US-Canada ਦੇ 6 ਪੰਜਾਬੀ truck ਡਰਾਈਵਰਾਂ ’ਚੋਂ ਇਕ ਨੂੰ ਕੈਦ
ਅਮਰੀਕਾ ਅਤੇ ਕੈਨੇਡਾ ਵਿਚ 6 ਪੰਜਾਬੀ ਟਰੱਕ ਡਰਾਈਵਰਾਂ ਵਿਰੁੱਧ ਜਾਨਲੇਵਾ ਹਾਦਸਿਆਂ ਬਾਰੇ ਚੱਲ ਰਹੇ ਮੁਕੱਦਮਿਆਂ ਵਿਚੋਂ ਇਕ ਦਾ ਫ਼ੈਸਲਾ ਆ ਗਿਆ ਹੈ ਅਤੇ 30 ਸਾਲ ਦੇ ਲਵਪ੍ਰੀਤ ਸਿੰਘ ਨੂੰ 9 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ

By : Upjit Singh
ਵਿੰਡਸਰ : ਅਮਰੀਕਾ ਅਤੇ ਕੈਨੇਡਾ ਵਿਚ 6 ਪੰਜਾਬੀ ਟਰੱਕ ਡਰਾਈਵਰਾਂ ਵਿਰੁੱਧ ਜਾਨਲੇਵਾ ਹਾਦਸਿਆਂ ਬਾਰੇ ਚੱਲ ਰਹੇ ਮੁਕੱਦਮਿਆਂ ਵਿਚੋਂ ਇਕ ਦਾ ਫ਼ੈਸਲਾ ਆ ਗਿਆ ਹੈ ਅਤੇ 30 ਸਾਲ ਦੇ ਲਵਪ੍ਰੀਤ ਸਿੰਘ ਨੂੰ 9 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਵਿੰਡਸਰ ਦੀ ਅਦਾਲਤ ਵੱਲੋਂ ਸੁਣਾਈ ਸਜ਼ਾ ਮੁਕੰਮਲ ਹੋਣ ਮਗਰੋਂ ਲਵਪ੍ਰੀਤ ਸਿੰਘ ਚਾਰ ਸਾਲ ਤੱਕ ਟਰੱਕ ਨਹੀਂ ਚਲਾ ਸਕੇਗਾ। ਸੀ.ਟੀ.ਵੀ. ਨਿਊਜ਼ ਦੀ ਰਿਪੋਰਟ ਮੁਤਾਬਕ 23 ਸਤੰਬਰ 2022 ਨੂੰ ਵਾਪਰੇ ਹਾਦਸੇ ਦੌਰਾਨ ਲਵਪ੍ਰੀਤ ਸਿੰਘ 104 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਟਰੱਕ ਚਲਾ ਰਿਹਾ ਸੀ ਅਤੇ ਹਾਈਵੇਅ 401 ’ਤੇ ਇਕ ਕਾਰ ਨੂੰ ਟੱਕਰ ਮਾਰ ਦਿਤੀ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦਾ ਦਾਅਵਾ ਹੈ ਕਿ ਹਾਦਸੇ ਤੋਂ 30 ਸੈਕਿੰਡ ਪਹਿਲਾਂ ਉਸ ਨੂੰ ਟੈਕਸਟ ਮੈਸੇਜ ਆਇਆ ਅਤੇ ਉਹ ਫੋਨ ਦੇਖਣ ਲੱਗਾ।
ਲਵਪ੍ਰੀਤ ਦੇ ਟਰੱਕ ਦੀ ਟੱਕਰ ਨਾਲ 2 ਜਣੇ ਸੜੇ ਸਨ ਜਿਊਂਦੇ
ਡਰਾਈਵਿੰਗ ਦੌਰਾਨ ਲਾਪ੍ਰਵਾਹੀ ਕਰ ਕੇ ਅੱਗੇ ਜਾ ਰਹੀ ਕਾਰ ਦੇ ਪਿਛਲੇ ਹਿੱਸੇ ਵਿਚ ਵੱਜੀ ਜ਼ੋਰਦਾਰ ਟੱਕਰ ਮਗਰੋਂ ਅੱਗ ਲੱਗ ਗਈ ਅਤੇ ਇਸ ਵਿਚ ਸਵਾਰ ਦੋ ਜਣੇ ਜਿਊਂਦੇ ਸੜ ਗਏ। ਜੱਜ ਨੇ ਮੰਨਿਆ ਕਿ ਲਵਪ੍ਰੀਤ ਸਿੰਘ ਨੂੰ ਆਪਣੇ ਹਰਕਤ ’ਤੇ ਡੂੰਘਾ ਅਫ਼ਸੋਸ ਹੈ ਅਤੇ ਉਸ ਨੇ ਕਾਰ ਵਿਚ ਸੜ ਰਹੇ ਦੋ ਜਣਿਆਂ ਨੂੰ ਬਚਾਉਣ ਦੇ ਭਰਪੂਰ ਯਤਨ ਕੀਤੇ ਪਰ ਕਮਰਸ਼ੀਅਲ ਡਰਾਈਵਰ ਨੂੰ ਸਜ਼ਾ ਤੋਂ ਬਗੈਰ ਛੱਡਣਾ ਵਾਜਬ ਨਹੀਂ ਹੋਵੇਗਾ। ਜੱਜ ਨੇ ਆਪਣੇ ਫ਼ੈਸਲੇ ਵਿਚ ਉਮੀਦ ਜ਼ਾਹਰ ਕੀਤੀ ਕਿ ਇਸ ਰਾਹੀਂ ਲਾਪ੍ਰਵਾਹ ਡਰਾਈਵਰਾਂ ਨੂੰ ਸਬਕ ਮਿਲੇਗਾ। ਦੂਜੇ ਪਾਸੇ ਅਮਰੀਕਾ ਦੇ ਵਾਸ਼ਿੰਗਟਨ ਸੂਬੇ ਵਿਚ ਕਮਲਪ੍ਰੀਤ ਸਿੰਘ ਦੇ ਟਰੱਕ ਦੀ ਟੱਕਰ ਨਾਲ ਜਾਨ ਗਵਾਉਣ ਵਾਲੇ ਸ਼ਖਸ ਦੇ ਪਰਵਾਰ ਨੇ ਦੋਸ਼ ਲਾਇਆ ਹੈ ਕਿ ਦੋ ਸੂਬਾ ਸਰਕਾਰਾਂ ਵਿਰੁੱਧ ਉਨ੍ਹਾਂ ਦਾ ਮੁਕੱਦਮਾ ਲੜਨ ਵਾਸਤੇ ਕੋਈ ਵਕੀਲ ਜਾਂ ਲਾਅ ਫ਼ਰਮ ਤਿਆਰ ਨਹੀਂ। ਕੈਲੇਫੋਰਨੀਆ ਵਿਚ ਰਹਿੰਦੇ ਕਮਲਪ੍ਰੀਤ ਸਿੰਘ ਦੇ ਟਰੱਕ ਦੀ ਟੱਕਰ ਨਾਲ ਰੌਬਰਟ ਪੀਅਰਸਨ ਦੀ ਮੌਤ ਹੋਈ ਅਤੇ ਉਸ ਦੀ ਭੈਣ ਜੈੱਨ ਜੈਨਸਨ ਕੈਲੇਫੋਰਨੀਆ ਅਤੇ ਵਾਸ਼ਿੰਗਟਨ ਰਾਜਾਂ ਵਿਰੁੱਧ ਮੁਕੱਦਮਾ ਦਾਇਰ ਕਰਨਾ ਚਾਹੁੰਦੀ ਹੈ ਜਿਥੇ ਕਮਲਪ੍ਰੀਤ ਸਿੰਘ ਨੂੰ ਕਮਰਸ਼ੀਅਲ ਡਰਾਈਵਰਜ਼ ਲਾਇਸੰਸ ਜਾਰੀ ਕੀਤਾ ਗਿਆ।
ਕਮਲਪ੍ਰੀਤ ਅਤੇ ਜਸ਼ਨਪ੍ਰੀਤ ਦੇ ਮੁਕੱਦਮਿਆਂ ਦੀ ਸੁਣਵਾਈ ਜਾਰੀ
ਕਮਲਪ੍ਰੀਤ ਸਿੰਘ ਨੂੰ ਅਦਾਲਤ ਨੇ ਇਕ ਲੱਖ ਡਾਲਰ ਦੀ ਜ਼ਮਾਨਤ ਰਿਹਾਅ ਕਰ ਦਿਤਾ ਸੀ ਪਰ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਜਿਸ ਉਤੇ ਪਹਿਲਾਂ ਹੀ ਡਿਟੇਨਰ ਲਾਗੂ ਸੀ। ਇਸੇ ਦੌਰਾਨ ਕੈਲੇਫੋਰਨੀਆ ਵਿਚ ਜਸ਼ਨਪ੍ਰੀਤ ਸਿੰਘ ਵਿਰੁੱਧ ਚੱਲ ਰਹੇ ਮੁਕੱਦਮੇ ਦੌਰਾਨ ਉਸ ਨੂੰ ਦਸਤਾਰ ਸਜਾਉਣ ਦੀ ਇਜਾਜ਼ਤ ਤਾਂ ਮਿਲ ਗਈ ਪਰ ਪੰਜਾਬੀ ਟ੍ਰਾਂਸਲੇਟਰ ਨਾ ਪੁੱਜਣ ਕਰ ਕੇ ਸੁਣਵਾਈ ਤਿੰਨ ਘੰਟੇ ਲਟਕ ਗਈ। ਜਸ਼ਨਪ੍ਰੀਤ ਸਿੰਘ ਵਿਰੁੱਧ ਨਸ਼ੇ ਦੀ ਹਾਲਤ ਵਿਚ ਟਰੱਕ ਚਲਾਉਣ ਦੇ ਦੋਸ਼ ਲੱਗੇ ਸਨ ਜੋ ਬਾਅਦ ਵਿਚ ਝੂਠੇ ਸਾਬਤ ਹੋਏ ਅਤੇ ਹੁਣ ਵਹੀਕੁਲਰ ਮੈਨਸਲੌਟਰ ਦੇ ਤਿੰਨ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।


