ਕੈਨੇਡਾ ਦੇ ਰੇਲਵੇ ਮੁਲਾਜ਼ਮਾਂ ਵੱਲੋਂ ਮੁੜ ਹੜਤਾਲ ਦਾ ਨੋਟਿਸ
ਕੈਨੇਡੀਅਨ ਨੈਸ਼ਨਲ ਰੇਲਵੇ ਦਾ ਮਸਲਾ ਹੋਰ ਉਲਝ ਗਿਆ ਜਦੋਂ ਫੈਡਰਲ ਸਰਕਾਰ ਦੇ ਦਖਲ ਮਗਰੋਂ ਕੰਮ ’ਤੇ ਪਰਤੇ ਮੁਲਾਜ਼ਮਾਂ ਨੇ ਮੁੜ ਹੜਤਾਲ ਦਾ ਨੋਟਿਸ ਦੇ ਦਿਤਾ।
By : Upjit Singh
ਕੈਲਗਰੀ : ਕੈਨੇਡੀਅਨ ਨੈਸ਼ਨਲ ਰੇਲਵੇ ਦਾ ਮਸਲਾ ਹੋਰ ਉਲਝ ਗਿਆ ਜਦੋਂ ਫੈਡਰਲ ਸਰਕਾਰ ਦੇ ਦਖਲ ਮਗਰੋਂ ਕੰਮ ’ਤੇ ਪਰਤੇ ਮੁਲਾਜ਼ਮਾਂ ਨੇ ਮੁੜ ਹੜਤਾਲ ਦਾ ਨੋਟਿਸ ਦੇ ਦਿਤਾ। ਨੋਟਿਸ ਮੁਤਾਬਕ ਮੰਗਾਂ ਪੂਰੀਆਂ ਨਾ ਹੋਣ ’ਤੇ ਮੁਲਾਜ਼ਮ ਮੁੜ ਹੜਤਾਲ ’ਤੇ ਚਲੇ ਜਾਣਗੇ। ਦੂਜੇ ਪਾਸੇ ਕੈਨੇਡੀਅਨ ਪੈਸੇਫਿਕ ਕੈਨਸਸ ਸਿਟੀ ਵਿਚ ਕੰਮਕਾਜ ਦੁਬਾਰਾ ਸ਼ੁਰੁ ਹੋ ਹੀ ਨਹੀਂ ਸਕਿਆ ਅਤੇ ਇਕ ਵਾਰ ਫਿਰ ਫੈਡਰਲ ਸਰਕਾਰ ਵੱਲੋਂ ਦਖਲ ਦੇ ਆਸਾਰ ਬਣਦੇ ਜਾ ਰਹੇ ਹਨ। ਕੈਲਗਰੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟੀਮਸਟਰਜ਼ ਕੈਨੇਡਾ ਦੇ ਪ੍ਰਧਾਨ ਫਰਾਂਸਵਾ ਲਾਪੋਰਟ ਨੇ ਕਿਹਾ ਕਿ ਕੰਪਨੀਆਂ ਦੀਆਂ ਮੰਗਾਂ ਨੇ ਸਮਝੌਤ ਤੋੜ ਦਿਤਾ ਜਿਸ ਦੇ ਮੱਦੇਨਜ਼ਜਰ ਕੰਮ ਵਾਲੇ ਹਾਲਾਤ ਬਦਤਰ ਹੋ ਜਾਣਗੇ।
ਮੰਗਾਂ ਪੂਰੀਆਂ ਨਾ ਹੋਣ ’ਤੇ ਸੋਮਵਾਰ ਤੋਂ ਸ਼ੁਰੂ ਹੋਵੇਗੀ ਹੜਤਾਲ
ਮੁਲਾਜ਼ਮ ਯੂਨੀਅਨ ਨਿਰਪੱਖ ਗੱਲਬਾਤ ਚਾਹੁੰਦੀ ਹੈ ਅਤੇ ਇਮਾਨਦਾਰੀ ਨਾਲ ਮੰਗਾਂ ਨੂੰ ਲਾਗੂ ਕੀਤਾ ਜਾਵੇ। ਨਵੇਂ ਸਿਰੇ ਤੋਂ ਫੈਡਰਲ ਸਰਕਾਰ ਦੇ ਦਖਲ ਬਾਰੇ ਯੂਨੀਵਰਸਿਟੀ ਆਫ ਔਟਵਾ ਦੇ ਕਾਨੂੰਨ ਵਿਭਾਗ ਦੇ ਪ੍ਰੋਫੈਸਰ ਜਾਇਲਜ਼ ਲਿਵੈਸਰ ਨੇ ਕਿਹਾ ਕਿ ਹੁਣ ਗੇਂਦ ਕੈਨੇਡੀਅਨ ਇੰਸਡਸਟ੍ਰੀਅਲ ਰਿਲੇਸ਼ਨਜ਼ ਬੋਰਡ ਦੇ ਪਾਲੇ ਵਿਚ ਜਾ ਚੁੱਕੀ ਹੈ। ਇਥੇ ਦਸਣਾ ਬਣਦਾ ਹੈ ਕਿ ਮਾਲ ਗੱਡੀਆਂ ਰਾਹੀਂ ਕੈਨੇਡਾ ਵਿਚੋਂ ਰੋਜ਼ਾਨਾ ਇਕ ਅਰਬ ਡਾਲਰ ਦਾ ਸਮਾਨ ਇਧਰੋਂ ਉਧਰ ਲਿਜਾਇਆ ਜਾਂਦਾ ਹੈ। ਹੜਤਾਲ ਖਤਮ ਹੋਣ ਮਗਰੋਂ ਸਹੀ ਤਰੀਕੇ ਨਾਲ ਕੰਮਕਾਜ ਸ਼ੁਰੂ ਨਹੀਂ ਹੋਇਆ ਅਤੇ ਬੰਦਰਗਾਹਾਂ ’ਤੇ ਕੰਟੇਨਰਾਂ ਦੇ ਢੇਰ ਵਧਦੇ ਨਜ਼ਰ ਆ ਰਹੇ ਹਨ।
ਫੈਡਰਲ ਸਰਕਾਰ ਦੇ ਦਖਲ ਮਗਰੋਂ ਕੰਮ ’ਤੇ ਪਰਤੇ ਸਨ ਮੁਲਾਜ਼ਮ
ਹੜਤਾਲ ਕਰ ਕੇ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਣ ਵਾਲੇ ਖੇਤਰਾਂ ਵਿਚ ਖੇਤੀਬਾੜੀ, ਮਾਇਨਿੰਗ, ਐਨਰਜੀ, ਰਿਟੇਲ, ਆਟੋਮੇਕਿੰਗ ਅਤੇ ਕੰਸਟ੍ਰਕਸ਼ਨ ਦੱਸੇ ਜਾ ਰਹੇ ਸਨ। ਹੜਤਾਲ ਦਾ ਅਸਰ ਸਿਰਫ ਕੈਨੇਡਾ ਵਾਲੇ ਪਾਸੇ ਹੀ ਨਹੀਂ ਸੀ ਪੈਣਾ ਸਗੋਂ ਅਮਰੀਕਾ ਦੇ ਕਈ ਰਾਜਾਂ ਵਿਚ ਵੱਡੀ ਗਿਣਤੀ ਵਿਚ ਲੋਕ ਪ੍ਰਭਾਵਤ ਹੋਣੇ ਸਨ।