ਕੈਨੇਡਾ ਅਤੇ ਅਮਰੀਕਾ ’ਚ ਨੋਰੋਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧੀ
ਕੈਨੇਡਾ ਅਤੇ ਅਮਰੀਕਾ ਵਿਚ ਨੋਰੋਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ।
By : Upjit Singh
ਵਾਸ਼ਿੰਗਟਨ/ਟੋਰਾਂਟੋ : ਕੈਨੇਡਾ ਅਤੇ ਅਮਰੀਕਾ ਵਿਚ ਨੋਰੋਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਅਮਰੀਕਾ ਦੇ ਸੈਂਟਰ ਫ਼ੌਰ ਡਿਜ਼ੀਜ਼ ਕੰਟਰੋਲ ਵੱਲੋਂ ਜਨਵਰੀ ਦੇ ਪਹਿਲੇ ਹਫ਼ਤੇ ਕੀਤੇ ਟੈਸਟਾਂ ਵਿਚੋਂ 28 ਫੀ ਸਦੀ ਪੌਜ਼ੇਟਿਵ ਆਏ ਜਦਕਿ ਕੈਨੇਡਾ ਵਿਚ ਵੀ ਪਿਛਲੇ ਪੰਜ ਸਾਲ ਦਾ ਸਿਖਰਲਾ ਪੱਧਰ ਦੇਖਣ ਨੂੰ ਮਿਲ ਰਿਹਾ ਹੈ। ਹੈਮਿਲਟਨ ਦੇ ਸੇਂਟ ਜੋਸਫ਼ ਹੈਲਥਕੇਅਰ ਵਿਖੇ ਇਨਫ਼ੈਕਸ਼ੀਅਸ ਡਿਜ਼ੀਜ਼ ਸਪੈਸ਼ਲਿਸਟ ਡਾ. ਜ਼ੇਨ ਚਾਗਲਾ ਦਾ ਕਹਿਣਾ ਸੀ ਕਿ ਸਿਆਲ ਵਿਚ ਉਲਟੀਆਂ ਦੀ ਬਿਮਾਰੀ ਹੋ ਵਧ ਸਕਦੀ ਹੈ ਅਤੇ ਇਹ ਰੁਝਾਨ ਗੁਆਂਢੀ ਮੁਲਕ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ।
ਅਮਰੀਕਾ ਵਿਚ 28 ਫੀ ਸਦੀ ਟੈਸਟ ਪੌਜ਼ੇਟਿਵ ਆਏ
ਇਥੇ ਦਸਣਾ ਬਣਦਾ ਹੈ ਕਿ ਨੋਰੋ ਵਾਇਰਸ ਨੂੰ ਪੇਟ ਦੇ ਫਲੂ ਵਜੋਂ ਵੀ ਜਾਣਿਆ ਜਾਂਦਾ ਹੈ ਜਿਸ ਦੀ ਲਾਗ ਲੱਗਣ ’ਤੇ ਉਲਟੀਆਂ ਜਾਂ ਡਾਇਰੀਆ ਵਰਗੀ ਸ਼ਿਕਾਇਤ ਹੋ ਸਕਦੀ ਹੈ ਅਤੇ ਢਿੱਡ ਵਿਚ ਤਿੱਖਾ ਦਰਦ ਵੀ ਹੁੰਦਾ ਹੈ। ਇਹ ਬਿਮਾਰੀ ਪੀੜਤ ਲੋਕਾਂ ਦੇ ਸੰਪਰਕ ਵਿਚ ਆਉਣ ਨਾਲ ਹੋ ਸਕਦੀ ਹੈ ਅਤੇ 24 ਘੰਟੇ ਤੋਂ 72 ਘੰਟੇ ਤੱਕ ਵਾਇਰਸ ਦਾ ਅਸਰ ਕਾਇਮ ਰਹਿ ਸਕਦਾ ਹੈ। ਅਮਰੀਕਾ ਦਾ ਜ਼ਿਕਰ ਕੀਤਾ ਜਾਵੇ ਤਾਂ ਮਿਜ਼ੂਰੀ, ਇਲੀਨੌਇ, ਮਿਨੇਸੋਟਾ, ਮਿਸ਼ੀਗਨ ਅਤੇ ਓਹਾਇਓ ਵਰਗੇ ਰਾਜਾਂ ਵਿਚ ਸਭ ਤੋਂ ਜ਼ਿਆਦਾ ਮਰੀਜ਼ ਦੇਖਣ ਨੂੰ ਮਿਲ ਰਹੇ ਹਨ।
ਕੈਨੇਡਾ ਵਿਚ ਪੰਜ ਸਾਲ ਦੇ ਸਿਖਰਲੇ ਪੱਧਰ ’ਤੇ ਪੁੱਜਾ ਅੰਕੜਾ
ਆਮ ਤੌਰ ’ਤੇ ਅਮਰੀਕਾ ਵਿਚ ਹਰ ਸਾਲ 21 ਮਿਲੀਅਨ ਲੋਕ ਵਾਇਰਸ ਦੀ ਲਪੇਟ ਵਿਚ ਆਉਂਦੇ ਹਨ ਅਤੇ 2 ਮਿਲੀਅਨ ਲੋਕਾਂ ਨੂੰ ਡਾਕਟਰ ਜਾਂ ਐਮਰਜੰਸੀ ਰੂਮ ਵਿਚ ਜਾਣਾ ਪੈਂਦਾ ਹੈ। ਅਮਰੀਕਾ ਵਿਚ ਅਗਸਤ ਮਗਰੋਂ ਨੋਰੋ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਦਰਜ ਕੀਤਾ ਗਿਆ ਹੈ।