ਕੈਨੇਡਾ ਦੇ ਮਨਦੀਪ ਕੌਰ ਕਤਲਕਾਂਡ ਵਿਚ ਆਇਆ ਨਵਾਂ ਮੋੜ
ਕੈਨੇਡਾ ਦੇ ਮਨਦੀਪ ਕੌਰ ਕਤਲਕਾਂਡ ਬਾਰੇ ਹੈਰਾਨਕੁੰਨ ਤੱਥ ਉਭਰ ਕੇ ਸਾਹਮਣੇ ਆ ਰਹੇ ਹਨ ਅਤੇ ਪੀੜਤ ਪਰਵਾਰ ਨਾਲ ਸਬੰਧਤ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ 26 ਅਕਤੂਬਰ ਤੋਂ ਪਹਿਲਾਂ 22 ਅਕਤੂਬਰ ਨੂੰ ਵੀ ਮਨਦੀਪ ਕੌਰ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ

By : Upjit Singh
ਡੈਲਟਾ : ਕੈਨੇਡਾ ਦੇ ਮਨਦੀਪ ਕੌਰ ਕਤਲਕਾਂਡ ਬਾਰੇ ਹੈਰਾਨਕੁੰਨ ਤੱਥ ਉਭਰ ਕੇ ਸਾਹਮਣੇ ਆ ਰਹੇ ਹਨ ਅਤੇ ਪੀੜਤ ਪਰਵਾਰ ਨਾਲ ਸਬੰਧਤ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ 26 ਅਕਤੂਬਰ ਤੋਂ ਪਹਿਲਾਂ 22 ਅਕਤੂਬਰ ਨੂੰ ਵੀ ਮਨਦੀਪ ਕੌਰ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸਾਜ਼ਿਸ਼ਘਾੜੇ ਕਾਮਯਾਬ ਨਾ ਹੋ ਸਕੇ। 22 ਅਕਤੂਬਰ ਵਾਲੇ ਹਾਦਸੇ ਦੌਰਾਨ ਮਨਦੀਪ ਕੌਰ ਦੀ ਗੱਡੀ ਨੂੰ ਮਾਮੂਲੀ ਤੌਰ ’ਤੇ ਨੁਕਸਾਨ ਪੁੱਜਾ ਪਰ ਇਹ ਇਕ ਡੂੰਘੀ ਸਾਜ਼ਿਸ਼ ਦਾ ਹਿੱਸਾ ਸੀ। ਦੂਜੇ ਪਾਸੇ ਮਨਦੀਪ ਕੌਰ ਦੇ ਨਵੇਂ ਸੱਸ-ਸਹੁਰਾ 11 ਅਕਤੂਬਰ ਨੂੰ ਹੀ ਕੈਨੇਡਾ ਪੁੱਜੇ ਸਨ ਅਤੇ 26 ਅਕਤੂਬਰ ਨੂੰ ਵਾਰਦਾਤ ਸਾਹਮਣੇ ਆ ਗਈ। ਮਨਦੀਪ ਕੌਰ, ਉਸ ਦਾ ਦੂਜਾ ਪਤੀ ਅਨਮੋਲ ਸਿੰਘ, ਦਿਉਰ ਗੁਰਜੋਤ ਸਿੰਘ ਅਤੇ ਸੱਸ-ਸਹੁਰਾ ਡੈਲਟਾ ਦੇ ਇਕੋ ਮਕਾਨ ਵਿਚ ਰਹਿ ਰਹੇ ਸਨ।
22 ਅਕਤੂਬਰ ਨੂੰ ਵੀ ਜਾਨੋ ਮਾਰਨ ਦਾ ਕੀਤਾ ਗਿਆ ਯਤਨ
ਹੁਣ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਰਕਾਰ ਮਨਦੀਪ ਕੌਰ ਦਾ ਕਤਲ ਕਿਉਂ ਕੀਤਾ ਗਿਆ ਜਦਕਿ ਇਸੇ ਵਰ੍ਹੇ ਦੀ 7 ਮਾਰਚ ਨੂੰ ਅਨਮੋਲ ਸਿੰਘ ਨਾਲ ਉਸ ਦਾ ਵਿਆਹ ਗੱਜ-ਵੱਜ ਕੇ ਹੋਇਆ। ਮੀਡੀਆ ਰਿਪੋਰਟ ਮੁਤਾਬਕ ਕਹਾਣੀ 2018 ਤੋਂ ਸ਼ੁਰੂ ਹੁੰਦੀ ਹੈ ਜਦੋਂ ਮਨਦੀਪ ਕੌਰ ਨੇ ਮਾਪਿਆਂ ਕੋਲ ਵਿਦੇਸ਼ ਜਾਣ ਦੀ ਇੱਛਾ ਜ਼ਾਹਰ ਕੀਤੀ ਪਰ ਪਿਤਾ ਕੋਲ ਐਨੀ ਆਰਥਿਕ ਗੁੰਜਾਇਸ਼ ਨਹੀਂ ਸੀ। ਜਗਦੇਵ ਸਿੰਘ ਨੇ ਬੇਟੀ ਦਾ ਰਿਸ਼ਤਾ ਕਰ ਦਿਤਾ ਅਤੇ ਸਹੁਰੇ ਪਰਵਾਰ ਨੇ ਪੜ੍ਹਾਈ ਦਾ ਖਰਚਾ ਚੁਕਦਿਆਂ ਉਸ ਨੂੰ ਕੈਨੇਡਾ ਭੇਜ ਦਿਤਾ। ਕੈਨੇਡਾ ਪੁੱਜਣ ਮਗਰੋਂ ਮਨਦੀਪ ਕੌਰ ਨੇ ਆਪਣੇ ਪਤੀ ਨੂੰ ਕੈਨੇਡਾ ਸੱਦਿਆ ਅਤੇ ਸੱਸ-ਸਹੁਰਾ ਵੀ ਉਥੇ ਪੁੱਜ ਗਏ ਪਰ ਇਸੇ ਦੌਰਾਨ ਮਨਦੀਪ ਕੌਰ ਦਾ ਤਲਾਕ ਹੋ ਗਿਆ।
ਦੂਜੇ ਵਿਆਹ ਮਗਰੋਂ ਬਣੇ ਸੱਸ-ਸਹੁਰਾ 11 ਅਕਤੂਬਰ ਨੂੰ ਪੁੱਜੇ ਸਨ ਕੈਨੇਡਾ
ਇਸ ਮਗਰੋਂ ਮਨਦੀਪ ਕੌਰ ਨੇ ਆਪਣੇ ਭਰਾ ਹੈਰੀ ਨੂੰ ਸਟੱਡੀ ਵੀਜ਼ਾ ’ਤੇ ਕੈਨੇਡਾ ਸੱਦ ਲਿਆ ਅਤੇ ਕੁਝ ਸਮੇਂ ਬਾਅਦ ਪਿਤਾ ਜਗਦੇਵ ਸਿੰਘ ਵਰਕ ਪਰਮਿਟ ’ਤੇ ਕੈਨੇਡਾ ਪੁੱਜ ਗਏ। ਮਨਦੀਪ ਕੌਰ ਦੇ ਪਿੰਡ ਗੁੱਜਰਵਾਲ ਨਾਲ ਸਬੰਧਤ ਰਿਸ਼ਤੇਦਾਰਾਂ ਮੁਤਾਬਕ ਕੈਨੇਡਾ ਵਿਚ ਨੌਕਰੀ ਦੌਰਾਨ ਉਸ ਦੀ ਮੁਲਾਕਾਤ ਅਨਮੋਲ ਸਿੰਘ ਨਾਲ ਹੋਈ। ਅਨਮੋਲ ਸਿੰਘ ਸਿੱਧਵਾਂ ਬੇਟ ਦੇ ਪਿੰਡ ਲੋਧੀਵਾਲ ਨਾਲ ਸਬੰਧਤ ਹੈ। ਦੋਹਾਂ ਨੇ ਪਹਿਲਾਂ ਲੁਧਿਆਣਾ ਵਿਖੇ ਮੰਗਣੀ ਕਰਨ ਦੀ ਯੋਜਨਾ ਬਣਾਈ ਗਈ ਪਰ ਇਸੇ ਦੌਰਾਨ ਵਿਆਹ ਦਾ ਪ੍ਰੋਗਰਾਮ ਬਣ ਗਿਆ। ਵਿਆਹ ਤੋਂ 15 ਦਿਨ ਦੋਵੇਂ ਕੈਨੇਡਾ ਵਾਪਸ ਆ ਗਏ ਅਤੇ ਨਾਲ ਹੀ ਗੁਰਜੋਤ ਸਿੰਘ ਵੀ ਪੁੱਜ ਗਿਆ। ਵਿਆਹ ਮਗਰੋਂ ਮਨਦੀਪ ਕੌਰ ਬਹੁਤ ਖੁਸ਼ ਸੀ ਅਤੇ ਦੋਹਾਂ ਪਰਵਾਰਾਂ ਵਿਚ ਵੀ ਖੁਸ਼ੀ ਦਾ ਮਾਹੌਲ ਨਜ਼ਰ ਆਇਆ ਪਰ ਅਚਨਚੇਤ ਵਾਪਰੇ ਘਟਨਾਕ੍ਰਮ ਨੇ ਸਭ ਕੁਝ ਖੇਰੂੰ-ਖੇਰੂੰ ਕਰ ਦਿਤਾ।


