ਬੀ.ਸੀ. ਦੇ ਐਬਸਫ਼ੋਰਡ ਵਿਖੇ ਛੁਰੇਬਾਜ਼ੀ ਦੌਰਾਨ ਇਕ ਹਲਾਕ
ਬੀ.ਸੀ. ਦੇ ਐਬਸਫ਼ੋਰਡ ਵਿਖੇ ਛੁਰੇਬਾਜ਼ੀ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਅਤੇ ਪੁਲਿਸ ਨੇ ਤੁਰਤ ਕਾਰਵਾਈ ਕਰਦਿਆਂ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ

By : Upjit Singh
ਐਬਸਫ਼ੋਰਡ : ਬੀ.ਸੀ. ਦੇ ਐਬਸਫ਼ੋਰਡ ਵਿਖੇ ਛੁਰੇਬਾਜ਼ੀ ਦੌਰਾਨ ਇਕ ਜਣੇ ਦੀ ਮੌਤ ਹੋ ਗਈ ਅਤੇ ਪੁਲਿਸ ਨੇ ਤੁਰਤ ਕਾਰਵਾਈ ਕਰਦਿਆਂ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ। ਜਾਂਚਕਰਤਾਵਾਂ ਨੇ ਦੱਸਿਆ ਕਿ ਵਾਰਦਾਤ ਐਤਵਾਰ ਸਵੇਰੇ ਤਕਰੀਬਨ 11 ਵਜੇ ਮੈਕ੍ਰੀਮਨ ਡਰਾਈਵ ਦੇ 33900 ਬਲਾਕ ਵਿਚ ਵਾਪਰੀ। ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੂੰ ਇਕ ਸ਼ਖਸ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ ਜਿਸ ਨੂੰ ਐਮਰਜੰਸੀ ਕਾਮਿਆਂ ਵੱਲੋਂ ਹਸਪਤਾਲ ਲਿਜਾਣ ਦਾ ਯਤਨ ਕੀਤਾ ਗਿਆ ਪਰ ਉਸ ਨੇ ਮੌਕੇ ’ਤੇ ਹੀ ਦਮ ਤੋੜ ਦਿਤਾ।
ਐਬਸਫੋਰਡ ਪੁਲਿਸ ਨੇ ਸ਼ੱਕੀ ਕੀਤਾ ਗ੍ਰਿਫ਼ਤਾਰ
ਐਬਸਫ਼ੋਰਡ ਪੁਲਿਸ ਦੇ ਮੇਜਰ ਕ੍ਰਾਈਮ ਯੂਨਿਟ ਵੱਲੋਂ ਮਾਮਲੇ ਦੀ ਪੜਤਾਲ ਇੰਟੈਗਰੇਟਿਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਸੌਂਪੀ ਜਾ ਰਹੀ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਆਈਹਿਟ ਇਨਫ਼ੋਲਾਈਨ 1877 551 4448 ’ਤੇ ਕਾਲ ਕੀਤੀ ਜਾਵੇ। ਦੂਜੇ ਪਾਸੇ ਐਤਵਾਰ ਸਵੇਰੇ ਸਰੀ ਦੇ ਪਰੌਂਠਾ ਟੂ ਪਾਸਤਾ ਰੈਸਟੋਰੈਂਟ ’ਤੇ ਗੋਲੀਆਂ ਚੱਲਣ ਦੀ ਰਿਪੋਰਟ ਹੈ। ਸਰੀ ਪੁਲਿਸ ਨੇ ਦੱਸਿਆ ਕਿ ਵਾਰਦਾਤ 120 ਸਟ੍ਰੀਟ ਦੇ 8 ਹਜ਼ਾਰ ਬਲਾਕ ਵਿਚ ਵਾਪਰੀ ਅਤੇ ਰੈਸਟੋਰੈਂਟ ਦਾ ਬਾਹਰੀ ਹਿੱਸਾ ਨੁਕਸਾਨਿਆ ਗਿਆ ਪਰ ਖੁਸ਼ਕਿਸਮਤੀ ਨਾਲ ਕੋਈ ਜ਼ਖਮੀ ਨਹੀਂ ਹੋਇਆ। ਸਰੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 604 599 0502 ’ਤੇ ਸੰਪਰਕ ਕੀਤਾ ਜਾਵੇ।


