Begin typing your search above and press return to search.

Canada ਤੋਂ deport ਕੀਤੇ ਜਾ ਰਹੇ 3 ਪੰਜਾਬੀਆਂ ’ਚੋਂ ਇਕ ਫ਼ਰਾਰ

ਤਿੰਨ ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਕਰ ਰਹੇ ਕੈਨੇਡਾ ਬਾਰਡਰ ਸਰਵਿਸਿਜ਼ ਵਾਲਿਆਂ ਨੂੰ ਵੱਡਾ ਝਟਕਾ ਲੱਗਾ ਜਦੋਂ 24 ਸਾਲਾ ਜਗਦੀਪ ਸਿੰਘ ਡਾਕਟਰੀ ਮੁਆਇਨੇ ਦੌਰਾਨ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ

Canada ਤੋਂ deport ਕੀਤੇ ਜਾ ਰਹੇ 3 ਪੰਜਾਬੀਆਂ ’ਚੋਂ ਇਕ ਫ਼ਰਾਰ
X

Upjit SinghBy : Upjit Singh

  |  28 Feb 2026 6:22 PM IST

  • whatsapp
  • Telegram

ਐਡਮਿੰਟ/ਸਰੀ : ਤਿੰਨ ਪੰਜਾਬੀ ਨੌਜਵਾਨਾਂ ਨੂੰ ਡਿਪੋਰਟ ਕਰਨ ਦੀ ਤਿਆਰੀ ਕਰ ਰਹੇ ਕੈਨੇਡਾ ਬਾਰਡਰ ਸਰਵਿਸਿਜ਼ ਵਾਲਿਆਂ ਨੂੰ ਵੱਡਾ ਝਟਕਾ ਲੱਗਾ ਜਦੋਂ 24 ਸਾਲਾ ਜਗਦੀਪ ਸਿੰਘ ਡਾਕਟਰੀ ਮੁਆਇਨੇ ਦੌਰਾਨ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ। ਦੂਜੇ ਪਾਸੇ ਬੀ.ਸੀ. ਦੇ ਸਰੀ ਅਤੇ ਐਲਬਰਟਾ ਦੀ ਪਾਰਕਲੈਂਡ ਕਾਊਂਟੀ ਵਿਚ ਭਾਰਤੀ ਕਾਰੋਬਾਰੀਆਂ ਦੇ ਘਰਾਂ ਜਾਂ ਕਾਰੋਬਾਰੀ ਟਿਕਾਣਿਆਂ ਉਤੇ ਗੋਲੀਬਾਰੀ ਦੇ ਮਾਮਲੇ ਵਿਚ 22 ਸਾਲ ਦੇ ਅਵਤਾਰ ਸਿੰਘ ਅਤੇ 28 ਸਾਲ ਦੇ ਸੰਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੀ.ਸੀ. ਐਕਸਟੌਰਸ਼ਨ ਟਾਸਕ ਫ਼ੋਰਸ ਨੇ ਦੱਸਿਆ ਕਿ ਗੋਲੀਬਾਰੀ ਦੀਆਂ ਵਾਰਦਾਤਾਂ 31 ਅਕਤੂਬਰ 2025 ਤੋਂ 6 ਨਵੰਬਰ 2025 ਦਰਮਿਆਨ ਸਾਹਮਣੇ ਆਈਆਂ। ਇਸੇ ਦੌਰਾਨ ਪਾਰਕਲੈਂਡ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਬੀ.ਸੀ. ਅਤੇ ਉਨਟਾਰੀਓ ਦੀਆਂ ਲਾਅ ਐਨਫ਼ੋਰਸਮੈਂਟ ਏਜੰਸੀਆਂ ਨਾਲ ਤਾਲਮੇਲ ਤਹਿਤ ਮਾਮਲਿਆਂ ਦੀ ਪੜਤਾਲ ਕੀਤੀ ਗਈ ਅਤੇ ਤਿੰਨੋ ਸ਼ੱਕੀ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਹਨ।

ਜਗਦੀਪ ਸਿੰਘ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ

ਦੱਸ ਦੇਈਏ ਕਿ ਇਹ ਕਾਰਵਾਈ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਲਵਬੀਰ ਸਿੰਘ ਅਤੇ ਅਰਸ਼ਦੀਪ ਸਿੰਘ ਨੂੰ ਪਿਛਲੇ ਦਿਨੀਂ ਡਿਪੋਰਟ ਕਰ ਦਿਤਾ ਗਿਆ। ਇਕੱਲੇ ਸਰੀ ਸ਼ਹਿਰ ਵਿਚ ਮੌਜੂਦਾ ਵਰ੍ਹੇ ਦੌਰਾਨ ਐਕਸਟੌਰਸ਼ਨ ਦੇ 56 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਜਗਦੀਪ ਸਿੰਘ ਦੀ ਤਸਵੀਰ ਜਾਰੀ ਕਰਦਿਆਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕੀਤਾ ਜਾਵੇ। ਉਧਰ, ਬੀ.ਸੀ. ਦੇ ਲੋਅਰ ਮੇਨਲੈਂਡ ਵਿਖੇ ਔਰਤਾਂ ਨੂੰ ਅਗਵਾ ਕਰਨ ਅਤੇ ਆਨਲਾਈਨ ਜੌਬ ਸਕੈਮ ਦੀ ਪੜਤਾਲ ਕਰ ਰਹੀ ਆਰ.ਸੀ.ਐਮ.ਪੀ. ਵੱਲੋਂ 28 ਸਾਲ ਦੇ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਰਿਜ ਮੈਡੋਜ਼ ਵਿਖੇ ਇਕ ਗੱਡੀ ਵਿਚੋਂ ਔਰਤ ਨੂੰ ਰੈਸਕਿਊ ਕੀਤੇ ਜਾਣ ਮਗਰੋਂ ਮਾਮਲੇ ਦੀ ਪੜਤਾਲ ਆਰੰਭੀ ਗਈ। 18 ਜਨਵਰੀ ਨੂੰ ਵੱਡੇ ਤੜਕੇ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਇਕ ਔਰਤ ਨੂੰ ਉਸ ਦੀ ਮਰਜ਼ੀ ਵਿਰੁੱਧ ਗੱਡੀ ਵਿਚ ਬੰਦ ਕਰ ਕੇ ਰੱਖਿਆ ਗਿਆ ਹੈ ਅਤੇ ਹਥਿਆਰਬੰਦ ਅਗਵਾਕਾਰ ਉਸ ਨੂੰ ਧਮਕੀਆਂ ਦੇ ਰਿਹਾ ਹੈ। ਆਰ.ਸੀ.ਐਮ.ਪੀ. ਦੇ ਅਫ਼ਸਰਾਂ ਨੇ ਗੱਡੀ ਦੀ ਨਿਸ਼ਾਨਦੇਹੀ ਕਰਦਿਆਂ ਸ਼ੱਕੀ ਨੂੰ ਹਿਰਾਸਤ ਵਿਚ ਲੈ ਲਿਆ ਅਤੇ ਔਰਤ ਨੂੰ ਕਿਸੇ ਮੈਡੀਕਲ ਸਹਾਇਤਾ ਦੀ ਜ਼ਰੂਰਤ ਨਾ ਪਈ।

ਅਵਤਾਰ ਸਿੰਘ ਅਤੇ ਸੰਦੀਪ ਸਿੰਘ ਪੁਲਿਸ ਦੀ ਹਿਰਾਸਤ ਵਿਚ

ਦੂਜੇ ਪਾਸੇ ਸਰੀ ਪੁਲਿਸ ਅਤੇ ਵੈਸਟ ਵੈਨਕੂਵਰ ਪੁਲਿਸ ਤੋਂ ਮਿਲੀ ਵੱਖਰੀ ਜਾਣਕਾਰੀ ਦੇ ਆਧਾਰ ’ਤੇ ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਨੇ ਅੰਮ੍ਰਿਤਪਾਲ ਸਿੰਘ ਵਿਰੁੱਧ 14 ਦੋਸ਼ਾਂ ਨੂੰ ਪ੍ਰਵਾਨਗੀ ਦੇ ਦਿਤੀ ਜਿਨ੍ਹਾਂ ਵਿਚੋਂ ਤਿੰਨ ਦੋਸ਼ ਕਿਡਨੈਪਿੰਗ ਨਾਲ ਸਬੰਧਤ ਹਨ ਜਦਕਿ ਹਥਿਆਰ ਦੀ ਨੋਕ ’ਤੇ ਸੈਕਸ਼ੁਅਲ ਅਸਾਲਟ, ਧਮਕੀਆਂ ਦੇਣ, ਖ਼ਤਰਨਾਕ ਮਕਸਦ ਲਈ ਹਥਿਆਰ ਰੱਖਣ ਅਤੇ ਕੰਪਿਊਟਰ ਤੇ ਟੈਲੀਫ਼ੋਨ ਦੀ ਦੁਰਵਰਤੋਂ ਨਾਲ ਸਬੰਧਤ ਦੋਸ਼ ਵੀ ਸ਼ਾਮਲ ਹਨ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਸ਼ੱਕੀ ਵੱਲੋਂ ਪੀੜਤਾਂ ਨਾਲ ਆਨਲਾਈਨ ਸੰਪਰਕ ਕਰਦਿਆਂ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦਾ ਲਾਲਚ ਦਿਤਾ ਜਾਂਦਾ। ਤਾਜ਼ਾ ਘਟਨਾਕ੍ਰਮ ਦੇ ਮੱਦੇਨਜ਼ਰ ਪੁਲਿਸ ਨੇ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਅਣਜਾਣ ਲੋਕਾਂ ਨਾਲ ਆਨਲਾਈਨ ਸੰਪਰਕ ਸਥਾਪਤ ਨਾ ਕੀਤਾ ਜਾਵੇ ਅਤੇ ਨੌਕਰੀ ਦਿਵਾਉਣ ਦਾ ਵਾਅਦਾ ਕੋਰਾ ਝੂਠ ਹੋ ਸਕਦਾ ਹੈ।

Next Story
ਤਾਜ਼ਾ ਖਬਰਾਂ
Share it