ ਨਿਆਗਰਾ ਫ਼ਾਲਜ਼ ਦੇ ਸਟਾਲਿਨਜੀਤਸਿੰਘ ਵਿਰੁੱਧ 5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਸ਼ੌਪਲਿਫਟਿੰਗ ਅਤੇ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ।