ਦਾਗੀ ਪ੍ਰਵਾਸੀਆਂ ਦੇ ਓ.ਸੀ.ਆਈ. ਕਾਰਡ ਹੋਣਗੇ ਰੱਦ
ਕੈਨੇਡਾ-ਅਮਰੀਕਾ ਸਣੇ ਦੁਨੀਆਂ ਭਰ ਵਿਚ ਵਸਦੇ ਓ.ਸੀ.ਆਈ. ਕਾਰਡ ਧਾਰਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ

By : Upjit Singh
ਨਵੀਂ ਦਿੱਲੀ : ਕੈਨੇਡਾ-ਅਮਰੀਕਾ ਸਣੇ ਦੁਨੀਆਂ ਭਰ ਵਿਚ ਵਸਦੇ ਓ.ਸੀ.ਆਈ. ਕਾਰਡ ਧਾਰਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਜੀ ਹਾਂ, ਭਾਰਤ ਸਰਕਾਰ ਦੇ ਤਾਜ਼ਾ ਐਲਾਨ ਮੁਤਾਬਕ ਉਨ੍ਹਾਂ ਪ੍ਰਵਾਸੀ ਭਾਰਤੀਆਂ ਦੇ ਓ.ਸੀ.ਆਈ. ਕਾਰਡ ਰੱਦ ਕੀਤੇ ਜਾ ਸਕਦੇ ਹਨ ਜਿਨ੍ਹਾਂ ਨੂੰ ਕਿਸੇ ਗੰਭੀਰ ਮਾਮਲੇ ਵਿਚ ਦੋਸ਼ੀ ਕਰਾਰ ਦਿਤਾ ਜਾਂਦਾ ਹੈ ਜਾਂ ਬੇਹੱਦ ਸੰਗੀਨ ਮਾਮਲੇ ਦੇ ਦੋਸ਼ ਲੱਗਦੇ ਹਨ। ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫ਼ਿਕੇਸ਼ਨ ਮੁਤਾਬਕ ਓ.ਸੀ.ਆਈ. ਰਜਿਸਟ੍ਰੇਸ਼ਨ ਰੱਦ ਕੀਤੀ ਜਾ ਸਕਦੀ ਹੈ ਜੇ ਕਾਰਡ ਧਾਰਕ ਨੂੰ 2 ਸਾਲ ਜਾਂ ਇਸ ਤੋਂ ਵੱਧ ਸਮੇਂ ਵਾਸਤੇ ਜੇਲ ਭੇਜ ਦਿਤਾ ਜਾਵੇ।
ਗੰਭੀਰ ਦੋਸ਼ ਲੱਗਣ ’ਤੇ ਭਾਰਤ ਸਰਕਾਰ ਕਰੇਗੀ ਕਾਰਵਾਈ
ਸਿਰਫ਼ ਐਨਾ ਹੀ ਨਹੀਂ, ਉਨ੍ਹਾਂ ਹਾਲਾਤ ਵਿਚ ਵੀ ਓ.ਸੀ.ਆਈ. ਕਾਰਡ ਰੱਦ ਕੀਤਾ ਜਾ ਸਕਦਾ ਹੈ ਜਦੋਂ ਸਬੰਧਤ ਪ੍ਰਵਾਸੀ ਵਿਰੁੱਧ ਲੱਗੇ ਦੋਸ਼ਾਂ ਤਹਿਤ 7 ਸਾਲ ਜਾਂ ਇਸ ਤੋਂ ਵੱਧ ਸਮੇਂ ਲਈ ਜੇਲ ਭੇਜਿਆ ਜਾ ਸਕਦਾ ਹੋਵੇ। ਨੋਟੀਫ਼ਿਕੇਸ਼ਨ ਕਹਿੰਦਾ ਹੈ ਕਿ ਸਿਟੀਜ਼ਨਸ਼ਿਪ ਐਕਟ 1955 ਦੀ ਧਾਰਾ 7 ਡੀ ਅਧੀਨ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਸਜ਼ਾ ਯਾਫ਼ਤਾ ਪ੍ਰਵਾਸੀਆਂ ਦੇ ਓ.ਸੀ.ਆਈ. ਕਾਰਡ ਸਿੱਧੇ ਤੌਰ ’ਤੇ ਰੱਦ ਕਰ ਦਿਤੇ ਜਾਣਗੇ।
ਕੈਨੇਡਾ-ਅਮਰੀਕਾ ਵਿਚ ਵਸਦੇ ਪ੍ਰਵਾਸੀਆਂ ਲਈ ਵੱਡੀ ਖ਼ਬਰ
ਦੱਸ ਦੇਈਏ ਕਿ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ ਕਾਰਡ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕਾਂ ਨੂੰ ਬਗੈਰ ਵੀਜ਼ਾ ਤੋਂ ਭਾਰਤ ਆਉਣ ਦੀ ਇਜਾਜ਼ਤ ਦਿੰਦਾ ਹੈ ਪਰ ਦੋਸ਼ੀਆਂ ਜਾਂ ਗੰਭੀਰ ਅਪਰਾਧਾਂ ਦਾ ਸਾਹਮਣਾ ਕਰ ਰਹੇ ਪ੍ਰਵਾਸੀਆਂ ਤੋਂ ਇਹ ਹੱਕ ਖੋਹਿਆ ਜਾ ਰਿਹਾ ਹੈ। ਓ.ਸੀ.ਆਈ. ਸਕੀਮ ਅਗਸਤ 2005 ਵਿਚ ਆਰੰਭੀ ਗਈ ਅਤੇ 26 ਜਨਵਰੀ 1950 ਜਾਂ ਇਸ ਤੋ ਬਾਅਦ ਭਾਰਤ ਦੇ ਨਾਗਰਿਕ ਰਹਿ ਚੁੱਕੇ ਲੋਕ ਓ.ਸੀ.ਆਈ. ਕਾਰਡ ਹਾਸਲ ਕਰ ਸਕਦੇ ਹਨ। ਇਹ ਯੋਜਨਾ ਪਾਕਿਸਤਾਨ ਜਾਂ ਬੰਗਲਾਦੇਸ਼ ਦੇ ਨਾਗਰਿਕ ਬਣ ਚੁੱਕੇ ਭਾਰਤੀ ਮੂਲ ਦੇ ਲੋਕਾਂ ਉਤੇ ਲਾਗੂ ਨਹੀਂ ਹੁੰਦੀ।


