Begin typing your search above and press return to search.

ਕੈਨੇਡਾ ਤੋਂ ਭਗੌੜੇ 2 ਪੰਜਾਬੀ ਟ੍ਰਾਂਸਪੋਰਟਰਾਂ ’ਚੋਂ ਇਕ ਕਾਬੂ

ਕੈਨੇਡਾ ਛੱਡ ਕੇ ਫ਼ਰਾਰ ਹੋਏ 2 ਪੰਜਾਬੀ ਟ੍ਰਾਂਸਪੋਰਟਰਾਂ ਵਿਚੋਂ ਇਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ 300 ਕਿਲੋ ਕੋਕੀਨ ਤਸਕਰੀ ਦਾ ਮਾਮਲਾ ਕਈ ਗੁੱਝੀਆਂ ਪਰਤਾਂ ਫਰੋਲ ਸਕਦਾ ਹੈ

ਕੈਨੇਡਾ ਤੋਂ ਭਗੌੜੇ 2 ਪੰਜਾਬੀ ਟ੍ਰਾਂਸਪੋਰਟਰਾਂ ’ਚੋਂ ਇਕ ਕਾਬੂ
X

Upjit SinghBy : Upjit Singh

  |  28 Nov 2025 7:02 PM IST

  • whatsapp
  • Telegram

ਬਰੈਂਪਟਨ : ਕੈਨੇਡਾ ਛੱਡ ਕੇ ਫ਼ਰਾਰ ਹੋਏ 2 ਪੰਜਾਬੀ ਟ੍ਰਾਂਸਪੋਰਟਰਾਂ ਵਿਚੋਂ ਇਕ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ 300 ਕਿਲੋ ਕੋਕੀਨ ਤਸਕਰੀ ਦਾ ਮਾਮਲਾ ਕਈ ਗੁੱਝੀਆਂ ਪਰਤਾਂ ਫਰੋਲ ਸਕਦਾ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਬਰੈਂਪਟਨ ਨਾਲ ਸਬੰਧਤ 32 ਸਾਲ ਦੇ ਲਵਦੀਪ ਸਿੰਘ ਅਤੇ 29 ਸਾਲ ਦੇ ਖੁਸ਼ਦੀਪ ਸਿੰਘ ਵਿਰੁੱਧ ਸਾਜ਼ਿਸ਼ ਘੜਨ ਅਤੇ ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਜਦੋਂ ਬਲੂ ਵਾਟਰ ਬ੍ਰਿਜ ਰਾਹੀਂ ਅਮਰੀਕਾ ਤੋਂ ਕੈਨੇਡਾ ਦਾਖਲ ਹੋ ਰਹੇ ਇਕ ਟਰੱਕ ਵਿਚੋਂ 300 ਕਿਲੋ ਕੋਕੀਨ ਜ਼ਬਤ ਕੀਤੀ ਗਈ। ਅਦਾਲਤੀ ਕਾਰਵਾਈ ਕਹਿੰਦੀ ਹੈ ਕਿ ਟਰੱਕ ਰਵਿੰਦਰਬੀਰ ਸਿੰਘ ਚਲਾ ਰਿਹਾ ਸੀ ਅਤੇ ਉਸ ਨੇ ਕਥਿਤ ਤੌਰ ’ਤੇ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਦੇ ਕਹਿਣ ’ਤੇ ਇਹ ਸਭ ਕੀਤਾ। ਦੱਸ ਦੇਈਏ ਕਿ 23 ਸਾਲ ਦੇ ਰਵਿੰਦਰਬੀਰ ਸਿੰਘ ਨੂੰ ਇਸ ਸਾਲ ਮਾਰਚ ਵਿਚ ਕੈਨੇਡੀਅਨ ਕਸਟਮਜ਼ ਅਫ਼ਸਰਾਂ ਨੇ ਕਾਬੂ ਕੀਤਾ। ਮਾਮਲੇ ਦੀ ਪੜਤਾਲ ਅੱਗੇ ਵਧੀ ਤਾਂ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਵਿਰੁੱਧ 1 ਜਨਵਰੀ 2024 ਤੋਂ 16 ਜੁਲਾਈ 2025 ਦਰਮਿਆਨ ਕੋਕੀਨ ਅਤੇ ਮੈਥਮਫੈਟਾਮਿਨ ਕੈਨੇਡਾ ਮੰਗਵਾਉਣ ਦੀ ਸਾਜ਼ਿਸ਼ ਦੇ ਦੋਸ਼ ਆਇਦ ਕੀਤੇ ਗਏ।

ਖੁਸ਼ਦੀਪ ਸਿੰਘ ਵਿਰੁੱਧ ਕੈਨੇਡਾ ਪੱਧਰੀ ਵਾਰੰਟ ਜਾਰੀ

ਇਸੇ ਸਾਲ 16 ਜੁਲਾਈ ਨੂੰ ਮੁੜ ਦੋਹਾਂ ਵਿਰੁੱਧ ਅਪਰਾਧ ਰਾਹੀਂ ਹਾਸਲ 1 ਲੱਖ 15 ਹਜ਼ਾਰ 250 ਡਾਲਰ ਦੀ ਨਕਦ ਰਕਮ ਰੱਖਣ ਦੇ ਦੋਸ਼ ਆਇਦ ਕੀਤੇ ਗਏ। ਆਰ.ਸੀ.ਐਮ.ਪੀ. ਦੇ ਇਕ ਬੁਲਾਰੇ ਤੋਂ ਮਿਲੀ ਜਾਣਕਾਰੀ ਮੁਤਾਬਕ ਰਵਿੰਦਰਬੀਰ ਸਿੰਘ, ਬਤੌਰ ਟਰੱਕ ਡਰਾਈਵਰ ਡਿਵਾਈਨ ਫਰੇਟਲਾਈਨਜ਼ ਵਾਸਤੇ ਕੰਮ ਕਰ ਰਿਹਾ ਸੀ ਅਤੇ ਕੰਪਨੀ ਦੇ ਮਾਲਕ ਲਵਦੀਪ ਸਿੰਘ ਅਤੇ ਖੁਸ਼ਦੀਪ ਸਿੰਘ ਦੇ ਨਾਂ ’ਤੇ ਦਰਜ ਮਿਲੀ। ਰਵਿੰਦਰਬੀਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਆਰ.ਸੀ.ਐਮ.ਪੀ. ਨੇ ਤਲਾਸ਼ੀ ਵਾਰੰਟਾਂ ਦੇ ਆਧਾਰ ’ਤੇ ਬਰੈਂਪਟਨ ਦੇ ਇਕ ਟਿਕਾਣੇ ’ਤੇ ਛਾਪਾ ਮਾਰਿਆ ਅਤੇ ਲੰਮੀ ਚੌੜੀ ਵਿੱਤੀ ਜਾਣਕਾਰੀ ਹਾਸਲ ਕਰਨ ਵਿਚ ਸਫ਼ਲ ਰਹੀ ਜਿਸ ਦੇ ਆਧਾਰ ’ਤੇ ਦੋਹਾਂ ਵਿਰੁੱਧ ਮੁਕੱਦਮੇ ਦੀ ਨੀਂਹ ਰੱਖੀ ਜਾ ਸਕੀ। ਪੁਲਿਸ ਦੀ ਤਲਾਸ਼ੀ ਮਗਰੋਂ ਲਵਦੀਪ ਅਤੇ ਖੁਸ਼ਦੀਪ ਕੈਨੇਡਾ ਛੱਡ ਕੇ ਇੰਡੀਆ ਚਲੇ ਗਏ ਪਰ ਲਵਦੀਪ ਨੇ ਵਾਪਸੀ ਕੀਤੀ ਤਾਂ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਮਾਨਤ ਅਰਜ਼ੀ ’ਤੇ ਸੁਣਵਾਈ ਹੋਣ ਤੱਕ ਉਸ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ। ਆਰ.ਸੀ.ਐਮ.ਪੀ. ਦੇ ਇਕ ਬੁਲਾਰੇ ਨੇ ਦੱਸਿਆ ਕਿ ਖੁਸ਼ਦੀਪ ਸਿੰਘ ਹੁਣ ਤੱਕ ਫ਼ਰਾਰ ਹੈ ਅਤੇ ਉਸ ਵਿਰੁੱਧ ਕੈਨੇਡਾ ਪੱਧਰੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ।

ਰਵਿੰਦਰਬੀਰ ਸਿੰਘ ਦੇ ਮੁਕੱਦਮੇ ਦੀ ਸੁਣਵਾਈ ਦਸੰਬਰ ਵਿਚ

ਦੂਜੇ ਪਾਸੇ ਰਵਿੰਦਰਬੀਰ ਸਿੰਘ ਦੀ ਅਦਾਲਤ ਵਿਚ ਅਗਲੀ ਪੇਸ਼ੀ ਦਸੰਬਰ ਦੇ ਪਹਿਲੇ ਹਫ਼ਤੇ ਹੋਣੀ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਸਾਰੇ ਸਵਾਲ ਆਰ.ਸੀ.ਐਮ.ਪੀ. ਵੱਲ ਭੇਜ ਦਿਤੇ। ਬੀਤੇ ਦੋ ਸਾਲ ਦੌਰਾਨ ਤੀਜੀ ਵਾਰ ਟਰੱਕ ਡਰਾਈਵਰਾਂ ਵਿਰੁੱਧ ਨਸ਼ਾ ਤਸਕਰੀ ਦੇ ਦੋਸ਼ ਲੱਗਣ ਮਗਰੋਂ ਟ੍ਰਾਂਸਪੋਰਟ ਕੰਪਨੀਆਂ ਉਤੇ ਵੀ ਸ਼ਿਕੰਜਾ ਕਸਿਆ ਗਿਆ ਹੈ। ਜੂਨ 2024 ਵਿਚ ਬਰੈਂਪਟਨ ਦੀ ਹੀ ਇਕ ਟ੍ਰਾਂਸਪੋਰਟ ਫ਼ਰਮ ਦੇ ਮਾਲਕ ਨੂੰ ਕੋਕੀਨ ਤਸਕਰੀ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਇਹ ਕਾਰਵਾਈ 460 ਕਿਲੋ ਕੋਕੀਨ ਬਰਾਮਦਗੀ ਮਗਰੋਂ ਕੀਤੀ ਗਈ ਜਿਸ ਦੀ ਅੰਦਾਜ਼ਨ ਕੀਮਤ 5 ਮਿਲੀਅਨ ਡਾਲਰ ਬਣਦੀ ਸੀ। 34 ਸਾਲਾ ਟਰੱਕ ਡਰਾਈਵਰ ਵੀ ਬਰੈਂਪਟਨ ਵਿਖੇ ਰਹਿੰਦਾ ਸੀ ਜਿਸ ਨੂੰ ਬਾਅਦ ਵਿਚ ਜ਼ਮਾਨ ਮਿਲ ਗਈ। ਇਸੇ ਤਰ੍ਹਾਂ ਅਪ੍ਰੈਲ 2023 ਵਿਚ ਮਿਸੀਸਾਗਾ ਦਾ ਇਕ ਟਰੱਕ ਡਰਾਈਵਰ 45 ਕਿਲੋ ਕੋਕੀਨ ਸਣੇ ਕੌਮਾਂਤਰੀ ਬਾਰਡਰ ਤੋਂ ਕਾਬੂ ਕੀਤਾ ਗਿਆ ਜਿਸ ਮਗਰੋਂ ਬਰੈਂਪਟਨ ਦੇ 43 ਸਾਲਾ ਸ਼ਖਸ ’ਤੇ ਨਸ਼ਾ ਤਸਕਰੀ ਦੀ ਸਾਜ਼ਿਸ਼ ਘੜਨ ਦੇ ਦੋਸ਼ ਲੱਗੇ।

Next Story
ਤਾਜ਼ਾ ਖਬਰਾਂ
Share it