Begin typing your search above and press return to search.

ਕੈਨੇਡਾ ਦੀ ਪੀ.ਆਰ. ਭੁੱਲ ਜਾਣ ਪੰਜਾਬੀ ਵਿਦਿਆਰਥੀ

ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਚਿਤਾਵਨੀ ਦਿਤੀ ਹੈ ਕਿ ਉਹ ਪੱਕੇ ਤੌਰ ’ਤੇ ਕੈਨੇਡਾ ਵਿਚ ਨਹੀਂ ਰਹਿ ਸਕਦੇ। ਮਾਰਕ ਮਿਲਰ ਨੇ ਸਪੱਸ਼ਟ ਲਫਜ਼ਾਂ ਵਿਚ ਕਿਹਾ ਹੈ ਕਿ ਆਪਣੇ ਘਰ ਚਲੇ ਜਾਉ

ਕੈਨੇਡਾ ਦੀ ਪੀ.ਆਰ. ਭੁੱਲ ਜਾਣ ਪੰਜਾਬੀ ਵਿਦਿਆਰਥੀ
X

Upjit SinghBy : Upjit Singh

  |  18 July 2024 5:14 PM IST

  • whatsapp
  • Telegram

ਔਟਵਾ : ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੌਮਾਂਤਰੀ ਵਿਦਿਆਰਥੀਆਂ ਨੂੰ ਚਿਤਾਵਨੀ ਦਿਤੀ ਹੈ ਕਿ ਉਹ ਪੱਕੇ ਤੌਰ ’ਤੇ ਕੈਨੇਡਾ ਵਿਚ ਨਹੀਂ ਰਹਿ ਸਕਦੇ। ਮਾਰਕ ਮਿਲਰ ਨੇ ਸਪੱਸ਼ਟ ਲਫਜ਼ਾਂ ਵਿਚ ਕਿਹਾ ਹੈ ਕਿ ਆਪਣੇ ਘਰ ਚਲੇ ਜਾਉ ਅਤੇ ਕੈਨੇਡਾ ਵਿਚ ਕੀਤੀ ਪੜ੍ਹਾਈ ਨੂੰ ਆਪਣੇ ਮੁਲਕ ਜਾ ਕੇ ਵਰਤੋ। ਇੰਮੀਗ੍ਰੇਸ਼ਨ ਮੰਤਰੀ ਨੇ ਦਾਅਵਾ ਕੀਤਾ ਕਿ ਕਿਸੇ ਨੂੰ ਵੀ ਕੈਨੇਡਾ ਵਿਚ ਪੱਕਾ ਕਰਨ ਦਾ ਵਾਅਦਾ ਨਹੀਂ ਕੀਤਾ ਗਿਆ। ‘ਬਲੂਮਬਰਗ’ ਦੀ ਰਿਪੋਰਟ ਮੁਤਾਬਕ ਕੈਨੇਡਾ ਸਰਕਾਰ ਕੌਮਾਂਤਰੀ ਵਿਦਿਆਰਥੀਆਂ ਨੂੰ ਜਾਰੀ ਵੀਜ਼ਿਆਂ ਦੀ ਸਮੀਖਿਆ ਕਰ ਰਹੀ ਹੈ ਅਤੇ ਇਸ ਦਾ ਮੁੱਖ ਮਕਸਦ ਮੁਲਕ ਦੀ ਵਧ ਰਹੀ ਆਬਾਦੀ ਨੂੰ ਕੰਟਰੋਲ ਕਰਨ ਸਣੇ ਰੁਜ਼ਗਾਰ ਖੇਤਰ ਵਿਚ ਤਵਾਜ਼ਨ ਬਣਾ ਕੇ ਰੱਖਣਾ ਹੈ।

ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦਿਤੀ ਧਮਕੀ

ਮਾਰਕ ਮਿਲਰ ਨੇ ਅੱਗੇ ਕਿਹਾ ਕਿ ਕੈਨੇਡੀਅਨ ਯੂਨੀਵਰਸਿਟੀਜ਼ ਅਤੇ ਹੋਰ ਵਿਦਿਅਕ ਅਦਾਰਿਆਂ ਵਿਚ ਪੜ੍ਹ ਰਹੇ ਕੌਮਾਂਤਰੀ ਵਿਦਿਆਰਥੀ ਆਪਣੇ ਦਿਮਾਗ ਵਿਚੋਂ ਇਹ ਗੱਲ ਕੱਢ ਦੇਣ ਕਿ ਉਨ੍ਹਾਂ ਨੂੰ ਕੈਨੇਡਾ ਦੀ ਪੀ.ਆਰ. ਮਿਲ ਜਾਵੇਗੀ। ਇੰਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਸੀ ਕਿ ਕੌਮਾਂਤਰੀ ਵਿਦਿਆਰਥੀ ਕੈਨੇਡੀਅਨ ਪੀ.ਆਰ. ਦਾ ਸੁਪਨਾ ਲੈ ਕੇ ਕਿਸੇ ਵੀ ਕੋਰਸ ਵਿਚ ਦਾਖਲਾ ਲੈ ਲੈਂਦੇ ਹਨ ਪਰ ਹੁਣ ਸਾਰੀਆਂ ਚੋਰ ਮੋਰੀਆਂ ਬੰਦ ਕਰ ਦਿਤੀਆਂ ਜਾਣਗੀਆਂ। ਇੰਮੀਗ੍ਰੇਸ਼ਨ ਨੀਤੀਆਂ ਵਿਚ ਤਬਦੀਲੀ ਲਾਜ਼ਮੀ ਹੈ ਪਰ ਇਸ ਵਾਸਤੇ ਸਰਕਾਰ ਅਤੇ ਕਾਰੋਬਾਰੀਆਂ ਦਰਮਿਆਨ ਵਿਚਾਰ ਵਟਾਂਦਰਾ ਵੀ ਹੋਣਾ ਚਾਹੀਦਾ ਹੈ। ਮਾਰਕ ਮਿਲਰ ਨੇ ਦੱਸਿਆ ਕਿ ਕੈਨੇਡਾ ਵਿਚ ਆਰਜ਼ੀ ਤੌਰ ’ਤੇ ਮੌਜੂਦ ਲੋਕਾਂ ਦੀ ਗਿਣਤੀ ਕੁਲ ਆਬਾਦੀ ਦਾ 5 ਫੀ ਸਦੀ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਜੋ ਇਸ ਵੇਲੇ ਤਕਰੀਬਨ 7 ਫੀ ਸਦੀ ਹੋ ਚੁੱਕੀ ਹੈ। ‘ਬਲੂਮਬਰਗ’ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੈਨੇਡਾ ਹੁਣ ਕੌਮਾਂਤਰੀ ਵਿਦਿਆਰਥੀਆਂ ਨੂੰ ਪਹਿਲਾਂ ਵਾਂਗ ਵੱਡੇ ਪੱਧਰ ’ਤੇ ਸਟੱਡੀ ਵੀਜ਼ੇ ਜਾਰੀ ਨਹੀਂ ਕਰੇਗਾ। ਮਾਰਕ ਮਿਲਰ ਨੇ ਉਨ੍ਹਾਂ ਕੌਮਾਂਤਰੀ ਵਿਦਿਆਰਥੀਆਂ ਦਾ ਪੱਖ ਪੂਰਿਆ ਜੋ ਆਪਣੇ ਕੋਰਸ ਮੁਤਾਬਕ ਹੀ ਕਿਤਾ ਚੁਣਦੇ ਹਨ ਅਤੇ ਇਕ ਹੁਨਰਮੰਦ ਕਾਮੇ ਵਜੋਂ ਮੁਲਕ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿਚ ਯੋਗਦਾਨ ਪਰ ਰਹੇ ਹਨ।

ਵਿਦਿਆਰਥੀਆਂ ਨੂੰ ਚੁੱਪ ਕਰ ਕੇ ਆਪਣੇ ਘਰ ਜਾਣ ਦੀ ਹਦਾਇਤ ਦਿਤੀ

ਇੰਮੀਗ੍ਰੇਸ਼ਨ ਮੰਤਰੀ ਦਾ ਤਾਜ਼ਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕੈਨੇਡਾ ਵਿਚ 70 ਹਜ਼ਾਰ ਕੌਮਾਂਤਰੀ ਵਿਦਿਆਰਥੀਆਂ ਦੇ ਵਰਕ ਪਰਮਿਟ ਖਤਮ ਹੋ ਚੁੱਕੇ ਹਨ ਅਤੇ ਉਹ ਅਸਾਇਲਮ ਵਰਗੇ ਰਾਹ ਅਖਤਿਆਰ ਕਰਨ ਲਈ ਮਜਬੂਰ ਹਨ। ਪ੍ਰਿੰਸ ਐਡਵਰਡ ਆਇਲੈਂਡ ਵਿਚ ਪੰਜਾਬੀ ਵਿਦਿਆਰਥੀਆਂ ਵੱਲੋਂ ਰੋਸ ਵਿਖਾਵੇ ਕੀਤੇ ਗਏ ਜਦਕਿ ਬਰੈਂਪਟਨ ਵਿਖੇ ਵੀ ਕਈ ਮੁਜ਼ਾਹਰੇ ਹੋ ਚੁੱਕੇ ਹਨ। ਦੂਜੇ ਪਾਸੇ ਐਕਸਪ੍ਰੈਸ ਐਂਟਰੀ ਡਰਾਅ ਵਿਚ ਸ਼ਾਮਲ ਹੋਣ ਲਈ ਸੀ.ਆਰ.ਐਸ. ਬਹੁਤ ਉਚਾ ਚੱਲ ਰਿਹਾ ਹੈ ਅਤੇ ਫਰੈਂਚ ਭਾਸ਼ਾ ਦੇ ਜਾਣਕਾਰਾਂ ਨੂੰ ਹੀ ਮਾਮੂਲੀ ਰਾਹਤ ਮਿਲ ਰਹੀ ਹੈ। ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਭਾਵੇਂ 2023 ਵਿਚ 4 ਲੱਖ 37 ਹਜ਼ਾਰ ਸਟੱਡੀ ਵੀਜ਼ੇ ਜਾਰੀ ਕੀਤੇ ਗਏ ਪਰ ਕੈਨੇਡਾ ਵਿਚ ਕੌਮਾਂਤਰੀ ਵਿਦਿਆਰਥੀਆਂ ਦਾ ਅੰਕੜਾ 10 ਲੱਖ ਤੋਂ ਟੱਪ ਗਿਆ। ਇਸ ਅੰਕੜੇ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕੈਨੇਡਾ ਦਾਖਲ ਹੋਣ ਮਗਰੋਂ ਵੱਡੀ ਗਿਣਤੀ ਵਿਚ ਵਿਦਿਆਰਥੀ ਨਵੇਂ ਕੋਰਸਾਂ ਵਿਚ ਦਾਖਲਾ ਲੈਣ ਅਤੇ ਸਟੱਡੀ ਵੀਜ਼ਾ ਦੀ ਮਿਆਦ ਵਧਾਉਣ ਦੇ ਯਤਨ ਜਾਰੀ ਰਖਦੇ ਹਨ ਤਾਂਕਿ ਵਰਕ ਪਰਮਿਟ ਮਿਲਣ ਮਗਰੋਂ ਪੀ.ਆਰ. ਹਾਸਲ ਕਰਨ ਵਿਚ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਇਥੇ ਦਸਣਾ ਬਣਦਾ ਹੈ ਕਿ ਸਿਰਫ ਕੈਨੇਡਾ ਸਰਕਾਰ ਹੀ ਵਿਦਿਆਰਥੀਆਂ ਦਾ ਰਾਹ ਔਖਾ ਨਹੀਂ ਕਰ ਰਹੀ ਸੂਬਾ ਸਰਕਾਰਾਂ ਵੀ ਕੌਮਾਤਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦਾ ਮੌਕਾ ਨਹੀਂ ਖੁੰਝ ਰਹੀਆਂ। ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਇਕ ਦਿਨ ਪਹਿਲਾਂ ਹੀ ਸਰਕਾਰੀ ਵਿਦਿਅਕ ਅਦਾਰਿਆਂ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ 30 ਫੀ ਸਦੀ ਤੱਕ ਸੀਮਤ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ।

Next Story
ਤਾਜ਼ਾ ਖਬਰਾਂ
Share it