ਉਨਟਾਰੀਓ ਦੇ ਐਲਨਾਜ਼ ਹਜਤਾਮੀਰੀ ਅਗਵਾ ਮਾਮਲੇ ਦੀ ਨਵੀਂ ਵੀਡੀਓ ਜਾਰੀ
ਉਨਟਾਰੀਓ ਦੇ ਚਰਚਿਤ ਐਲਨਾਜ਼ ਹਜਤਾਮੀਰੀ ਅਗਵਾ ਮਾਮਲੇ ਵਿਚ ਪੁਲਿਸ ਕਈ ਗ੍ਰਿਫ਼ਤਾਰੀਆਂ ਕਰ ਚੁੱਕੀ ਹੈ ਪਰ ਐਲਨਾਜ਼ ਇਸ ਦੁਨੀਆਂ ਵਿਚ ਹੈ ਜਾਂ ਨਹੀਂ, ਇਹ ਗੱਲ ਗੁੱਝਾ ਭੇਤ ਬਣੀ ਹੋਈ ਹੈ।
By : Upjit Singh
ਟੋਰਾਂਟੋ : ਉਨਟਾਰੀਓ ਦੇ ਚਰਚਿਤ ਐਲਨਾਜ਼ ਹਜਤਾਮੀਰੀ ਅਗਵਾ ਮਾਮਲੇ ਵਿਚ ਪੁਲਿਸ ਕਈ ਗ੍ਰਿਫ਼ਤਾਰੀਆਂ ਕਰ ਚੁੱਕੀ ਹੈ ਪਰ ਐਲਨਾਜ਼ ਇਸ ਦੁਨੀਆਂ ਵਿਚ ਹੈ ਜਾਂ ਨਹੀਂ, ਇਹ ਗੱਲ ਗੁੱਝਾ ਭੇਤ ਬਣੀ ਹੋਈ ਹੈ। ਦੂਜੇ ਪਾਸੇ ਪੁਲਿਸ ਵਰਦੀ ਵਿਚ ਆਏ ਸ਼ੱਕੀਆਂ ਬਾਰੇ ਵੀ ਕੁਝ ਪਤਾ ਨਹੀਂ ਲੱਗ ਰਿਹਾ ਅਤੇ ਹੁਣ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਚਿੱਟੀ ਕਾਰ ਦੀ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿਚ ਐਲਨਾਜ਼ ਨੂੰ ਅਗਵਾ ਕਰ ਕੇ ਲਿਜਾਇਆ ਗਿਆ।
ਓ.ਪੀ.ਪੀ. ਨੇ ਕਿਹਾ, ਇਕ ਲੱਖ ਡਾਲਰ ਦੀ ਇਨਾਮੀ ਰਕਮ ਹੁਣ ਵੀ ਕਾਇਮ
ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਇੰਸਪੈਕਟਰ ਜੌਹਨ ਪਾਵਰ ਨੇ ਵੀਡੀਓ ਜਾਰੀ ਕਰਦਿਆਂ ਦੱਸਿਆ ਕਿ ਤਿੰਨ ਸ਼ੱਕੀ ਪੁਲਿਸ ਵਰਦੀ ਵਿਚ ਵਸਾਗਾ ਬੀਚ ਦੇ ਉਸ ਘਰ ਅੰਦਰ ਦਾਖਲ ਹੋਏ ਜਿਥੇ ਐਲਨਾਜ਼ ਹਜਤਾਮੀਰੀ ਲੁਕੀ ਹੋਈ ਸੀ ਕਿਉਂਕਿ ਇਸ ਤੋਂ ਪਹਿਲਾਂ ਉਸ ਉਤੇ ਹਮਲਾ ਹੋ ਚੁੱਕਾ ਸੀ। 2022 ਵਿਚ ਚਿੱਟੇ ਰੰਗ ਦੀ ਲੈਕਸ ਆਰ.ਐਕਸ. ਐਸ.ਯੂ.ਵੀ. ਰਾਹੀਂ ਹਜਤਾਮੀਰੀ ਨੂੰ ਅਗਵਾ ਕਰ ਕੇ ਲਿਜਾਇਆ ਗਿਆ ਅਤੇ ਅੱਜ ਤਿੰਨ ਸਾਲ ਬਾਅਦ ਵੀ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਇਥੇ ਦਸਣਾ ਬਣਦਾ ਹੈ ਕਿ ਐਲਨਾਜ਼ ਦੇ ਸਾਬਕਾ ਪ੍ਰੇਮੀ ਮੁਹੰਮਦ ਲੀਲੋ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕਰ ਦਿਤੇ ਗਏ ਸਨ ਅਤੇ ਇਹ ਕਾਰਵਾਈ ਦਰਸਾਉਂਦੀ ਹੈ ਕਿ ਐਲਨਾਜ਼ ਨੂੰ ਮਰੀ ਹੋਈ ਮੰਨ ਲਿਆ ਗਿਆ। ਇਸ ਮਾਮਲੇ ਵਿਚ ਹੁਣ ਤੱਕ ਰਿਆਸਤ ਸਿੰਘ, ਹਰਸ਼ਦੀਪ ਬਿਨਰ, ਸੁਖਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਸਣੇ ਕਈਆਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ। ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ਾਂ ਤੋਂ ਪਹਿਲਾਂ ਮੁਹੰਮਦ ਲੀਲੋ ਵਿਰੁੱਧ ਇਰਾਦਾ ਕਤਲ ਅਤੇ ਅਗਵਾ ਦੇ ਦੋਸ਼ ਹੀ ਲਾਏ ਗਏ ਸਨ। ਪੁਲਿਸ ਮੁਤਾਬਕ 12 ਜਨਵਰੀ 2022 ਨੂੰ ਵਸਾਗਾ ਬੀਚ ਤੋਂ ਅਗਵਾ ਕੀਤੇ ਜਾਣ ਮਗਰੋਂ 37 ਸਾਲ ਦੀ ਐਲਨਾਜ਼ ਮੁੜ ਕਦੇ ਨਜ਼ਰ ਨਹੀਂ ਆਈ।
ਚਿੱਟੀ ਕਾਰ ਵਿਚ ਆਏ ਸਨ ਵਰਦੀਧਾਰੀ ਸ਼ੱਕੀ
ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੋ ਸ਼ੱਕੀਆਂ ਦੇ ਸਕੈਚ ਜਾਰੀ ਕਰਦਿਆਂ ਇਕ ਲੱਖ ਡਾਲਰ ਦੀ ਇਨਾਮੀ ਰਕਮ ਦਾ ਐਲਾਨ ਵੀ ਕੀਤਾ ਸੀ। ਪੁਲਿਸ ਮੁਤਾਬਕ ਐਲਨਾਜ਼ ਹਜਤਾਮੀਰੀ ਨੂੰ ਵਸਾਗਾ ਬੀਚ ਦੇ ਟ੍ਰੇਲਵੁੱਡ ਪਲੇਸ ਵਿਖੇ ਸਥਿਤ ਉਸ ਦੇ ਰਿਸ਼ਤੇਦਾਰ ਦੇ ਘਰੋਂ ਅਗਵਾ ਕੀਤਾ ਗਿਆ। ਐਲਨਾਜ਼ ਨੂੰ ਅਗਵਾ ਕੀਤੇ ਜਾਣ ਤੋਂ ਇਕ ਮਹੀਨਾ ਪਹਿਲਾਂ ਰਿਚਮੰਡ ਹਿਲ ਦੇ ਅੰਡਰਗ੍ਰਾਊਂਡ ਪਾਰਕਿੰਗ ਲੌਟ ਵਿਚ ਉਸ ਉਤੇ ਫ਼ਰਾਈਂਗ ਪੈਨ ਨਾਲ ਹਮਲਾ ਕੀਤਾ ਗਿਆ ਅਤੇ ਉਸ ਦੇ ਸਿਰ ਵਿਚ 40 ਟਾਂਕੇ ਲੱਗੇ। ਐਲਨਾਜ਼ ਦੀ ਭੈਣ ਆਇਸ਼ਾ ਮੁਤਾਬਕ ਪੁਲਿਸ ਦੇ ਕਹਿਣ ’ਤੇ ਹੀ ਉਹ ਵਸਾਗਾ ਬੀਚ ਰਹਿੰਦੇ ਰਿਸ਼ਤੇਦਾਰ ਦੇ ਘਰ ਗਈ ਸੀ ਕਿਉਂਕਿ ਸਾਬਕਾ ਬੁਆਏ ਫਰੈਂਡ ਕਥਿਤ ਤੌਰ ’ਤੇ ਧਮਕੀਆਂ ਦੇ ਰਿਹਾ ਸੀ।